Punjab YouTuber Jasbir arrest : ਜਯੋਤੀ ਮਲਹੋਤਰਾ ਤੋਂ ਬਾਅਦ ਪੰਜਾਬ 'ਚ ਇੱਕ ਹੋਰ ਯੂਟਿਊਬਰ ਜਾਸੂਸੀ ਦੇ ਆਰੋਪ ਵਿੱਚ ਗ੍ਰਿਫ਼ਤਾਰ ,ਪਾਕਿਸਤਾਨ ਨੂੰ ਦਿੰਦਾ ਸੀ ਖੁਫੀਆ ਜਾਣਕਾਰੀ
Punjab YouTuber Jasbir arrest : ਪੰਜਾਬ ਪੁਲਿਸ ਨੇ ਪਿਛਲੇ 24 ਘੰਟਿਆਂ ਵਿੱਚ ਦੂਜੀ ਵੱਡੀ ਕਾਰਵਾਈ ਵਿੱਚ ਇੱਕ ਹੋਰ ਪਾਕਿਸਤਾਨੀ ਜਾਸੂਸ ਨੂੰ ਗ੍ਰਿਫ਼ਤਾਰ ਕੀਤਾ ਹੈ। ਆਰੋਪੀ ਇੱਕ ਯੂਟਿਊਬਰ ਹੈ। ਗ੍ਰਿਫ਼ਤਾਰੀ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਡੀਜੀਪੀ ਨੇ ਕਿਹਾ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਨੇ ਰੂਪਨਗਰ ਦੇ ਪਿੰਡ ਮਹਾਲ ਦੇ ਵਸਨੀਕ ਜਸਬੀਰ ਸਿੰਘ ਨੂੰ ਮੋਹਾਲੀ ਤੋਂ ਗ੍ਰਿਫ਼ਤਾਰ ਕੀਤਾ ਹੈ।
ਜਸਬੀਰ ਸਿੰਘ ਯੂਟਿਊਬ 'ਤੇ ਜਾਨ ਮਹਿਲ ਨਾਮ ਦਾ ਇੱਕ ਚੈਨਲ ਚਲਾਉਂਦਾ ਹੈ। ਉਸਦਾ ਸਬੰਧ ਪੀਆਈਓ ਸ਼ਾਕਿਰ ਉਰਫ਼ ਜੱਟ ਰੰਧਾਵਾ ਨਾਲ ਸਾਹਮਣੇ ਆਇਆ ਹੈ। ਆਰੋਪੀ ਇੱਕ ਅੱਤਵਾਦੀ-ਸਮਰਥਿਤ ਜਾਸੂਸੀ ਨੈੱਟਵਰਕ ਦਾ ਹਿੱਸਾ ਹੈ। ਉਸਨੇ ਯੂਟਿਊਬਰ ਜਯੋਤੀ ਮਲਹੋਤਰਾ (ਜਾਸੂਸੀ ਲਈ ਗ੍ਰਿਫ਼ਤਾਰ) ਅਤੇ ਹਰਿਆਣਾ ਵਿੱਚ ਮੌਜੂਦ ਪਾਕਿਸਤਾਨੀ ਨਾਗਰਿਕ ਅਤੇ ਪਾਕਿ ਹਾਈ ਕਮਿਸ਼ਨ ਦੇ ਅਧਿਕਾਰੀ ਅਹਿਸਾਨ-ਉਰ-ਰਹੀਮ ਉਰਫ਼ ਦਾਨਿਸ਼ ਨਾਲ ਵੀ ਸੰਪਰਕ ਬਣਾਈ ਰੱਖਿਆ ਸੀ।
ਜਯੋਤੀ ਮਲਹੋਤਰਾ ਦੇ ਸੰਪਰਕ ਵਿੱਚ ਸੀ ਆਰੋਪੀ
ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਹਾਲ ਹੀ ਵਿੱਚ ਹਰਿਆਣਾ ਦੇ ਹਿਸਾਰ ਤੋਂ ਗ੍ਰਿਫ਼ਤਾਰ ਜਯੋਤੀ ਮਲਹੋਤਰਾ ਤੋਂ ਪੁੱਛਗਿੱਛ ਦੌਰਾਨ ਮੁਲਜ਼ਮ ਜਸਵੀਰ ਦਾ ਨਾਮ ਸਾਹਮਣੇ ਆਇਆ ਸੀ। ਇਹ ਆਰੋਪੀ ਜਯੋਤੀ ਮਲਹੋਤਰਾ ਨਾਲ ਜੁੜਿਆ ਹੋਇਆ ਸੀ। ਉਨ੍ਹਾਂ ਨੇ ਕਈ ਵਾਰ ਇੱਕ ਦੂਜੇ ਨਾਲ ਗੱਲ ਵੀ ਕੀਤੀ ਹੈ।
ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਜੋਤੀ ਮਲਹੋਤਰਾ ਰਾਹੀਂ ਆਰੋਪੀ ਜਸਵੀਰ ਪਾਕਿਸਤਾਨ ਤੋਂ ਕੱਢੇ ਗਏ ਪਾਕਿਸਤਾਨੀ ਹਾਈ ਕਮਿਸ਼ਨ ਦੇ ਅਧਿਕਾਰੀ ਅਹਿਸਾਨ ਉਰ ਰਹੀਮ ਉਰਫ਼ ਦਾਨਿਸ਼ ਦੇ ਸੰਪਰਕ ਵਿੱਚ ਆਇਆ ਸੀ। ਮੁੱਢਲੀ ਜਾਂਚ ਵਿੱਚ ਪੁਲਿਸ ਨੂੰ ਦੋਸ਼ੀ ਦੇ ਮੋਬਾਈਲ ਤੋਂ ਕੁਝ ਇਤਰਾਜ਼ਯੋਗ ਫੋਟੋਆਂ ਅਤੇ ਵੀਡੀਓ ਮਿਲੇ ਹਨ। ਇਸ ਦੇ ਨਾਲ ਹੀ ਉਸਦੇ ਫੋਨ ਵਿੱਚੋਂ ਕੁਝ ਪਾਕਿਸਤਾਨੀ ਖੁਫੀਆ ਏਜੰਸੀ ਦੇ ਲੋਕਾਂ ਦੇ ਨੰਬਰ ਵੀ ਮਿਲੇ ਹਨ। ਉਸਨੇ ਇਹ ਨੰਬਰ ਵੱਖ-ਵੱਖ ਨਾਵਾਂ ਹੇਠ ਸੇਵ ਕੀਤੇ ਸਨ।
ਅਦਾਲਤ ਨੇ ਜਸਬੀਰ ਸਿੰਘ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ਭੇਜਿਆ
ਪਾਕਿਸਤਾਨ ਲਈ ਜਾਸੂਸੀ ਕਰਨ ਦੇ ਇਲਜ਼ਾਮਾਂ ਹੇਠ ਰੂਪਨਗਰ ਤੋਂ ਗਿ੍ਫ਼ਤਾਰ ਕੀਤੇ ਗਏ ਯੂ-ਟਿਊਬਰ ਜਸਬੀਰ ਸਿੰਘ ਨੂੰ ਅੱਜ ਸਟੇਟ ਸਪੈਸ਼ਲ ਸੈੱਲ ਵਲੋਂ ਮੁਹਾਲੀ ਅਦਾਲਤ ਵਿਖੇ ਪੇਸ਼ ਕੀਤਾ ਗਿਆ। ਇਸ ਮੌਕੇ ਪੁਲਿਸ ਅਧਿਕਾਰੀਆਂ ਵਲੋਂ ਉਸ ਦਾ 7 ਦਿਨਾਂ ਦਾ ਰਿਮਾਂਡ ਮੰਗਿਆ ਗਿਆ, ਜਿਸ ’ਤੇ ਅਦਾਲਤ ਨੇ ਤਿੰਨਾਂ ਦੇ ਪੁਲਿਸ ਰਿਮਾਂਡ ’ਤੇ ਉਸ ਨੂੰ ਭੇਜ ਦਿੱਤਾ ਹੈ।
- PTC NEWS