ਕਥਿੱਤ ਨਿਹੰਗਾਂ ਅਤੇ ਇਸਾਈ ਭਾਈਚਾਰੇ 'ਚ ਝੜੱਪ 'ਤੇ ਪੁਲਿਸ ਦਾ ਬਿਆਨ, SSP ਨੇ ਕਹੀ ਇਹ ਗੱਲ...

ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਕਥਿੱਤ ਪ੍ਰਦਰਸ਼ਨਕਾਰੀਆਂ ਦਾ ਮਨੋਰਥ ਅਤੇ ਪਛਾਣ ਅਣਜਾਣ ਹੈ ਅਤੇ ਇਹ ਅਸਪਸ਼ਟ ਹੈ ਕਿ ਉਹ ਨਿਹੰਗ ਸਨ ਜਾਂ ਨਿਹੰਗ ਪਹਿਰਾਵੇ ਵਿੱਚ ਬਦਮਾਸ਼ ਸਨ। ਹਮਲਾਵਰ ਤਲਵਾਰਾਂ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ।

By  Jasmeet Singh May 22nd 2023 12:48 PM

ਅੰਮ੍ਰਿਤਸਰ: ਬੀਤੇ ਕੱਲ੍ਹ (21 ਮਈ) ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਰਾਜੇਵਾਲ ਵਿੱਚ ਸਿੱਖਪਾਲ ਰਾਣਾ ਮਿਨਿਸਟ੍ਰੀਜ਼ ਚਰਚ ਦੇ ਨੇੜੇ ਕਥਿੱਤ ਨਿਹੰਗਾਂ ਦੇ ਬਾਣੇ 'ਚ ਇੱਕ ਸਮੂਹ ਨੇ ਧਰਮ ਪਰਿਵਰਤਨ ਵਿਰੁੱਧ ਅੰਦੋਲਨ ਕੀਤਾ। ਇਸ ਹੰਗਾਮੇ ਅਤੇ ਉਸ ਮਗਰੋਂ ਹੋਈ ਝੜਪ ਵਿੱਚ ਦੋ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ।

ਨਿਹੰਗ ਪਹਿਰਾਵੇ ਵਿੱਚ ਬਦਮਾਸ਼?
ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਕਥਿੱਤ ਪ੍ਰਦਰਸ਼ਨਕਾਰੀਆਂ ਦਾ ਮਨੋਰਥ ਅਤੇ ਪਛਾਣ ਅਣਜਾਣ ਹੈ ਅਤੇ ਇਹ ਅਸਪਸ਼ਟ ਹੈ ਕਿ ਉਹ ਨਿਹੰਗ ਸਨ ਜਾਂ ਨਿਹੰਗ ਪਹਿਰਾਵੇ ਵਿੱਚ ਬਦਮਾਸ਼ ਸਨ। ਹਮਲਾਵਰ ਤਲਵਾਰਾਂ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ।

ਕਥਿੱਤ ਨਿਹੰਗਾਂ ਨੇ ਚਰਚ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਉਨ੍ਹਾਂ 'ਤੇ ਜ਼ਬਰਦਸਤੀ ਧਰਮ ਪਰਿਵਰਤਨ ਦਾ ਦੋਸ਼ ਵੀ ਲਗਾਇਆ। ਕੁਝ ਚਸ਼ਮਦੀਦਾਂ ਨੇ ਦਾਅਵਾ ਕੀਤਾ ਕਿ ਹਮਲੇ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਭੱਜਣ ਸਮੇਂ ਉਨ੍ਹਾਂ ਨੇ ਚਰਚ ਦੇ ਬਾਹਰ ਖੜ੍ਹੇ ਵਾਹਨਾਂ ਦੀ ਭੰਨਤੋੜ ਵੀ ਕੀਤੀ।


ਇਸਾਈ ਭਾਈਚਾਰੇ ਵਲੋਂ ਧਰਨਾ
ਇਸ ਹਮਲੇ ਦੇ ਜਵਾਬ ਵਿੱਚ ਇਸਾਈ ਭਾਈਚਾਰੇ ਨੇ ਜੰਡਿਆਲਾ ਗੁਰੂ-ਤਰਨਤਾਰਨ ਰੋਡ ’ਤੇ ਦੋ ਘੰਟੇ ਤੱਕ ਧਰਨਾ ਦੇ ਕੇ ਆਵਾਜਾਈ ਠੱਪ ਕੀਤੀ। ਦੱਸ ਦੇਈਏ ਕਿ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

SSP ਅੰਮ੍ਰਿਤਸਰ ਦਿਹਾਤੀ ਦਾ ਬਿਆਨ 
ਅੰਮ੍ਰਿਤਸਰ ਦਿਹਾਤੀ ਦੇ ਐਸ.ਐਸ.ਪੀ. ਸਤਿੰਦਰ ਸਿੰਘ, ਐਸ.ਪੀ. ਜੁਗਰਾਜ ਸਿੰਘ ਅਤੇ ਨੇੜਲੇ ਥਾਣੇ ਦੇ ਪੁਲਿਸ ਮੁਲਾਜ਼ਮ ਅਮਨ-ਕਾਨੂੰਨ ਦੀ ਸਥਿਤੀ ’ਤੇ ਕਾਬੂ ਪਾਉਣ ਲਈ ਤੁਰੰਤ ਮੌਕੇ ’ਤੇ ਪਹੁੰਚ ਗਏ ਸਨ। ਐਸ.ਐਸ.ਪੀ ਸਤਿੰਦਰ ਸਿੰਘ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਮਾਮਲੇ ਵਿੱਚ ਐਫ.ਆਈ.ਆਰ ਦਰਜ ਕਰ ਲਈ ਗਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਕਥਿੱਤ ਨਿਹੰਗਾਂ ਨੇ ਚਰਚ ਦੇ ਸਮਰਥਕਾਂ 'ਤੇ ਹਮਲਾ ਕੀਤਾ ਤਾਂ ਉਨ੍ਹਾਂ 'ਤੇ ਪਥਰਾਅ ਕਰਕੇ ਜਵਾਬੀ ਕਾਰਵਾਈ ਕੀਤੀ ਗਈ। ਹਾਲਾਂਕਿ ਨਿਹੰਗ ਸਮੂਹਾਂ ਨੇ ਹਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਅਜਿਹੇ ਹਮਲਿਆਂ ਦੌਰਾਨ ਨਿਹੰਗ ਪਹਿਰਾਵੇ ਦੀ ਵਰਤੋਂ 'ਤੇ ਇਤਰਾਜ਼ ਵੀ ਉਠਾਇਆ ਹੈ।


ਮੁੱਖ ਮੰਤਰੀ ਕੋਲ ਲੈਕੇ ਜਾਵਾਂਗੇ ਮਾਮਲਾ - ਇਸਾਈ ਭਾਈਚਾਰਾ
ਇਸ ਦੌਰਾਨ ਇਸਾਈ ਸਮੂਹਾਂ ਨੇ ਕਿਹਾ ਹੈ ਕਿ ਉਹ ਇਹ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਕੋਲ ਲੈ ਕੇ ਜਾਣਗੇ। ਉਨ੍ਹਾਂ ਹਮਲਾਵਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸਾਈ ਸਮੂਹਾਂ ਨੇ ਪ੍ਰਸ਼ਾਸਨ ਅਤੇ ਪੁਲਿਸ ਨੂੰ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ 295ਏ ਅਤੇ 307 ਦੇ ਤਹਿਤ ਐਫ.ਆਈ.ਆਰ ਦਰਜ ਕਰਨ ਅਤੇ ਇਸ ਮਾਮਲੇ ਨੂੰ ਉਸੇ ਤਰ੍ਹਾਂ ਨਜਿੱਠਣ ਲਈ ਕਿਹਾ ਹੈ ਜਿਸ ਤਰ੍ਹਾਂ ਪੁਲਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਨਜਿੱਠਦੀ ਹੈ।

ਪੰਜਾਬ ਘੱਟ ਗਿਣਤੀ ਕਮਿਸ਼ਨ ਸੁਭਾਸ਼ ਥੋਬਾ ਵੀ ਆਪਣੀ ਟੀਮ ਨਾਲ ਸਥਿਤੀ ਦਾ ਜਾਇਜ਼ਾ ਲੈਣ ਪਿੰਡ ਪੁੱਜੇ। ਉਨ੍ਹਾਂ ਇੱਕ ਬਿਆਨ ਵਿੱਚ ਕਿਹਾ ਕਿ ਚਸ਼ਮਦੀਦ ਗਵਾਹਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਲਗਭਗ 25 ਨਿਹੰਗਾਂ ਨੇ ਸੰਗਤ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਸੀ। ਉਹ ਐਤਵਾਰ ਨੂੰ ਚਰਚ ਦੇ ਬਾਹਰ ਇਕੱਠੇ ਹੋਏ ਅਤੇ ਉਨ੍ਹਾਂ 'ਤੇ ਜ਼ਬਰਦਸਤੀ ਧਰਮ ਪਰਿਵਰਤਨ ਦਾ ਦੋਸ਼ ਲਗਾਇਆ।

ਪਹਿਲੀ ਵਾਰ ਨਹੀਂ ਲੱਗੇ ਧਰਮ ਪਰਿਵਰਤਨ ਦੇ ਇਲਜ਼ਾਮ 
ਨਿਹੰਗ ਸਮੂਹਾਂ ਅਤੇ ਐਸ.ਜੀ.ਪੀ.ਸੀ. ਨੇ ਪਹਿਲਾਂ ਵੀ ਪੰਜਾਬ ਦੀਆਂ ਇਸਾਈ ਜਥੇਬੰਦੀਆਂ 'ਤੇ ਜ਼ਬਰਦਸਤੀ ਧਰਮ ਪਰਿਵਰਤਨ ਦੇ ਦੋਸ਼ ਲਾਏ ਸਨ। 2021 ਵਿੱਚ ਐਸ.ਜੀ.ਪੀ.ਸੀ. ਨੇ ਰਾਜ ਭਰ ਵਿੱਚ ਹੋ ਰਹੇ ਧਰਮ ਪਰਿਵਰਤਨ ਨੂੰ ਰੋਕਣ ਲਈ ਘਰ-ਘਰ ਜਾ ਕੇ ਮੁਹਿੰਮ ਸ਼ੁਰੂ ਕੀਤੀ ਸੀ।

ਪਹਿਲਾਂ ਭਗਵੰਤ ਮਾਨ ਹੈਰੀਟੇਜ ਸਟ੍ਰੀਟ ’ਤੇ ਆਪਣੇ ਪ੍ਰਚਾਰ ਦੇ ਲਾਈਵ ਪ੍ਰਸਾਰਣ ਨੂੰ ਬੰਦ ਕਰਵਾਉਣ: ਅਕਾਲੀ ਦਲ

ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਇੱਕ ਪ੍ਰਵਾਸੀ ਵਿਅਕਤੀ ਕੋਲੋਂ ਨਸ਼ੀਲਾ ਪਦਾਰਥ ਬਰਾਮਦ

Related Post