PTC News
Search
🔍 Search

ਕੋਲਕਾਤਾ ਪੰਡਾਲ ਭਗਦੜ ਤੋਂ ਬਾਅਦ ਸਖ਼ਤੀ , ਬੰਗਾਲ ਸਰਕਾਰ ਨੇ ਕੀਤੀ ਵੱਡੀ ਤਿਆਰੀ

ਦੁਰਗਾ ਵਿਸਰਜਨ ਦੀ ਨਿਗਰਾਨੀ ਲਈ 18 IPS ਅਧਿਕਾਰੀ ਤਾਇਨਾਤ

By  Jaswinder Kaur October 21st 2026 01:26 PM

Durga immersion's preparations :  ਪੱਛਮੀ ਬੰਗਾਲ ਪੁਲਿਸ ਨੇ ਕੋਲਕਾਤਾ ਅਤੇ ਇਸਦੇ ਆਲੇ-ਦੁਆਲੇ ਦੇ ਤਿੰਨ ਪੁਲਿਸ ਕਮਿਸ਼ਨਰੇਟਾਂ ਵਿੱਚ ਦੁਰਗਾ ਮੂਰਤੀਆਂ ਦੇ ਵਿਸਰਜਨ ਦੀ ਨਿਗਰਾਨੀ ਲਈ 18 ਆਈਪੀਐਸ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਹੈ। ਇਹ ਕਦਮ ਚੋਰਬਾਗਾਨ ਪੰਡਾਲ ਵਿੱਚ ਭਗਦੜ ਤੋਂ ਬਾਅਦ ਚੁੱਕਿਆ ਗਿਆ ਹੈ, ਜਿਸ ਵਿੱਚ 19 ਲੋਕਾਂ ਦੀ ਮੌਤ ਹੋ ਗਈ ਸੀ। ਇੱਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ 18 ਅਧਿਕਾਰੀਆਂ ਵਿੱਚੋਂ 12 ਨੂੰ ਕੋਲਕਾਤਾ ਵਿੱਚ ਤਾਇਨਾਤ ਕੀਤਾ ਗਿਆ ਹੈ, ਜਦੋਂ ਕਿ ਬਾਕੀ ਛੇ ਹਾਵੜਾ, ਬੈਰਕਪੁਰ ਅਤੇ ਚੰਦਨਨਗਰ ਕਮਿਸ਼ਨਰੇਟਾਂ ਵਿੱਚ ਵਿਸਰਜਨ ਪ੍ਰਕਿਰਿਆ ਦੀ ਨਿਗਰਾਨੀ ਕਰਨਗੇ।

ਇਹ ਵੀ ਪੜ੍ਹੋ : 

https://www.ptcnews.tv/news-in-punjabi/sbi-bank-fears-data-leak-of-3897-customers-4430791

ਅਧਿਕਾਰੀ ਅਨੁਸਾਰ "ਇਹ ਆਈਪੀਐਸ ਅਧਿਕਾਰੀ ਬੁੱਧਵਾਰ ਤੋਂ 24 ਅਕਤੂਬਰ ਤੱਕ ਵਿਸਰਜਨ ਗਤੀਵਿਧੀਆਂ ਦੀ ਨਿਗਰਾਨੀ ਕਰਨਗੇ। ਇਨ੍ਹਾਂ ਸਾਰੇ ਅਧਿਕਾਰੀਆਂ ਲਈ ਵੱਖਰੇ ਡਿਊਟੀ ਸ਼ਡਿਊਲ ਤਿਆਰ ਕੀਤੇ ਗਏ ਹਨ। " ਉਨ੍ਹਾਂ ਕਿਹਾ ਕਿ ਕੋਲਕਾਤਾ ਪੁਲਿਸ ਖੇਤਰ ਵਿੱਚ ਆਈਪੀਐਸ ਅਧਿਕਾਰੀ ਗੌਰਵ ਸ਼ਰਮਾ, ਸੋਮਾ ਦਾਸ ਮਿੱਤਰਾ, ਰਾਸ਼ਿਦ ਮੁਨੀਰ ਖਾਨ, ਆਕਾਸ਼ ਮਘਾਰੀਆ, ਸੁਰੇਸ਼ ਕੁਮਾਰ ਚਦੀਵੇ ਅਤੇ ਧ੍ਰਿਤੀਮਾਨ ਸਰਕਾਰ 21 ਅਤੇ 23 ਅਕਤੂਬਰ ਨੂੰ ਵਿਸਰਜਨ ਦੀ ਨਿਗਰਾਨੀ ਕਰਨਗੇ।

ਅਧਿਕਾਰੀ ਪ੍ਰਵੀਨ ਕੁਮਾਰ ਤ੍ਰਿਪਾਠੀ, ਇਮਰਾਨ ਵਹਾਬ, ਸ਼ੀਸ਼ ਰਾਮ ਝਾਝਰੀਆ, ਸੌਮਿਆ ਰਾਏ, ਪਾਰਿਜਾਤ ਬਿਸਵਾਸ ਅਤੇ ਸਿਧਾਰਥ ਧਪੋਲਾ 22 ਅਤੇ 24 ਅਕਤੂਬਰ ਨੂੰ ਸ਼ਹਿਰ ਵਿੱਚ ਵਿਸਰਜਨ ਡਿਊਟੀ 'ਤੇ ਹੋਣਗੇ। ਹਾਵੜਾ ਪੁਲਿਸ ਜ਼ਿਲ੍ਹੇ ਵਿੱਚ ਇੰਦਰ ਚੱਕਰਵਰਤੀ 21 ਅਤੇ 23 ਅਕਤੂਬਰ ਨੂੰ ਵਿਸਰਜਨ ਦੀ ਨਿਗਰਾਨੀ ਕਰਨਗੇ, ਜਦੋਂ ਕਿ ਅਵਰੂ ਰਵਿੰਦਰਨਾਥ 22 ਅਤੇ 24 ਅਕਤੂਬਰ ਨੂੰ ਡਿਊਟੀ 'ਤੇ ਹੋਣਗੇ। ਪਲਾਸ਼ ਚੰਦਰ ਧਾਲੀ ਅਤੇ ਦਯੁਤਿਮਾਨ ਭੱਟਾਚਾਰੀਆ ਨੂੰ ਬੈਰਕਪੁਰ ਵਿੱਚ ਤਾਇਨਾਤ ਕੀਤਾ ਗਿਆ ਹੈ, ਜਦੋਂ ਕਿ ਅਭਿਜੀਤ ਬੈਨਰਜੀ ਅਤੇ ਸੰਦੀਪ ਮੰਡਲ ਚੰਦਨਨਗਰ ਵਿੱਚ ਵਿਸਰਜਨ ਪ੍ਰਕਿਰਿਆ ਦੀ ਨਿਗਰਾਨੀ ਕਰਨਗੇ।

ਦੱਸ ਦੇਈਏ ਕਿ ਕੋਲਕਾਤਾ ਦੇ ਚੋਰਬਾਗਾਨ ਇਲਾਕੇ 'ਚ ਸਥਿਤ ਸਰਵਜਨਿਨ ਦੁਰਗਾ ਪੂਜਾ ਪੰਡਾਲ 'ਚ ਸ਼ਨੀਵਾਰ ਸ਼ਾਮ ਨੂੰ ਹੋਈ ਭਗਦੜ 'ਚ 19 ਲੋਕਾਂ ਦੀ ਮੌਤ ਹੋ ਗਈ ਸੀ ਅਤੇ 15 ਹੋਰ ਜ਼ਖ਼ਮੀ ਹੋ ਗਏ ਸਨ। ਇਹ ਘਟਨਾ ਸ਼ਾਮ ਲਗਪਗ 7:40 ਵਜੇ ਗਿਰੀਸ਼ ਪਾਰਕ ਥਾਣਾ ਖੇਤਰ 'ਚ ਵਾਪਰੀ ਸੀ। ਪੰਡਾਲ 'ਚ ਆਉਣ ਵਾਲੇ ਲੋਕਾਂ ਦੀ ਭਾਰੀ ਭੀੜ ਅਤੇ ਮੀਂਹ ਕਾਰਨ ਹਾਲਾਤ ਵਿਗੜ ਗਏ ਸਨ। ਮੀਂਹ ਸ਼ੁਰੂ ਹੁੰਦਿਆਂ ਹੀ ਪੰਡਾਲ ਦੇ ਬਾਹਰ ਉਡੀਕ ਕਰ ਰਹੇ ਲੋਕ ਅੰਦਰ ਵੱਲ ਦੌੜ ਪਏ। ਕੁਝ ਲੋਕ ਸੜਕ 'ਤੇ ਡਿੱਗ ਗਏ, ਜਿਸ ਕਾਰਨ ਭਗਦੜ ਮਚ ਗਈ।

ਕੋਲਕਾਤਾ ਪੁਲਿਸ ਮੁਤਾਬਕ 12 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ, ਜਿਨ੍ਹਾਂ 'ਚ ਕੁਝ ਪੂਜਾ ਪ੍ਰਬੰਧਕ ਵੀ ਸ਼ਾਮਲ ਹਨ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸਾਰੇ ਜ਼ਖ਼ਮੀਆਂ ਨੂੰ ਬਚਾ ਕੇ ਇਲਾਜ ਲਈ ਕਲਕੱਤਾ ਮੈਡੀਕਲ ਕਾਲਜ ਹਸਪਤਾਲ ਪਹੁੰਚਾਇਆ ਗਿਆ।

ਇਸ ਘਟਨਾ ਤੋਂ ਬਾਅਦ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪੀੜਤ ਪਰਿਵਾਰਾਂ ਲਈ 25 ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਨਿਰਪੱਖ ਜਾਂਚ ਲਈ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਵਿਸ਼ੇਸ਼ ਕਾਰਜ ਬਲ (STF) ਦਾ ਗਠਨ ਕਰਨ ਦੀ ਦਿਸ਼ਾ 'ਚ ਕਦਮ ਚੁੱਕੇ ਜਾਣਗੇ।

Related Post