PTC News
Search
🔍 Search

Karwa Chauth ਤੇ ਤੂਫ਼ਾਨ ਅਰਨਬ ਤੇ ਬੱਦਲਵਾਈ ਦਾ ਸਕੰਟ, ਔਰਤਾਂ ਲਈ ਚੰਦਰਮਾ ਦਿਖਣ ਦੀ ਚਿੰਤਾ ਵਧੀ, ਪੀਲਾ ਅਲਰਟ ਜਾਰੀ

ਪ੍ਰਮੁੱਖ ਸ਼ਹਿਰਾਂ ਵਿੱਚ ਚੰਨ ਦਿਖਾਈ ਦੇਣ ਦਾ ਸੰਭਾਵੀ ਸਮਾਂ ਰਹੇਗਾ ਵੱਖੋ-ਵੱਖਰਾ

By  Jaswinder Kaur October 29th 2026 11:26 AM

Storm Arnab and cloudy spell on Karwa Chauth :  ਇਸ ਵਾਰ ਕਰਵਾ ਚੌਥ ਦੇ ਸ਼ੁਭ ਮੌਕੇ 'ਤੇ ਵਿਆਹੀਆਂ ਔਰਤਾਂ ਦੀ ਉਡੀਕ ਸਿਰਫ਼ ਭੁੱਖ ਅਤੇ ਪਿਆਸ ਦੁਆਰਾ ਹੀ ਨਹੀਂ, ਸਗੋਂ ਮੌਸਮ ਦੁਆਰਾ ਵੀ ਪਰਖੀ ਜਾਵੇਗੀ। ਚੱਕਰਵਾਤ ਅਰਨਬ ਅਤੇ ਪੱਛਮੀ ਗੜਬੜ ਦੇ ਸੰਯੁਕਤ ਪ੍ਰਭਾਵਾਂ ਨੇ ਦਿੱਲੀ-ਐਨਸੀਆਰ, ਹਰਿਆਣਾ, ਪੰਜਾਬ, ਯੂਪੀ ਸਮੇਤ ਹੋਰ ਕਈ ਥਾਵਾਂ 'ਤੇ ਮੌਸਮ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਵੀਰਵਾਰ ਸਵੇਰ ਤੋਂ ਹੀ ਅਸਮਾਨ ਵਿੱਚ ਕਾਲੇ ਬੱਦਲ ਛਾਏ ਹੋਏ ਹਨ ਅਤੇ ਕਈ ਥਾਵਾਂ 'ਤੇ ਬੂੰਦਾਬਾਂਦੀ ਵੀ ਸ਼ੁਰੂ ਹੋ ਚੁੱਕੀ ਹੈ। ਵਰਤ ਰੱਖਣ ਵਾਲੀਆਂ ਔਰਤਾਂ ਦੇ ਮਨਾਂ ਵਿੱਚ ਉੱਠਣ ਵਾਲਾ ਸਭ ਤੋਂ ਵੱਡਾ ਸਵਾਲ ਇਹ ਹੈ , ਕੀ ਸ਼ਾਮ ਨੂੰ ਬੱਦਲਾਂ ਦੇ ਪਿੱਛੇ ਚੰਦਰਮਾ ਨੂੰ ਦੇਖਣਾ ਆਸਾਨ ਹੋਵੇਗਾ ?

ਮੌਸਮ ਵਿਭਾਗ ਪਹਿਲਾ ਤੋਂ ਹੀ 29 ਤੋਂ 31 ਅਕਤੂਬਰ ਲਈ ਸੰਤਰੀ ਅਤੇ ਪੀਲੇ ਅਲਰਟ ਜਾਰੀ ਕੀਤੇ ਹਨ। ਤੇਜ਼ ਠੰਡੀਆਂ ਹਵਾਵਾਂ ਅਤੇ ਬੂੰਦਾਬਾਂਦੀ ਕਾਰਨ ਤਾਪਮਾਨ ਵਿੱਚ ਕਾਫ਼ੀ ਗਿਰਾਵਟ ਆਈ ਹੈ, ਜਿਸ ਕਾਰਨ ਕਰਵਾ ਚੌਥ ਦੀ ਸ਼ਾਮ ਠੰਢੀ ਹੋ ਗਈ ਹੈ।

ਇਹ ਵੀ ਪੜ੍ਹੋ : 

ਕਰਵਾ ਚੌਥ ਦੀ ਰਾਤ ਇਸ ਸਮੇਂ ਹੋਣਗੇ ਚੰਦਰਮਾ ਦੇ ਦਰਸ਼ਨ, ਜਾਣੋ ਪੂਜਾ ਦਾ ਸਹੀ ਸਮਾਂ

ਮੌਸਮ ਮਾਹਿਰਾਂ ਦੇ ਅਨੁਸਾਰ ਬੰਗਾਲ ਦੀ ਖਾੜੀ ਤੋਂ ਪੈਦਾ ਹੋਏ ਚੱਕਰਵਾਤੀ ਤੂਫਾਨ 'ਅਰਨਬ' ਅਤੇ ਸਰਗਰਮ ਪੱਛਮੀ ਗੜਬੜੀ ਦੇ ਕਾਰਨ ਉੱਤਰੀ ਭਾਰਤ ਵਿੱਚ ਨਮੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਚੰਡੀਗੜ੍ਹ, ਮੋਹਾਲੀ, ਪਟਿਆਲਾ, ਲੁਧਿਆਣਾ ਪੰਚਕੂਲਾ, ਅੰਬਾਲਾ, ਯਮੁਨਾਨਗਰ, ਕਰਨਾਲ, ਪਾਣੀਪਤ, ਸੋਨੀਪਤ, ਫਰੀਦਾਬਾਦ ਅਤੇ ਪਲਵਲ ਵਿੱਚ ਤੇਜ਼ ਹਵਾਵਾਂ ਅਤੇ ਗਰਜ-ਤੂਫਾਨ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇੱਥੇ ਬੱਦਲ ਇੰਨੇ ਸੰਘਣੇ ਹੋ ਸਕਦੇ ਹਨ ਕਿ ਵਰਤ ਰੱਖਣ ਵਾਲੀਆਂ ਮਹਿਲਾਵਾਂ ਨੂੰ ਅਰਘ ਭੇਟ ਕਰਨ ਲਈ ਚੰਦਰਮਾ ਦੇਖਣ ਲਈ ਲੰਬੇ ਸਮੇਂ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਦਿੱਲੀ, ਗੁਰੂਗ੍ਰਾਮ, ਰੋਹਤਕ, ਹਿਸਾਰ, ਝੱਜਰ, ਰੇਵਾੜੀ ਅਤੇ ਭਿਵਾਨੀ ਸਮੇਤ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਰੁਕ-ਰੁਕ ਕੇ ਬੂੰਦਾਬਾਂਦੀ ਹੋ ਸਕਦੀ ਹੈ। ਬੱਦਲ ਅਤੇ ਚੰਦਰਮਾ ਸ਼ਾਮ ਨੂੰ ਲੁਕਣਮੀਟੀ ਖੇਡ ਸਕਦੇ ਹਨ।

ਮੌਸਮ ਵਿੱਚ ਆਈ ਇਸ ਤਬਦੀਲੀ ਨੇ ਤਿਉਹਾਰ ਦੀਆਂ ਤਿਆਰੀਆਂ ਵਿੱਚ ਗਰਮ ਕੱਪੜੇ ਵੀ ਸ਼ਾਮਲ ਕਰ ਦਿੱਤੇ ਹਨ। ਕਰਵਾ ਚੌਥ ਪੂਜਾ ਅਤੇ ਚੰਦਰਮਾ ਦੇਖਣ ਲਈ ਛੱਤਾਂ 'ਤੇ ਜਾਣ ਵਾਲੀਆਂ ਔਰਤਾਂ ਨੂੰ ਹਲਕੀ ਠੰਡ ਤੋਂ ਆਪਣੇ ਆਪ ਨੂੰ ਬਚਾਉਣ ਲਈ ਸ਼ਾਲਾਂ ਜਾਂ ਸਟੋਲ ਦਾ ਸਹਾਰਾ ਲੈਣਾ ਪਵੇਗਾ, ਕਿਉਂ ਕਿ ਅੱਜ ਤੋਂ ਠੰਡ ਦਾ ਆਗ਼ਾਜ਼ ਵੀ ਹੋ ਗਿਆ ਹੈ। 

ਵਰਤ ਰੱਖਣ ਵਾਲੀਆਂ ਔਰਤਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਸਥਾਨਕ ਸ਼ਹਿਰ ਦੇ ਨਿਯਮਿਤ ਸਮੇਂ ਅਨੁਸਾਰ ਹੀ ਚੰਨ ਨੂੰ ਅਰਘ ਦੇਣ ਅਤੇ ਪੂਜਾ ਦੀਆਂ ਰਸਮਾਂ ਨਿਭਾਉਣ, ਕਿਉਂਕਿ ਸਮੁੱਚੇ ਦੇਸ਼ ਵਿੱਚ ਇੱਕੋ ਸਮਾਂ ਲਾਗੂ ਨਹੀਂ ਹੋਵੇਗਾ। ਮੌਸਮ ਅਤੇ ਭੂਗੋਲਿਕ ਸਥਿਤੀ ਅਨੁਸਾਰ ਦੇਸ਼ ਦੇ ਵੱਖ-ਵੱਖ ਪ੍ਰਮੁੱਖ ਸ਼ਹਿਰਾਂ ਵਿੱਚ ਚੰਨ ਦਿਖਾਈ ਦੇਣ ਦਾ ਸੰਭਾਵੀ ਸਮਾਂ ਵੱਖਰਾ-ਵੱਖਰਾ ਰਹੇਗਾ।

Related Post