ਸਿੱਧੂ ਮੂਸੇਵਾਲਾ ਤੇ ਸਸਪੈਂਡ ਪੁਲਿਸ ਮੁਲਾਜ਼ਮ ਕੜਿੱਕੀ 'ਚ ਫਸੇ , ਪੁਲਿਸ ਵੱਲੋਂ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਜੁਰਮ 'ਚ ਵਾਧਾ

By  Shanker Badra May 18th 2020 04:44 PM

ਸਿੱਧੂ ਮੂਸੇਵਾਲਾ ਤੇ ਸਸਪੈਂਡ ਪੁਲਿਸ ਮੁਲਾਜ਼ਮ ਕੜਿੱਕੀ 'ਚ ਫਸੇ , ਪੁਲਿਸ ਵੱਲੋਂ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਜੁਰਮ 'ਚ ਵਾਧਾ:ਬਰਨਾਲਾ :  ਪੰਜਾਬੀ ਗਾਇਕ ਗਾਇਕ ਸਿੱਧੂ ਮੂਸੇਵਾਲਾ ਦੀਆਂ ਦਿਨੋਂ-ਦਿਨ ਮੁਸਕਿਲਾਂ ਵਧਦੀਆ ਹੀ ਜਾ ਰਹੀਆਂ ਹਨ। ਹੁਣ ਸਿੱਧੂ ਮੂਸੇਵਾਲਾ ਅਤੇ ਸਸਪੈਂਡ ਕੀਤੇ ਗਏ ਪੁਲਿਸ ਮੁਲਾਜ਼ਮਾਂ ਲਈ ਹੋਰ ਮੁਸੀਬਤ ਖੜ੍ਹੀ ਹੋ ਗਈ ਹੈ। ਸੰਗਰੂਰ ਅਤੇ ਬਰਨਾਲਾ ਪੁਲਿਸ ਨੇ ਸਿੱਧੂ ਮੂਸੇਵਾਲਾ ਅਤੇ ਪੰਜ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਦਰਜ ਦੋਵਾਂ ਐਫ.ਆਈ.ਆਰਜ਼ ਵਿੱਚ ਆਰਮਜ਼ ਐਕਟ ਦੀ ਧਾਰਾ 25 ,30 ਸ਼ਾਮਲ ਕੀਤੀ ਹੈ।

ਸੰਗਰੂਰ ਅਤੇ ਬਰਨਾਲਾ ਪੁਲਿਸ ਨੇ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਸਿੱਧੂ ਮੂਸੇਵਾਲਾ ਵਾਲਾ ਦੇ ਖਿਲਾਫ਼ ਦਰਜ ਕੇਸ ਵਿੱਚ ਧਾਰਾ ਵਿੱਚ ਵਾਧਾ ਕੀਤਾ ਹੈ।  ਮੂਸੇਵਾਲਾ ਅਤੇ ਹੋਰਾਂ ਵਿਰੁੱਧ ਆਰਮਜ਼ ਐਕਟ ਦੀ ਉਲੰਘਣਾ ਤਹਿਤ ਦਰਜ ਕੀਤੀ ਗਈ ਐਫਆਈਆਰ ਵਿੱਚ ਧਾਰਾ 25 ,30 ਆਰਮਜ਼ ਐਕਟ ਨੂੰ ਸ਼ਾਮਲ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਰ ਰਹੀ ਹੈ।

ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਜ਼ਿਲ੍ਹਾ ਬਰਨਾਲਾ ਦੇ ਥਾਣਾ ਧਨੌਲਾ ਨੇੜੇ ਬਡਬਰ ਪਿੰਡ ਵਿੱਚ ਬਣੇ ਨਿਸ਼ਾਨਾ ਰੇਂਜ ਵਿਖੇ ਸਰਕਾਰੀ ਹਥਿਆਰਾਂ ਨਾਲ ਫਾਇਰਿੰਗ ਕਰਦਾ ਨਜ਼ਰ ਆ ਰਿਹਾ ਸੀ। ਜਿਸ ਤੋਂ ਬਾਅਦ ਵਾਇਰਲ ਵੀਡਿਓ ਦੇ ਤਹਿਤ ਇਹ ਮਾਮਲਾ ਦਰਜ ਹੋਇਆ ਸੀ, ਜਿਸ 'ਚ ਉਹ ਹਥਿਆਰ ਚਲਾਉਣ ਦੀ ਟ੍ਰੇਨਿੰਗ ਲੈ ਰਿਹਾ ਸੀ, ਜੋ ਕਿ ਗੈਰ ਕਾਨੂੰਨੀ ਸੀ। ਇਸ ਮੌਕੇ 'ਤੇ ਕੁੱਝ ਪੁਲਿਸ ਕਰਮਚਾਰੀ ਵੀ ਉਸ ਦੇ ਨਾਲ ਸਨ ਪਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਡੀਜੀਪੀ ਪੰਜਾਬ ਦੇ ਧਿਆਨ 'ਚ ਆਇਆ ਸੀ।

ਜਿਸ ਤੋਂ ਬਾਅਦ ਗਾਇਕ ਸਿੱਧੂ ਮੂਸੇਵਾਲਾ ਤੇ ਉਸ ਦੇ ਸਾਥੀ ਕਰਮ ਸਿੰਘ ਲਹਿਲ, ਇੰਦਰ ਸਿੰਘ ਗਰੇਵਾਲ, ਜੰਗ ਸ਼ੇਰ ਸਿੰਘ ਪਟਿਆਲਾ ਸਮੇਤ ਥਾਣੇਦਾਰ ਬਲਕਾਰ ਸਿੰਘ, ਹੌਲਦਾਰ ਗੁਰਜਿੰਦਰ ਸਿੰਘ, ਹੌਲਦਾਰ ਗਗਨਦੀਪ ਸਿੰਘ, ਸਿਪਾਹੀ ਜਸਵੀਰ ਸਿੰਘ ਤੇ ਸਿਪਾਹੀ ਹਰਵਿੰਦਰ ਸਿੰਘ ਸਮੇਤ 9 ਖ਼ਿਲਾਫ਼ ਬਰਨਾਲਾ ਜ਼ਿਲ੍ਹੇ ਦੇ ਥਾਣਾ ਧਨੌਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ।ਇਸ ਮਾਮਲੇ ਵਿਚ ਪਹਿਲਾਂ ਹੀ ਕਈ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਸਣੇ ਮੁਲਾਜ਼ਮ ਵੀ ਮੁਅਤਲ ਕਰ ਦਿੱਤੇ ਗਏ ਸਨ।

-PTCNews

Related Post