TarnTaran Encounter : ਤਰਨਤਾਰਨ 'ਚ ਪੰਜਾਬ ਪੁਲਿਸ ਤੇ ਗੈਂਗਸਟਰ ਵਿਚਾਲੇ ਮੁੱਠਭੇੜ, ਜਵਾਬੀ ਗੋਲੀਬਾਰੀ 'ਚ ਢੇਰ ਹੋਇਆ ਹਰਨੂਰ ਸਿੰਘ
TarnTaran Encounter : ਭਿੱਖੀਵਿੰਡ ਦੇ ਪੂਹਲਾ ਨੇੜੇ ਪੁਲਿਸ ਅਤੇ ਗੈਂਗਸਟਰ ਵਿਚਕਾਰ ਹੋਏ ਪੁਲਿਸ ਮੁਕਾਬਲੇ ਵਿੱਚ ਇੱਕ ਗੈਂਗਸਟਰ ਦੇ ਹਲਾਕ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਮਾਰਿਆ ਗਿਆ ਗੈਂਗਸਟਰ ਵਿਦੇਸ਼ ਬੈਠੇ ਪ੍ਰਭ ਦਾਸੂਵਾਲ ਦਾ ਗੁਰਗਾ ਸੀ ਅਤੇ ਉਸ ਨੇ ਅੰਮ੍ਰਿਤਸਰ 'ਚ ਸਰਪੰਚ ਜਰਮਲ ਸਿੰਘ (Amritsar Sarpanch Murder Case) ਦੇ ਕਤਲ ਮਾਮਲੇ ਦੇ ਮੁਲਜ਼ਮਾਂ ਦੀ ਸਹਾਇਤਾ ਕੀਤੀ ਸੀ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਏਜੀ ਟੀਐਫ ਅਤੇ ਸੀਆਈਏ ਤਰਨ ਤਾਰਨ ਦੇ ਸਾਂਝੀ ਆਪਰੇਸ਼ਨ ਦੌਰਾਨ ਸੁਰ ਸਿੰਘ ਤੋਂ ਪੂਹਲਾ ਨੂੰ ਆ ਰਹੇ ਸ਼ੱਕੀ ਵਿਅਕਤੀ ਨੂੰ ਪੁਲਿਸ ਪਾਰਟੀ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਇਸ ਦੌਰਾਨ ਉਕਤ ਵਿਅਕਤੀ ਵੱਲੋਂ ਰੁਕਣ ਦੀ ਬਜਾਏ ਪੁਲਿਸ ਪਾਰਟੀ ਉੱਪਰ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ ਸੀ, ਜਿਸ ਵਿੱਚ ਉਕਤ ਗੈਂਗਸਟਰ ਵੱਲੋਂ ਚਲਾਈ ਗਈ ਗੋਲੀ ਪੁਲਿਸ ਪਾਰਟੀ ਦੇ ਇੱਕ ਜਵਾਨ ਦੇ ਲੱਗੀ ਪ੍ਰੰਤੂ ਬੁਲਟ ਪ੍ਰੂਫ ਜੈਕਟ ਪਾਈ ਹੋਣ ਕਰਕੇ ਮੁਲਾਜ਼ਮ ਦਾ ਬਚਾਅ ਹੋ ਗਿਆ। ਪਰੰਤੂ ਪੁਲਿਸ ਪਾਰਟੀ ਵੱਲੋਂ ਜਵਾਬੀ ਰੂਪ ਵਿੱਚ ਕੀਤੀ ਗਈ ਫਾਇਰਿੰਗ ਤੋਂ ਬਾਅਦ ਉਕਤ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਨਜ਼ਦੀਕੀ ਸਿਵਿਲ ਹਸਪਤਾਲ ਲਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ ਹੈ।
ਮ੍ਰਿਤਕ ਗੈਂਗਸਟਰ ਦੀ ਪਹਿਚਾਣ ਹਰਨੂਰ ਸਿੰਘ ਉਰਫ ਨੂਰ ਵਾਸੀ ਕੱਥੂਨੰਗਲ ਵਜੋਂ ਹੋਈ ਹੈ, ਜੋ ਕਿ ਅਫਰੀਦੀ ਅਤੇ ਪ੍ਰਭ ਦਾਸੂਵਾਲ ਦਾ ਕਰੀਬੀ ਗੁਰਗਾ ਸੀ। ਮੌਕੇ 'ਤੇ ਪਹੁੰਚੇ ਡੀਆਈਜੀ ਸਨੇਹਦੀਪ ਸ਼ਰਮਾ ਨੇ ਮੀਡੀਆ ਨੂੰ ਦੱਸਿਆ ਕਿ ਬਲਟੋਹਾ ਦੇ ਸਰਪੰਚ ਜਰਮਲ ਸਿੰਘ ਦੀ ਰੈਕੀ ਕਰਕੇ ਉਸਨੂੰ ਮੌਤ ਦੇ ਘਾਟ ਉਤਾਰਨ ਵਾਲੇ ਗੈਂਗਸਟਰ ਅਫਰੀਦੀ ਅਤੇ ਪ੍ਰਭ ਦਾਸੂਵਾਲ ਦਾ ਗੁਰਗਾ ਦੱਸਿਆ ਜਾ ਰਿਹਾ ਹੈ, ਜਿਸ ਨੂੰ ਅੱਜ ਏਜੀਟੀਐਫ ਅਤੇ ਸੀਆਈਏ ਸਟਾਫ ਤਰਨ ਤਾਰਨ ਵੱਲੋਂ ਸਾਂਝੇ ਸਰਚ ਆਪਰੇਸ਼ਨ ਦੌਰਾਨ ਪੁਲਿਸ ਮੁਕਾਬਲੇ ਵਿੱਚ ਹਲਾਕ ਕਰ ਦਿੱਤਾ ਗਿਆ ਹੈ।
- PTC NEWS