Mon, Dec 8, 2025
Whatsapp

ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਅਮੁਪੁਰ ਪਿੰਡ ਦੇ ਉਜਾੜੇ ਸਿੱਖ ਪਰਿਵਾਰਾਂ ਤੱਕ ਪਹੁੰਚੀ ਸ਼੍ਰੋਮਣੀ ਕਮੇਟੀ

ਸ਼੍ਰੋਮਣੀ ਕਮੇਟੀ ਦੇ ਇਸ ਵਫ਼ਦ ਨੇ ਅੱਜ ਪੀੜ੍ਹਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਜ਼ਮੀਨੀ ਪੱਧਰ ਦੀ ਸਾਰੀ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ।

Reported by:  PTC News Desk  Edited by:  Amritpal Singh -- July 09th 2024 05:08 PM
ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਅਮੁਪੁਰ ਪਿੰਡ ਦੇ ਉਜਾੜੇ ਸਿੱਖ ਪਰਿਵਾਰਾਂ ਤੱਕ ਪਹੁੰਚੀ ਸ਼੍ਰੋਮਣੀ ਕਮੇਟੀ

ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਅਮੁਪੁਰ ਪਿੰਡ ਦੇ ਉਜਾੜੇ ਸਿੱਖ ਪਰਿਵਾਰਾਂ ਤੱਕ ਪਹੁੰਚੀ ਸ਼੍ਰੋਮਣੀ ਕਮੇਟੀ

ਅੰਮ੍ਰਿਤਸਰ- ਹਰਿਆਣਾ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਵੱਲੋਂ ਕਰਨਾਲ ਜ਼ਿਲ੍ਹੇ ਦੇ ਅਮੁਪੁਰ ਪਿੰਡ ਵਿਖੇ ਦੇਸ਼ ਵੰਡ ਸਮੇਂ ਲਹਿੰਦੇ ਪੰਜਾਬ ਤੋਂ ਉੱਜੜ ਕੇ ਹਰਿਆਣਾ ਵਿੱਚ ਵੱਸੇ ਚਾਰ ਸਿੱਖ ਪਰਿਵਾਰਾਂ ਦੇ ਘਰ ਢਾਹੁਣ ਦੀ ਕਾਰਵਾਈ ਦਾ ਨੋਟਿਸ ਲੈਂਦਿਆਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਫ਼ਦ ਨੇ ਇੱਥੇ ਪੁੱਜ ਕੇ ਪੀੜ੍ਹਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਨਾਲ ਖੜ੍ਹਣ ਦੀ ਵਚਨਬੱਧਤਾ ਪ੍ਰਗਟਾਈ।

ਮਾਮਲੇ ਦੀ ਸੰਜੀਦਗੀ ਨੂੰ ਵੇਖਦਿਆਂ ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇੱਕ ਕਮੇਟੀ ਗਠਤ ਕੀਤੀ ਸੀ, ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ  ਹਰਭਜਨ ਸਿੰਘ ਮਸਾਣਾ, ਜੂਨੀਅਰ ਮੀਤ ਪ੍ਰਧਾਨ  ਗੁਰਬਖਸ਼ ਸਿੰਘ ਖ਼ਾਲਸਾ, ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਤੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਤੇਜਿੰਦਰਪਾਲ ਸਿੰਘ ਲਾਡਵਾਂ ਸ਼ਾਮਲ ਹਨ।


ਸ਼੍ਰੋਮਣੀ ਕਮੇਟੀ ਦੇ ਇਸ ਵਫ਼ਦ ਨੇ ਅੱਜ ਪੀੜ੍ਹਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਜ਼ਮੀਨੀ ਪੱਧਰ ਦੀ ਸਾਰੀ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਵਫ਼ਦ ਨੇ ਪੀੜ੍ਹਤ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਸਿੱਖ ਸੰਸਥਾ ਉਨ੍ਹਾਂ ਦੇ ਨਾਲ ਹੈ ਅਤੇ ਸਰਕਾਰੀ ਧੱਕੇਸ਼ਾਹੀ ਤੇ ਜਬਰ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਨੇ ਪੀੜਤ ਚਾਰ ਸਿੱਖ ਪਰਿਵਾਰਾਂ ਨੂੰ ਮੁੱਢਲੇ ਤੌਰ ’ਤੇ ਇੱਕ-ਇੱਕ ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਅਤੇ ਹਰਿਆਣਾ ਦੀ ਭਾਜਪਾ ਸਰਕਾਰ ਦੇ ਰਾਜ ਅੰਦਰ ਇਸ ਅਣਮਨੁੱਖੀ ਕਾਰਵਾਈ ਦੀ ਕਰੜੀ ਨਿੰਦਾ ਕਰਦਿਆਂ ਸਰਕਾਰ ਨੂੰ ਇਨ੍ਹਾਂ ਪਰਿਵਾਰਾਂ ਨਾਲ ਇਨਸਾਫ਼ ਕਰਨ ਲਈ ਆਖਿਆ।

ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਵਫ਼ਦ ਦੀ ਅਗਵਾਈ ਕਰ ਰਹੇ  ਹਰਭਜਨ ਸਿੰਘ ਮਸਾਣਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਦੇ ਆਦੇਸ਼ ਅਨੁਸਾਰ ਚਾਰੇ ਸਿੱਖ ਪਰਿਵਾਰਾਂ ਨੂੰ ਮੁੱਢਲੇ ਤੌਰ ’ਤੇ ਇੱਕ-ਇੱਕ ਲੱਖ ਰੁਪਏ ਦੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾ ਇਨ੍ਹਾਂ ਸਿੱਖ ਪਰਿਵਾਰਾਂ ਨਾਲ ਹਰ ਪੱਧਰ ਉੱਤੇ ਸਹਿਯੋਗ ਕਰੇਗੀ ਅਤੇ ਅਗਾਂਹ ਵੀ ਇਨ੍ਹਾਂ ਨੂੰ ਲੋੜ ਅਨੁਸਾਰ ਹਰ ਤਰ੍ਹਾਂ ਦੀ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਭਾਜਪਾ ਸਰਕਾਰ ਦੇ ਰਾਜ ਅੰਦਰ ਸਿੱਖਾਂ ਵਿਰੁੱਧ ਕੀਤੇ ਗਏ ਇਸ ਧੱਕੇ ਦੇ ਵਿਰੋਧ ਵਿੱਚ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਸੰਸਥਾਵਾਂ ਤੇ ਕਾਰਕੁੰਨਾਂ ਨੂੰ ਵੀ ਅਵਾਜ਼ ਉਠਾਉਣ ਦੀ ਅਪੀਲ ਕੀਤੀ।  ਮਸਾਣਾ ਨੇ ਸਮੁੱਚੀਆਂ ਸਿੱਖ ਸੰਸਥਾਵਾਂ ਤੇ ਜਥੇਬੰਦੀਆਂ ਨੂੰ ਇਨ੍ਹਾਂ ਪਰਿਵਾਰਾਂ ਦੀ ਵੱਧ ਤੋਂ ਵੱਧ ਮਦਦ ਕਰਨ ਦੀ ਵੀ ਅਪੀਲ ਕੀਤੀ ਤਾਂ ਜੋ ਇਸ ਦੁੱਖ ਦੇ ਸਮੇਂ ਵਿੱਚ ਇਨ੍ਹਾਂ ਨੂੰ ਸਹਾਰਾ ਦਿੱਤਾ ਜਾ ਸਕੇ।

ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਹਰਿਆਣਾ ਦੀ ਭਾਜਪਾ ਸਰਕਾਰ ਦੀ ਇਸ ਸਿੱਖ-ਵਿਰੋਧੀ ਕਾਰਵਾਈ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਦੀ ਇਸ ਕਾਰਵਾਈ ਨਾਲ ਸਿੱਖਾਂ ਦੇ ਮਨਾਂ ਅੰਦਰ ਭਾਰੀ ਰੋਸ ਹੈ। ਇਸ ਕਾਰਵਾਈ ਨਾਲ ਭਾਜਪਾ ਦੀ ਸਿੱਖ ਵਿਰੋਧੀ ਨੀਤੀ ਇਕ ਵਾਰ ਫਿਰ ਉਜਾਗਰ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਪੂਰੀ ਜਿੰਮੇਵਾਰੀ ਹਰਿਆਣਾ ਸਰਕਾਰ ਦੀ ਹੈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਦੇਖਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਹਰਿਆਣਾ ਅੰਦਰ ਸਿੱਖਾਂ ਨਾਲ ਕਿਵੇਂ ਧੱਕਾ ਕਰ ਰਹੀ ਹੈ। ਭਾਈ ਗਰੇਵਾਲ ਨੇ ਉਨ੍ਹਾਂ ਸਿੱਖ ਆਗੂਆਂ ਨੂੰ ਵੀ ਸਵਾਲ ਕੀਤੇ ਜਿਹੜੇ ਆਪਣੇ ਆਪ ਨੂੰ ਭਾਜਪਾ ਦੇ ਹਮਾਇਤੀ ਅਖਵਾਉਂਦੇ ਹਨ ਅਤੇ ਪੁੱਛਿਆ ਕਿ ਉਹ ਹੁਣ ਦੱਸਣ ਕਿ ਭਾਜਪਾ ਸਰਕਾਰ ਦੇ ਰਾਜ ਅੰਦਰ ਸਿੱਖਾਂ ਦੇ ਘਰ ਕਿਉਂ ਢਾਹੇ ਜਾ ਰਹੇ ਹਨ। ਉਨ੍ਹਾਂ ਇਸ ਮਾਮਲੇ ਵਿੱਚ ਹਰਿਆਣਾ ਸਰਕਾਰ ਵੱਲੋਂ ਨਾਮਜ਼ਦ ਗੁਰਦੁਆਰਾ ਕਮੇਟੀ ਜੋ ਕਿ ਘਟਨਾ ਵਾਲੀ ਥਾਂ ਤੋਂ ਕੁਝ ਦੂਰੀ ਉੱਤੇ ਹੀ ਕੁਰੂਕਸ਼ੇਤਰ ਵਿੱਚ ਕਾਰਜਸ਼ੀਲ ਹੈ, ਦੇ ਨੁਮਾਇੰਦਿਆਂ ਦੀ ਵੀ ਕਰੜੀ ਨਿੰਦਾ ਕੀਤੀ ਅਤੇ ਕਿਹਾ ਕਿ ਉਹ ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਅਮੁਪੁਰ ਵਿਖੇ ਪੀੜਤ ਸਿੱਖ ਪਰਿਵਾਰਾਂ ਨੂੰ ਮਿਲਣ ਨਹੀਂ ਪਹੁੰਚੇ।

ਪੀੜਤ ਸਿੱਖ ਪਰਿਵਾਰਾਂ ਵਿੱਚੋਂ ਬੂਟਾ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਕਿ ਉਹ ਚਾਰ ਭਰਾ ਹਨ ਤੇ ਉਨ੍ਹਾਂ ਦਾ ਪਰਿਵਾਰ ਦੇਸ਼ ਵੰਡ ਉਪਰੰਤ ਲਹਿੰਦੇ ਪੰਜਾਬ ਤੋਂ ਉੱਜੜ ਕੇ ਅਮੁਪੁਰ ਪਿੰਡ ਦੀ ਇਸ ਥਾਂ ਉੱਤੇ ਪਿਛਲੇ 70 ਸਾਲਾਂ ਤੋਂ ਵੱਸਿਆ ਹੋਇਆ ਹੈ, ਪਰ ਅਚਾਨਕ 26 ਜੂਨ 2024 ਨੂੰ ਸਰਕਾਰ ਦੇ ਅਧਿਕਾਰੀਆਂ ਨੇ ਪੁਲਿਸ ਬਲ ਦੇ ਸਹਿਯੋਗ ਨਾਲ ਉਨ੍ਹਾਂ ਵਿਰੁੱਧ ਧੱਕਾ ਕਰਦਿਆਂ ਚਾਰੇ ਪਰਿਵਾਰਾਂ ਦੇ ਘਰ ਢਹਿ-ਢੇਰੀ ਕਰ ਦਿੱਤੇ।

ਇਸ ਮੌਕੇ ਹਰਿਆਣਾ ਸਿੱਖ ਮਿਸ਼ਨ ਦੇ ਇੰਚਾਰਜ ਸੁਖਵਿੰਦਰ ਸਿੰਘ, ਗੁਰਮਤਿ ਸੰਗੀਤ ਅਕੈਡਮੀ ਸੇਖੁਪੁਰਾ ਕਰਨਾਲ ਦੇ ਇੰਚਾਰਜ ਪ੍ਰਤਾਪ ਸਿੰਘ, ਸੁਰਿੰਦਰ ਸਿੰਘ ਰਾਮਗੜ੍ਹੀਆ ਆਦਿ ਮੌਜੂਦ ਸਨ।

- PTC NEWS

Top News view more...

Latest News view more...

PTC NETWORK
PTC NETWORK