ਬੇਅਦਬੀ ਮਾਮਲਾ : ਡੇਰਾ ਸਿਰਸਾ ਮੁਖੀ ਨੂੰ ਬਚਾਉਣ ਦੇ ਯਤਨ ਨਾ ਕਰੇ ਪੰਜਾਬ ਸਰਕਾਰ : ਸ਼੍ਰੋਮਣੀ ਕਮੇਟੀ ਅਹੁਦੇਦਾਰ

By  Shanker Badra July 15th 2021 04:54 PM

ਅੰਮ੍ਰਿਤਸਰ : ਬਰਗਾੜੀ ਵਿਖੇ ਸਾਲ 2015 ਵਿਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ’ਚ ਪੇਸ਼ ਕੀਤੇ ਚਲਾਨ ਵਿਚ ਸਿੱਟ ਵੱਲੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦਾ ਨਾਂ ਬਾਹਰ ਰੱਖਣ ਦੀ ਨਿੰਦਾ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੇ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਦੀ ਰਾਜਸੀ ਮਨਸ਼ਾ ’ਤੇ ਸਵਾਲ ਖੜ੍ਹੇ ਕੀਤੇ ਹਨ। ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ, ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਵੀਂ ਸਿੱਟ ਵੀ ਕਾਂਗਰਸ ਦਾ ਏਜੰਡਾ ਲਾਗੂ ਕਰਨਾ ਚਾਹੁੰਦੀ ਹੈ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਜਾਂਚ ਅੱਗੇ ਵਧਾ ਰਹੀ ਹੈ।

ਸ਼੍ਰੋਮਣੀ ਕਮੇਟੀ ਆਗੂਆਂ ਨੇ ਕਿਹਾ ਕਿ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਐਫਆਈਆਰ 128 ਤਹਿਤ ਪੇਸ਼ ਕੀਤੇ ਗਏ ਚਲਾਨ ਵਿੱਚੋਂ ਬਾਹਰ ਰੱਖਣਾ ਹੈਰਾਨੀਜਨਕ ਹੋਣ ਦੇ ਨਾਲ-ਨਾਲ ਪੱਖਪਾਤੀ ਰਵੱਈਏ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲਿਆਂ ਵਿਚ ਗ੍ਰਿਫ਼ਤਾਰ ਕੀਤੇ ਗਏ ਡੇਰਾ ਪ੍ਰੇਮੀਆਂ ਦੇ ਬਿਆਨਾਂ ਦੇ ਅਧਾਰ ’ਤੇ ਗੁਰਮੀਤ ਰਾਮ ਰਹੀਮ ਦਾ ਨਾਂ ਐਫਆਈਆਰ ਵਿਚ ਸ਼ਾਮਲ ਹੋਇਆ ਸੀ ਪਰੰਤੂ ਹੁਣ ਚਲਾਨ ਪੇਸ਼ ਕਰਨ ਸਮੇਂ ਉਸ ਨੂੰ ਬਚਾਉਣ ਲਈ ਸਿੱਟ ਦੀ ਕਾਰਵਾਈ ਸਰਕਾਰ ਦੀ ਮਨਸ਼ਾ ਨੂੰ ਸਾਫ਼ ਕਰ ਰਹੀ ਹੈ।

ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਭਾਵੇਂ ਸਿੱਟ ਮੁਖੀ ਵੱਲੋਂ ਮਾਮਲਾ ਸੁਰਖ਼ ਹੋਣ ਮਗਰੋਂ ਆਪਣਾ ਸਪੱਸ਼ਟੀਕਰਨ ਦਿੱਤਾ ਗਿਆ ਹੈ, ਪਰੰਤੂ ਇਹ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨ ਵਾਲਾ ਬਿਆਨ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਚਲਾਨ ਸਮੇਂ ਡੇਰਾ ਮੁਖੀ ਨੂੰ ਬਾਹਰ ਹੀ ਕਿਉਂ ਰੱਖਿਆ ਗਿਆ। ਸ਼੍ਰੋਮਣੀ ਕਮੇਟੀ ਦੇ ਇਨ੍ਹਾਂ ਅਹੁਦੇਦਾਰਾਂ ਨੇ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਨੂੰ ਬੇਅਦਬੀ ਮਾਮਲਿਆਂ ’ਤੇ ਸਿਆਸਤ ਨਾ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਇਹ ਸਿੱਖਾਂ ਲਈ ਬੇਹੱਦ ਸੰਜੀਦਾ ਮਾਮਲਾ ਹੈ ਅਤੇ ਇਸ ਦੀ ਜਾਂਚ ’ਤੇ ਰਾਜਨੀਤੀ ਨਹੀਂ ਕੀਤੀ ਜਾਣੀ ਚਾਹੀਦੀ।

ਉਨ੍ਹਾਂ ਕਿਹਾ ਕਿ ਸਿੱਟ ਨੂੰ ਆਪਣੇ ਹਿਸਾਬ ਨਾਲ ਚਲਾਉਣਾ ਸਰਕਾਰ ਦੀ ਮਾੜੀ ਮਨਸ਼ਾ ਦਾ ਪ੍ਰਗਟਾਵਾ ਹੈ। ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਡੇਰਾ ਮੁਖੀ ਨੂੰ ਬਚਾਉਣ ਲਈ ਸਰਕਾਰ ਦੀ ਸਰਪ੍ਰਸਤੀ ’ਚ ਚੱਲ ਰਹੀ ਸਿੱਟ ਦੀ ਕਾਰਗੁਜ਼ਾਰੀ ’ਤੇ ਬੀਤੇ ਕੱਲ੍ਹ ਸਵਾਲ ਚੁੱਕੇ ਸਨ। ਉਨ੍ਹਾਂ ਕਿਹਾ ਸੀ ਕਿ ਸਰਕਾਰ ਨੂੰ ਆਪਣਾ ਰਾਜਸੀ ਮਨੋਰਥ ਸਿੱਧ ਕਰਨ ਤੋਂ ਬਾਜ ਆਉਣਾ ਚਾਹੀਦਾ ਹੈ ਅਤੇ ਗੁਰਮੀਤ ਰਾਮ ਰਹੀਮ ਨਾਲ ਕਿਸੇ ਤਰ੍ਹਾਂ ਦੀ ਹਮਦਰਦੀ ਨਹੀਂ ਰੱਖਣੀ ਚਾਹੀਦੀ। ਇਸ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਬੇਅਦਬੀ ਮਾਮਲਿਆਂ ’ਤੇ ਰਾਜਨੀਤੀ ਨਾ ਕਰਨ ਦੀ ਗੱਲ ਆਖੀ ਸੀ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਕਿਹਾ ਸੀ।

-PTCNews

Related Post