ਪੈਟਰੋਲ ਪੰਪ 'ਤੇ ਡਕੈਤੀ ਕਰਨ ਵਾਲੇ ਗਿਰੋਹ ਦੇ 8 ਮੈਂਬਰ ਹਥਿਆਰਾਂ ਤੇ ਨਗਦੀ ਸਮੇਤ ਗ੍ਰਿਫਤਾਰ

By  Shanker Badra November 12th 2018 10:00 PM

ਪੈਟਰੋਲ ਪੰਪ 'ਤੇ ਡਕੈਤੀ ਕਰਨ ਵਾਲੇ ਗਿਰੋਹ ਦੇ 8 ਮੈਂਬਰ ਹਥਿਆਰਾਂ ਤੇ ਨਗਦੀ ਸਮੇਤ ਗ੍ਰਿਫਤਾਰ:ਫਤਹਿਗੜ੍ਹ ਸਾਹਿਬ : ਸੀਆਈਏ ਸਟਾਫ ਸਰਹਿੰਦ ਨੇ ਹਥਿਆਰਾਂ ਦੀ ਨੋਕ 'ਤੇ ਪੈਟਰੋਲ ਪੰਪਾਂ ਨੂੰ ਲੁੱਟਣ ਵਾਲੇ ਗਿਰੋਹ ਦੇ 8 ਮੈਂਬਰਾਂ ਨੂੰ ਹਥਿਆਰਾਂ ਤੇ ਨਗਦੀ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ।ਜ਼ਿਲਾ ਪੁਲਿਸ ਮੁਖੀ ਅਲਕਾ ਮੀਨਾ ਨੇ ਪ੍ਰੈੱਸ ਕਾਨਫੰਰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਲੁੱਟ-ਖੋਹ ਕਰਨ ਦੀ ਯੋਜਨਾ ਬਣਾਉਂਦੇ ਹੋਏ ਸਮੇਤ ਇੱਕ ਦੇਸੀ ਕੱਟਾ 315 ਬੋਰ ਸਮੇਤ ਇੱਕ ਕਾਰਤੂਸ, 3 ਏਅਰ ਪਿਸਟਲ, ਇੱਕ ਵੱਡੀ ਕ੍ਰਿਪਾਨ, ਇੱਕ ਛੋਟੀ ਕ੍ਰਿਪਾਨ, ਇੱਕ ਦਾਹ, ਇੱਕ ਕਿਰਚ ਅਤੇ ਇੱਕ ਬੇਸਬਾਲ ਸਮੇਤ ਫੋਕਲ ਪੁਆਇੰਟ ਮੰਡੀ ਗੋਬਿੰਦਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਹੈ।

ਜ਼ਿਲਾ ਪੁਲਿਸ ਮੁਖੀ ਅਲਕਾ ਮੀਨਾ ਨੇ ਦੱਸਿਆ ਕਿ ਇਸ ਗੈਂਗ ਵੱਲੋਂ ਬੀਤੀ 4-5 ਨਵੰਬਰ 2018 ਦੀ ਦਰਮਿਆਨੀ ਰਾਤ ਨੂੰ ਰਿਲਾਇੰਸ ਪੈਟਰੋਲ ਪੰਪ ਅਮਲੋਹ ਵਿਖੇ ਮਾਰੂ ਹਥਿਆਰਾਂ ਦੀ ਨੋਕ 'ਤੇ ਅਤੇ ਪੈਟਰੋਲ ਪੰਪ ਵਰਕਰਾਂ ਦੀ ਕੁੱਟਮਾਰ ਕਰਕੇ ਉੱਥੋਂ ਕਰੀਬ ਸਾਢੇ ਪੰਜ ਲੱਖ ਰੁਪਏ ਦੀ ਨਗਦੀ ਅਤੇ ਵਰਕਰਾਂ ਦੇ ਮੋਬਾਇਲ ਖੋਹੇ ਸਨ।ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਪਹਿਲਾਂ ਹੀ ਥਾਣਾ ਅਮਲੋਹ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਸੀ,ਜਿਸ 'ਤੇ ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਨਾਲ ਇਨ੍ਹਾਂ ਦੋਸ਼ੀਆਂ ਦੀ ਪਛਾਣ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਕਥਿਤ ਦੋਸ਼ੀਆ ਨੇ ਮੰਨਿਆ ਹੈ ਕਿ ਉਨ੍ਹਾਂ ਦੇ ਗੈਂਗ ਨੇ 2017 ਦੇ ਦਸੰਬਰ ਮਹੀਨੇ ਵਿੱਚ ਪਿੰਡ ਬਰਧਾਲਾ ਵਿਖੇ ਰਾਤ ਸਮੇਂ ਮਾਰੂ ਹਥਿਆਰਾਂ ਦੀ ਨੋਕ 'ਤੇ ਰਿਲਾਇੰਸ ਪੈਟਰੋਲ ਪੰਪ ਲੁਟਿਆ ਸੀ ਅਤੇ ਉੱਥੋਂ ਦੇ ਵਰਕਰਾਂ ਨਾਲ ਕੁੱਟਮਾਰ ਕਰਕੇ ਉਨ੍ਹਾਂ ਦੇ ਮੋਬਾਇਲ ਅਤੇ ਕਰੀਬ 3,00,000/-ਰੁਪਏ ਨਗਦੀ ਖੋਹੀ ਸੀ।ਜਿਸ ਸਬੰਧੀ ਥਾਣਾ ਸਮਰਾਲਾ ਜਿਲ੍ਹਾ ਲੁਧਿਆਣਾ ਵਿਖੇ ਮਾਮਲਾ ਦਰਜ ਹੈ।ਇਸ ਤੋਂ ਬਿਨ੍ਹਾਂ ਇਸ ਗਿਰੋਹ ਦੇ ਮੈਬਰਾਂ ਨੇ ਹੋਰ ਵੀ ਕਾਫੀ ਵਾਰਦਾਤਾਂ ਕੀਤੀਆਂ ਹਨ ਅਤੇ ਦੁਬਾਰਾ ਫਿਰ ਤੋਂ ਪੈਟਰੋਲ ਪੰਪ ਲੁਟਣ ਦੀ ਫਿਰਾਕ ਵਿੱਚ ਸਨ, ਜੋ ਸਮਾਂ ਰਹਿੰਦਿਆ ਇਸ ਗਿਰੋਹ ਨੂੰ ਕਾਬੂ ਕਰਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਰੋਕਿਆ ਗਿਆ ਹੈ ਅਤੇ ਦੋਸ਼ੀਆ ਤੋਂ ਵਾਰਦਾਤਾਂ ਵਿੱਚ ਵਰਤੇ ਗਏ ਹਥਿਆਰ ਵੀ ਬਰਾਮਦ ਕੀਤੇ ਗਏ ਹਨ ਅਤੇ ਵਾਰਦਾਤ ਦੌਰਾਨ ਵਰਤੇ ਗਏ ਮੋਟਰਸਾਇਕਲ ਸਮੇਤ ਪੰਪ ਤੋਂ ਲੁੱਟੀ ਹੋਈ ਰਕਮ ਵਿੱਚੋਂ 3,70,700/-ਰੁਪਏ ਬਰਾਮਦ ਕੀਤੀ ਜਾ ਚੁੱਕੀ ਹੈ।ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।ਇਨ੍ਹਾਂ ਪਾਸੋ ਹੋਰ ਵਾਰਦਾਤਾ ਬਾਰੇ ਪੁੱਛਗਿੱਛ ਕੀਤੀ ਜਾਵੇਗੀ ਤੇ ਇਸ ਗਿਰੋਹ ਦੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

-PTCNews

Related Post