ਬਠਿੰਡਾ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਹੁੰਗਾਰਾ, MP ਹਰਸਿਮਰਤ ਕੌਰ ਬਾਦਲ ਨੇ ਵੱਡੀ ਗਿਣਤੀ ਨੌਜਵਾਨਾਂ ਨੂੰ ਪਾਰਟੀ 'ਚ ਕਰਵਾਈ ਸ਼ਮੂਲੀਅਤ
Bathinda News : ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੂੰ ਬਠਿੰਡਾ ਵਿੱਚ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ, ਜਦੋਂ ਵੱਡੀ ਗਿਣਤੀ ਨੌਜਵਾਨਾਂ ਨੇ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਨ੍ਹਾਂ ਨੌਜਵਾਨਾਂ ਨੂੰ ਸਾਂਸਦ ਹਰਸਿਮਰਤ ਕੌਰ ਬਾਦਲ (MP Harsimrat Kaur Badal) ਨੇ ਪਾਰਟੀ ਮਫਲਰ ਪਾ ਕੇ ਪਾਰਟੀ ਵਿੱਚ ਸ਼ਾਮਲ ਹੋਣ 'ਤੇ ਸਵਾਗਤ ਕੀਤਾ।
ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਮੰਗਲਵਾਰ ਬਠਿੰਡਾ ਸ਼ਹਿਰੀ ਦੌਰੇ 'ਤੇ ਰਹੇ, ਜਿਨਾਂ ਨੇ ਆਪਣੇ ਦਫਤਰ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਦਾ ਮੌਕੇ 'ਤੇ ਹੱਲ ਵੀ ਕਰਵਾਇਆ। ਇਸ ਮੌਕੇ ਬਠਿੰਡਾ ਸ਼ਹਿਰੀ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਅਕਾਲੀ ਦਲ ਵਿੱਚ ਸ਼ਾਮਿਲ ਹੋਏ, ਜਿਨਾਂ ਨੂੰ ਹਰਸਿਮਰਤ ਕੌਰ ਬਾਦਲ ਨੇ ਪਾਰਟੀ ਦੇ ਮਫਲਰ ਪਾ ਕੇ ਪਾਰਟੀ ਵਿੱਚ ਸ਼ਾਮਿਲ ਕੀਤਾ ਅਤੇ ਪਾਰਟੀ ਵਿੱਚ ਪੂਰਾ ਮਾਨ-ਸਨਮਾਨ ਦੇਣ ਦਾ ਵਾਅਦਾ ਕੀਤਾ।
ਆਮ ਆਦਮੀ ਪਾਰਟੀ ਨੇ 4 ਸਾਲਾਂ 'ਚ ਪੰਜਾਬ 'ਚ ਦਹਿਸ਼ਤ ਵਾਲਾ ਮਾਹੌਲ ਪੈਦਾ ਕੀਤਾ : ਸਾਂਸਦ
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ। ਚਾਰ ਸਾਲਾਂ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਅਜਿਹਾ ਮਾਹੌਲ ਬਣਾ ਦਿੱਤਾ ਹੈ ਕਿ ਜਿੱਥੇ ਆਮ ਲੋਕਾਂ ਦਾ ਕਤਲ ਹੋ ਰਿਹਾ ਸੀ ਤੇ ਹੁਣ ਸੇਕ ਆਮ ਆਦਮੀ ਪਾਰਟੀ ਦੇ ਘਰ ਤੱਕ ਪਹੁੰਚ ਗਿਆ ਹੈ, ਉਹਨਾਂ ਕਿਹਾ ਕਿ ਪੰਜਾਬ ਵਿੱਚ ਨਾ ਤਾਂ ਆਮ ਲੋਕ ਨਾ ਵਿਧਾਇਕਾਂ ਅਤੇ ਮੰਤਰੀਆਂ ਦੇ ਰਿਸ਼ਤੇਦਾਰ ਸੁਰੱਖਿਤ ਹਨ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਹਰ ਮਹੀਨੇ ਸਰਕਾਰ ਹਜ਼ਾਰਾਂ ਕਰੋੜਾਂ ਰੁਪਏ ਦਾ ਕਰਜ਼ਾ ਚੁੱਕ ਰਹੀ ਹੈ ਪਰ ਬਜ਼ੁਰਗਾਂ ਨੂੰ ਪਿਛਲੇ ਦੋ ਤਿੰਨ ਮਹੀਨੇ ਤੋਂ ਪੈਨਸ਼ਨ ਨਹੀਂ ਦਿੱਤੀ ਉਹਨਾਂ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੈਨਸ਼ਨ ਸਕੀਮ ਤਾਂ ਸ਼ੁਰੂ ਕੀਤੀ ਸੀ ਕਿ ਕਿਸੇ ਵੀ ਬਜ਼ੁਰਗ ਨੂੰ ਆਪਣੇ ਦਵਾਈ ਜਾਂ ਹੋਰ ਖਰਚਿਆਂ ਲਈ ਆਪਣੇ ਬੱਚਿਆਂ ਅੱਗੇ ਹੱਥ ਨਾ ਫੈਲਾਉਣਾ ਪਵੇ, ਸਰਕਾਰ ਕਹਿੰਦੀ ਸੀ ਕਿ 2500 ਮਹੀਨਾ ਪੈਨਸ਼ਨ ਕਰਾਂਗੇ ਪਰ ਪਹਿਲਾਂ ਤੋਂ ਮਿਲ ਰਹੀ ਪੈਨਸ਼ਨ ਵੀ ਤਿੰਨ-ਤਿੰਨ ਚਾਰ ਚਾਰ ਮਹੀਨੇ ਨਹੀਂ ਮਿਲ ਰਹੀ।
ਉਨ੍ਹਾਂ ਕਿਹਾ ਕਿ ਹੁਣ ਨਰੇਗਾ ਦਾ ਕੰਮ ਵੀ ਮਜ਼ਦੂਰਾਂ ਦੇ ਹੱਥੋਂ ਨਿਕਲ ਰਿਹਾ ਹੈ ਕਿਉਂਕਿ ਜਦੋਂ ਕੇਂਦਰ ਸਰਕਾਰ 10% ਹਿੱਸਾ ਪਵਾਉਂਦੀ ਸੀ ਤਾਂ ਆਪ ਸਰਕਾਰ ਨੂੰ ਉਹ ਭਰਨਾ ਵੀ ਔਖਾ ਸੀ ਪਰ ਹੁਣ 40% ਕਰਨ ਤੇ ਆਪ ਸਰਕਾਰ ਤਾਂ ਹੱਥ ਹੀ ਖੜੇ ਕਰ ਦੇਵੇ, ਜਿਸ ਕਰਕੇ ਗਰੀਬ ਦਾ ਨਰੇਗਾ ਦਾ ਸਾਧਨ ਵੀ ਪੂਰੀ ਤਰਹਾਂ ਬੰਦ ਹੋ ਚੁੱਕਿਆ, ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਤੋਂ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਅਜਿਹੀ ਪਾਰਟੀ ਦੀ ਸਰਕਾਰ ਬਣਾਉਣੀ ਹੈ ਚਾਹੀਦੀ ਹੈ, ਜਿਨਾਂ ਨੇ ਕਦੇ ਝੂਠ ਨਹੀਂ ਬੋਲਿਆ ਤੇ ਪੰਜਾਬ ਨੂੰ ਅਮਨ-ਸ਼ਾਂਤੀ ਤੇ ਤਰੱਕੀ ਵੱਲ ਵਧਾਇਆ ਹੈ।
- PTC NEWS