ਕੇਂਦਰੀ ਮੰਤਰੀ ਗਡਕਰੀ ਦਾ ਇੱਕ ਹੋਰ ਵੱਡਾ ਐਲਾਨ, ਕਾਰ ਰਾਹੀਂ ਸਫਰ ਕਰਨ ਵਾਲੇ ਲੋਕ ਸੁਣ ਕੇ ਹੋਣਗੇ ਖੁਸ਼
Nitin Gadkari: ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸਰਕਾਰ 4.5 ਲੱਖ ਕਰੋੜ ਰੁਪਏ ਦੇ ਨਿਵੇਸ਼ ਨਾਲ 10,000 ਕਿਲੋਮੀਟਰ ਨਵੇਂ ਐਕਸਪ੍ਰੈਸਵੇਅ ਪ੍ਰਾਜੈਕਟ ਬਣਾ ਰਹੀ ਹੈ। ਗਡਕਰੀ ਨੇ ਕਿਹਾ ਕਿ ਇਹ ਸੜਕਾਂ ਭਾਰਤਮਾਲਾ ਪ੍ਰੋਜੈਕਟ ਤਹਿਤ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਨੇ ਫੰਡਿੰਗ ਦੇ ਵੱਖ-ਵੱਖ ਸਾਧਨਾਂ ਰਾਹੀਂ 70,000 ਕਰੋੜ ਰੁਪਏ ਇਕੱਠੇ ਕੀਤੇ ਹਨ। ਇਸ ਰਕਮ ਦੀ ਵਰਤੋਂ ਹਾਈਵੇਅ ਪ੍ਰਾਜੈਕਟਾਂ ਲਈ ਕੀਤੀ ਜਾਵੇਗੀ।
4.5 ਲੱਖ ਕਰੋੜ ਦੀ ਲਾਗਤ ਆਵੇਗੀ
ਗਡਕਰੀ ਨੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ-ਕੋਝੀਕੋਡ (ਆਈਆਈਐਮ ਕੋਝੀਕੋਡ) ਦੇ 'ਇਨਫਰਾਸਟ੍ਰਕਚਰ ਫਾਈਨਾਂਸਿੰਗ 'ਤੇ ਪ੍ਰਬੰਧਨ ਵਿਕਾਸ ਪ੍ਰੋਗਰਾਮ' 'ਤੇ ਆਯੋਜਿਤ ਇਕ ਪ੍ਰੋਗਰਾਮ ਵਿਚ ਕਿਹਾ, 'ਸਰਕਾਰ ਨੇ ਦੇਸ਼ ਭਰ ਵਿਚ 65,000 ਕਿਲੋਮੀਟਰ ਹਾਈਵੇਅ ਦੇ ਵਿਕਾਸ ਲਈ ਭਾਰਤਮਾਲਾ ਪ੍ਰੋਜੈਕਟ ਦੀ ਕਲਪਨਾ ਕੀਤੀ ਹੈ। ਪਹਿਲੇ ਪੜਾਅ ਵਿੱਚ ਸੜਕੀ ਨੈੱਟਵਰਕ 34,800 ਕਿਲੋਮੀਟਰ ਹੈ। ਅਸੀਂ 4.5 ਲੱਖ ਕਰੋੜ ਦੀ ਲਾਗਤ ਨਾਲ 10,000 ਕਿਲੋਮੀਟਰ ਨਵੇਂ ਐਕਸਪ੍ਰੈਸਵੇਅ ਬਣਾ ਰਹੇ ਹਾਂ।
2014 ਵਿੱਚ 91,000 ਕਿਲੋਮੀਟਰ ਹਾਈਵੇਅ ਨੈੱਟਵਰਕ
ਮੰਤਰੀ ਨੇ ਕਿਹਾ ਕਿ 2014 ਵਿੱਚ ਦੇਸ਼ ਵਿੱਚ ਰਾਸ਼ਟਰੀ ਰਾਜਮਾਰਗ ਦਾ ਨੈੱਟਵਰਕ 91,000 ਕਿਲੋਮੀਟਰ ਸੀ। ਹੁਣ ਇਹ ਵਧ ਕੇ 1.45 ਲੱਖ ਕਿਲੋਮੀਟਰ ਹੋ ਗਿਆ ਹੈ। ਗਡਕਰੀ ਨੇ ਕਿਹਾ ਕਿ ਸਰਕਾਰ ਬੁਨਿਆਦੀ ਢਾਂਚਾ ਪਾਈਪਲਾਈਨ ਅਤੇ ਪ੍ਰਧਾਨ ਮੰਤਰੀ ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਰਾਹੀਂ ਆਰਥਿਕਤਾ ਨੂੰ ਹੁਲਾਰਾ ਦੇ ਰਹੀ ਹੈ। ਇਹ ਪ੍ਰੋਗਰਾਮ ਦੇਸ਼ ਵਿੱਚ ਏਕੀਕ੍ਰਿਤ ਅਤੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣਗੇ। ਨਾਲ ਹੀ ਲਾਗਤ ਅਤੇ ਸਮੇਂ ਦੀ ਵੀ ਬੱਚਤ ਹੋਵੇਗੀ ਕਿਉਂਕਿ ਇਹ ਬੁਨਿਆਦੀ ਢਾਂਚਾ ਪ੍ਰੋਜੈਕਟ ਦੂਰ-ਦੁਰਾਡੇ ਖੇਤਰਾਂ ਨੂੰ ਜੋੜਨਗੇ।
ਮੰਤਰੀ ਨੇ ਕਿਹਾ, "ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਲਈ ਜਾਇਦਾਦਾਂ ਨੂੰ ਮਾਰਕੀਟ ਵਿੱਚ ਰੱਖਣਾ ਮਹੱਤਵਪੂਰਨ ਹੈ। NHAI ਦੀ ਰਾਸ਼ਟਰੀ ਮੁਦਰੀਕਰਨ ਯੋਜਨਾ (ਬਾਜ਼ਾਰ 'ਤੇ ਜਾਇਦਾਦ ਦੀ ਪੇਸ਼ਕਸ਼ ਕਰਨ ਦੀ ਯੋਜਨਾ) ਵਿੱਚ 27 ਪ੍ਰਤੀਸ਼ਤ ਦੀ ਹਿੱਸੇਦਾਰੀ ਹੈ। ਅਸੀਂ ਅਸਲ ਵਿੱਚ ਰਾਸ਼ਟਰੀ ਰਾਜਮਾਰਗਾਂ ਦੇ ਮੁਦਰੀਕਰਨ ਲਈ ਕਈ ਮਾਡਲਾਂ ਨੂੰ ਅੱਗੇ ਲੈ ਜਾ ਰਹੇ ਹਾਂ।
- PTC NEWS