ਸੁਖਬੀਰ ਸਿੰਘ ਬਾਦਲ ਨੇ 'ਆਪ' ਸਰਕਾਰ ਨੂੰ ਘੇਰਿਆ, ਕਹੀ ਇਹ ਵੱਡੀ ਗੱਲ
ਆਦਮਪੁਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਜਵਾਬ ਦੇਣ ਕਿ ਕੀ ਉਹ ਬਠਿੰਡਾ ਦਿਹਾਤੀ ਤੋਂ ਪਾਰਟੀ ਦੇ ਵਿਧਾਇਕ ਅਮਿਤ ਰਤਨ ਦਾ ਬਚਾਅ ਇਸ ਕਰ ਕੇ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਵੀ ਰਤਨ ਦੇ ਦੋ ਨੰਬਰੀ ਪੈਸੇ ਵਿਚੋਂ ਹਿੱਸਿਆ ਮਿਲਿਆ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਘਿਨੌਣੀ ਹਰਕਤ ਹੈ ਕਿ ਆਪ ਸਰਕਾਰ ਬਠਿੰਡਾ ਤੋਂ ਭ੍ਰਿਸ਼ਟ ਵਿਧਾਇਕ ਨੂੰ ਪਿੰਡ ਘੁੱਦਾ ਦੇ ਸਰਪੰਚ ਤੋਂ 5 ਲੱਖ ਰੁਪਏ ਰਿਸ਼ਵਤ ਲੈਂਦਿਆਂ ਵਿਜੀਲੈਂਸ ਰੰਗੇ ਹੱਥੀਂ ਫੜੇ ਜਾਣ ਤੋਂ ਬਾਅਦ ਤੁਰੰਤ ਉਸਦਾ ਬਚਾਅ ਕਰਨ ਵਿਚ ਨਿੱਤਰ ਵਿਚ ਆਈ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਜਿਹਾ ਸਿਰਫ ਮੁੱਖ ਮੰਤਰੀ ਜਾਂ ਅਰਵਿੰਦ ਕੇਜਰੀਵਾਲ ਦੇ ਹੁਕਮਾਂ ’ਤੇ ਸੰਭਵ ਹੈ। ਉਨ੍ਹਾਂ ਨੇ ਕਿਹਾ ਕਿ ਇਹ ਗੱਲ ਰਿਕਾਰਡ ’ਤੇ ਮੌਜੂਦ ਹੈ ਕਿ ਅਮਿਤ ਰਤਨ ਨੇ ਸਰਪੰਚ ਤੋਂ 5 ਲੱਖ ਰੁਪਏ ਰਿਸ਼ਵਤ ਮੰਗੀ ਸੀ। ਉਨ੍ਹਾਂ ਕਿਹਾ ਕਿ ਵਿਧਾਇਕ ਦੀ ਬਠਿੰਡਾ ਸਰਕਟ ਹਾਊਸ ਵਿਚ ਮੌਜੂਦ ਹੋਣ ਵੇਲੇ ਵੀਡੀਓ ਬਣਾਈ ਗਈ ਜਦੋਂ ਉਸਨੂੰ ਰਿਸ਼ਵਤ ਦਾ ਪੈਸਾ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਇਹਨਾਂ ਸਾਰੇ ਸਬੂਤਾਂ ਦੇ ਬਾਵਜੂਦ ਅਮਿਤ ਰਤਨ ਦਾ ਬਚਾਅ ਕਰ ਕੇ ਸਾਰਾ ਦੋਸ਼ ਉਸਦੇ ਪੀ ਏ ਸਿਰ ਮੜਨ ਦਾ ਯਤਨ ਕੀਤਾ ਜਾ ਰਿਹਾ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਅਮਿਤ ਰਤਨ ਦੀਆਂ ਭ੍ਰਿਸ਼ਟ ਗਤੀਵਿਧੀਆਂ ਉਦੋਂ ਹੀ ਜੱਗ ਜ਼ਾਹਰ ਹੋ ਗਈਆਂਸਨ ਜਦੋਂ ਉਹ ਅਕਾਲੀ ਦਲ ਦਾ ਮੈਂਬਰ ਸੀ। ਉਹਨਾਂ ਕਿਹਾ ਕਿ ਅਸੀਂ ਸਰਦਾਰ ਸਿਕੰਦਰ ਸਿੰਘ ਮਲੂਕਾ ਦੀ ਅਗਵਾਹੀ ਹੇਠ ਉੱਚ ਪੱਧਰੀ ਕਮੇਟੀ ਬਣਾ ਕੇ ਉਹਨਾਂ ਖਿਲਾਫ ਸੈਂਕੜੇ ਕਿਸਾਨਾਂ ਅਤੇ ਪਾਰਟੀ ਵੱਲੋਂ ਲਗਾਏ ਦੋਸ਼ਾਂ ਦੀ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਰਤਨ ਨੇ ਉਹਨਾਂ ਤੋਂ ਲੱਖਾਂ ਰੁਪਏ ਬਟੋਰ ਲਏ ਹਨ ਤੇ ਉਹ ਵਾਪਸ ਨਹੀਂ ਕਰ ਰਿਹਾ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਅਕਾਲੀ ਦਲ ਨੇ ਉਸਨੂੰ ਪਾਰਟੀ ਵਿਚੋਂ ਕੱਢ ਦਿੱਤਾ ਸੀ ਤੇ ਆਪ ਪਾਰਟੀ ਨੇ ਉਸਨੂੰ ਅਪਣਾ ਲਿਆ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਟਿਕਟ ਦੇ ਦਿੱਤੀ ਸੀ।
ਬਾਦਲ ਨੇ ਮੰਗ ਕੀਤੀ ਕਿ ਆਪ ਵਿਧਾਇਕ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਸਾਰੇ ਮਾਮਲੇ ਤੇ ਰਤਨ ਦੇ ਸਾਰੇ ਘੁਟਾਲਿਆਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਇਹਸਪਸ਼ਟ ਹੈ ਕਿ ਰਤਨ ਨੇ ਪਿੰਡਾਂ ਦੀਆਂ ਪੰਚਾਇਤਾਂ ਸਮੇਤ ਹੋਰਨਾਂ ਤੋਂ ਵੀ ਰਿਸ਼ਵਤ ਲਈ ਹੋਵੇਗੀ। ਉਹਨਾਂ ਕਿਹਾਕਿ ਇਹਨਾਂ ਹਰਕਤਾਂ ਦੀ ਜਾਂਚ ਜ਼ਰੂਰੀ ਹੈ ਤਾਂ ਜੋ ਜਿਹਨਾਂ ਨਾਲ ਭ੍ਰਿਸ਼ਟ ਵਿਧਾਇਕ ਨੇ ਠੱਗੀ ਮਾਰੀ ਹੈ, ਉਹਨਾਂ ਨੂੰ ਨਿਆਂ ਦਿੱਤਾ ਜਾ ਸਕੇ।
ਸੁਖਬੀਰ ਸਿੰਘ ਬਾਦਲ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਅਤੇ ਸੰਤ ਬਾਬਾ ਨਿਰੰਜਣ ਦਾਸ ਜੀ ਤੋਂ ਆਸ਼ੀਰਵਾਦ ਲਿਆ। ਇਸ ਤੋਂ ਪਹਿਲਾਂ ਉਹ ਸੰਤ ਹਰੀ ਦਾਸ ਜੀ ਉਦਾਸੀਨ ਆਸ਼ਰਮ ਪਿੰਡ ਕਪੂਰ ਢੇਪੁਰ ਵਿਖੇ ਵੀ ਨਤਮਸਤਕ ਹੋਏ ਤੇ ਸੰਤ ਪਰਦਾਸ ਦਾਸ ਜੀ ਤੋਂ ਆਸ਼ੀਰਵਾਦ ਲਿਆ।ਅਕਾਲੀ ਦਲ ਦੇ ਪ੍ਰਧਾਨ ਨੇ ਸ਼ਿਵਰਾਤਰੀ ਮੌਕੇ ਪ੍ਰਾਚੀਨ ਸ੍ਰੀ ਸ਼ਿਵ ਮੰਦਿਰ ਅਤੇ ਸ੍ਰੀ ਠਾਕੁਰ ਦਵਾਰਾ ਮੰਦਿਰ ਆਦਮਪੁਰ ਸ਼ਹਿਰ ਵਿਖੇ ਵੀ ਨਤਮਸਤਕ ਹੋਕੇ ਆਸ਼ੀਰਵਾਦ ਲਿਆ।
- PTC NEWS