ਮੁੱਖ ਮੰਤਰੀ ਉਤਰਾਖੰਡ ਦੇ ਗੁਰਦੁਆਰਾ ਸਾਹਿਬ ਪਹੁੰਚਣ ਸਮੇਂ ਮਰਯਾਦਾ ਦੀ ਹੋਈ ਉਲੰਘਣਾ ਕਾਰਨ ਸਿੱਖ ਭਾਵਨਾਵਾਂ ਨੂੰ ਪੁੱਜੀ ਠੇਸ: ਬੀਬੀ ਜਗੀਰ ਕੌਰ

By  Jashan A July 26th 2021 05:31 PM

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ ਪਹੁੰਚਣ ’ਤੇ ਉਸ ਦੇ ਸਵਾਗਤ ਵਿਚ ਮਰਯਾਦਾ ਦੀ ਹੋਈ ਉਲੰਘਣਾ ਦਾ ਸਖ਼ਤ ਨੋਟਿਸ ਲਿਆ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਆਪਣੀ ਮਰਯਾਦਾ ਹੈ, ਜਿਸ ਦੀ ਉਲੰਘਣਾ ਦਾ ਕਿਸੇ ਨੂੰ ਹੱਕ ਨਹੀਂ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਸਵਾਗਤ ਲਈ ਕੁੜੀਆਂ ਤੋਂ ਨ੍ਰਿਤ ਕਰਵਾ ਕੇ ਮਰਯਾਦਾ ਦੀ ਘੋਰ ਉਲੰਘਣਾ ਕੀਤੀ ਹੈ, ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਸਮੇਂ ਮੁੱਖ ਮੰਤਰੀ ਨੂੰ ਸਿਰਪਾਓ ਤੇ ਸਿਰੀ ਸਾਹਿਬ ਦੇ ਨਾਲ ਚਾਂਦੀ ਦਾ ਮੁਕਟ ਦੇ ਕੇ ਸਨਮਾਨਿਤ ਵੀ ਮਰਯਾਦਾ ਦੇ ਉਲਟ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਪੱਤਰ ਲਿਖ ਕੇ ਵਾਪਰੀ ਘਟਨਾ ਸਬੰਧੀ ਸਪੱਸ਼ਟਕਰਣ ਲਿਆ ਜਾਵੇਗਾ।

ਹੋਰ ਪੜ੍ਹੋ: Tokyo Olympics 2020: ਮੀਰਾਬਾਈ ਚਾਨੂੰ ਨੂੰ ਮਿਲ ਸਕਦਾ ਹੈ ਗੋਲਡ ਮੈਡਲ, ਜਾਣੋ ਕਿਵੇਂ

ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਮਾਮਲੇ ਦੀ ਜਾਂਚ ਕਰਕੇ ਮੁਕੰਮਲ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪੇਗੀ।

ਇਸੇ ਦੌਰਾਨ ਬੀਬੀ ਜਗੀਰ ਕੌਰ ਨੇ ਹਰਿਆਣਾ ਦੇ ਆਗੂ ਗੁਨੀ ਪ੍ਰਕਾਸ਼ ਵੱਲੋਂ ਕਿਸਾਨ ਲੀਡਰ ਸ. ਗੁਰਨਾਮ ਸਿੰਘ ਚੜੂਨੀ ਖਿਲਾਫ਼ ਕੀਤੀਆਂ ਗਈਆਂ ਟਿੱਪਣੀਆਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਗੁਨੀ ਪ੍ਰਕਾਸ਼ ਵੱਲੋਂ ਦਿੱਤਾ ਗਿਆ ਇਹ ਵਿਵਾਦਤ ਬਿਆਨ ਸਿੱਖਾਂ ਅਤੇ ਹਿੰਦੂਆਂ ਵਿਚ ਪਾੜਾ ਪਾਉਣ ਦੀ ਮਨਸ਼ਾ ਨਾਲ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੁਝ ਸ਼ਕਤੀਆਂ ਕਿਸਾਨ ਅੰਦੋਲਨ ਨੂੰ ਕੇਵਲ ਸਿੱਖਾਂ ਨਾਲ ਜੋੜ ਕੇ ਇਸ ਵਿਚ ਪਾੜ ਪਾਉਣਾ ਚਾਹੁੰਦੀਆਂ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬੀਬੀ ਜਗੀਰ ਕੌਰ ਨੇ ਭਾਜਪਾ ਆਗੂ ਗੁਨੀ ਪ੍ਰਕਾਸ਼ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਆਪਣੇ ਵਤੀਰੇ ਲਈ ਸਿੱਖ ਸੰਗਤ ਪਾਸੋਂ ਮੁਆਫ਼ੀ ਮੰਗਣ।

-PTC News

Related Post