ਅਮਰੀਕਾ ਨਿਵਾਸੀ ਜਰਨੈਲ ਸਿੰਘ ਗਿਲਜੀਆਂ ਵੱਲੋਂ ਲੰਗਰ ਸ੍ਰੀ ਗੁਰੂ ਰਾਮਦਾਸ ਲਈ 5 ਲੱਖ ਰੁਪਏ ਭੇਟ

By  Shanker Badra April 8th 2020 07:02 PM

ਅਮਰੀਕਾ ਨਿਵਾਸੀ ਜਰਨੈਲ ਸਿੰਘ ਗਿਲਜੀਆਂ ਵੱਲੋਂ ਲੰਗਰ ਸ੍ਰੀ ਗੁਰੂ ਰਾਮਦਾਸ ਲਈ 5 ਲੱਖ ਰੁਪਏ ਭੇਟ:ਅੰਮ੍ਰਿਤਸਰ : ਅਮਰੀਕਾ ਨਿਵਾਸੀ ਜਰਨੈਲ ਸਿੰਘ ਗਿਲਜੀਆਂ ਨੇ ਆਪਣੀ ਕਿਰਤ ਕਮਾਈ ਨੂੰ ਸਫਲਾ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਪੰਜ ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ ਹੈ। ਹੁਸ਼ਿਆਰਪੁਰ ਦੇ ਟਾਂਡਾ ਨਾਲ ਸਬੰਧਤ ਗਿਲਜੀਆਂ ਦੇ ਭਰਾ ਲਖਵਿੰਦਰ ਸਿੰਘ ਲੱਖੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਲੰਗਰ ਸੇਵਾ ਲਈ ਇਸ ਭੇਟਾ ਰਾਸ਼ੀ ਦਾ ਚੈੱਕ ਸੌਂਪਿਆ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਮੌਜੂਦਾ ਸੰਕਟ ਸਮੇਂ ਲੋੜਵੰਦਾਂ ਲਈ ਕੀਤੀ ਜਾ ਰਹੀ ਲੰਗਰ ਸੇਵਾ ਦੀ ਸ਼ਲਾਘਾ ਕੀਤੀ। ਲਖਵਿੰਦਰ ਸਿੰਘ ਨੇ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਇਸ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਬਿਨਾਂ ਭੇਦ ਭਾਵ ਦੇ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ ਸਹਿਯੋਗੀ ਬਣਨ ਤਾਂ ਜੋ ਸਿੱਖ ਕੌਮ ਦੀ ਮਹਾਨ ਸੰਸਥਾ ਲੋੜਵੰਦਾਂ ਦੀ ਸੇਵਾ ਨਿਰੰਤਰ ਕਰਦੀ ਰਹੇ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜਰਨੈਲ ਸਿੰਘ ਯੂਐਸਏ ਤੇ ਉਨ੍ਹਾਂ ਦੇ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਕਾ ਲੰਗਰ ਸੰਗਤਾਂ ਦੀ ਸਹਿਯੋਗ ਨਾਲ ਹੀ ਚੱਲਦਾ ਹੈ ਅਤੇ ਗੁਰੂ ਕੀ ਸੇਵਾ ਵਿਚ ਹਿੱਸਾ ਪਾਉਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਇਸ ਪਾਵਨ ਅਸਥਾਨ ਲਈ ਸੇਵਾ ਭੇਜਣ ਵਾਸਤੇ ਬਹੁਤ ਸਾਰੀਆਂ ਸੰਗਤਾਂ ਸੰਪਰਕ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੰਗਰ ਸੇਵਾ ਲਈ ਸਹਿਯੋਗ ਭੇਜਣ ਵਾਲੀਆਂ ਸੰਗਤਾਂ ਆਨਲਾਈਨ ਤਰੀਕੇ ਨਾਲ ਵੀ ਪੈਸੇ ਭੇਜ ਸਕਦੀਆਂ ਹਨ। ਸੇਵਾ ਰਾਸ਼ੀ ਸ਼੍ਰੋਮਣੀ ਕਮੇਟੀ ਦੇ ਐਚ.ਡੀ.ਐਫ.ਸੀ. ਬੈਂਕ ਖਾਤਾ ਨੰਬਰ 50100300315215, ਆਈ.ਐਫ.ਐਸ.ਸੀ. ਕੋਡ ਨੰਬਰ ਐਚ.ਡੀ.ਐਫ.ਸੀ.0001313 ਵਿਚ ਭੇਜੀ ਜਾ ਸਕਦੀ ਹੈ।

ਭਾਈ ਲੌਂਗੋਵਾਲ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਮੌਜੂਦਾ ਸੰਕਟ ਸਮੇਂ ਲੋੜਵੰਦਾਂ ਲਈ ਲਗਾਤਾਰ ਲੰਗਰ ਤਿਆਰ ਕਰ ਕੇ ਭੇਜਿਆ ਜਾ ਰਿਹਾ ਹੈ। ਇਸ ਕਾਰਜ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਸਾਰੇ ਗੁਰਦੁਆਰਾ ਸਾਹਿਬਾਨ ਤੋਂ ਸੇਵਾ ਨਿਭਾਈ ਜਾ ਰਹੀ ਹੈ। ਇਹ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲ ਰਿਹਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਸੰਗਤ ਨੂੰ ਲੰਗਰ ਸੇਵਾ ਵਿਚ ਹਿੱਸਾ ਪਾਉਣ ਲਈ ਅਪੀਲ ਕਰਦਿਆਂ ਕਿਹਾ ਕਿ ਇਸ ਸੰਕਟਮਈ ਸਮੇਂ ਹਰ ਸਿੱਖ ਆਪਣੀ ਸਮਰੱਥਾ ਅਨੁਸਾਰ ਅੱਗੇ ਆਵੇ। ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਇਸ ਸੰਕਟ ਤੋਂ ਛੁਟਕਾਰੇ ਲਈ ਕਰਤਾਪੁਰਖ ਅਤੇ ਗੁਰੂ ਸਾਹਿਬਾਨ ਅੱਗੇ ਅਰਦਾਸ ਬੇਨਤੀ ਵੀ ਕਰਨ।

-PTCNews

Related Post