ਕਪੂਰਥਲਾ ਦੇ ਗੁਰਦੁਆਰਾ ਸਾਹਿਬ 'ਚ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਨੂੰ ਭੀੜ ਨੇ ਉਤਾਰਿਆ ਮੌਤ ਦੇ ਘਾਟ
ਕਪੂਰਥਲਾ: ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਹੁਣ ਅੱਜ ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਦੇ ਗੁਰਦੁਆਰਾ ਸਾਹਿਬ ਵਿਚ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੂੰ ਵੀ ਲੋਕਾਂ ਦੀ ਭੀੜ ਨੇ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਹ ਵਿਅਕਤੀ ਸਵੇਰੇ ਗੁਰਦੁਆਰਾ ਸਾਹਿਬ ਵਿਚ ਨਿਸ਼ਾਨ ਸਾਹਿਬ ਨਾਲ ਛੇੜਛਾੜ ਕਰਦਾ ਫੜਿਆ ਗਿਆ ਸੀ। ਨੌਜਵਾਨ ਨੇ ਖ਼ੁਦ ਨੂੰ ਦਿੱਲੀ ਦਾ ਰਹਿਣ ਵਾਲਾ ਦੱਸਿਆ ਸੀ। ਫਿਲਹਾਲ ਪੁਲਿਸ ਲਾਸ਼ ਨੂੰ ਸਿਵਲ ਹਸਪਤਾਲ ਲੈ ਗਈ ਹੈ।
ਦੱਸ ਦੇਈਏ ਕਿ ਅੱਜ ਸਵੇਰੇ ਪਿੰਡ ਵਾਸੀਆਂ ਨੇ ਬੇਅਦਬੀ ਦੇ ਦੋਸ਼ 'ਚ ਇਸ ਨੌਜਵਾਨ ਨੂੰ ਫੜਿਆ ਸੀ। ਇਸ ਤੋਂ ਬਾਅਦ ਉਸਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਆਪਣੇ ਨਾਲ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਦੀ ਭੀੜ ਨਾਲ ਝੜਪ ਹੋ ਗਈ ਜਿਸ ਤੋਂ ਬਾਅਦ ਪੁਲਿਸ ਨੇ ਹਵਾਈ ਫਾਇਰ ਵੀ ਕੀਤੇ।
ਪੁਲਿਸ ਨੇ ਉਸ ਵਿਅਕਤੀ ਨੂੰ ਸਿੱਖ ਸੰਗਤ ਦੇ ਚੁੰਗਲ ਵਿੱਚੋਂ ਛੁਡਵਾ ਕੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਪਰ ਗੁੱਸੇ ਵਿੱਚ ਆਈ ਭੀੜ ਨੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਸੰਗਤ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਨੇ ਦੱਸਿਆ ਹੈ ਕਿ ਉਨ੍ਹਾਂ ਦੀ 9 ਵਿਅਕਤੀਆਂ ਦੀ ਟੀਮ ਦਿੱਲੀ ਤੋਂ ਆਈ ਸੀ। ਨੌਜਵਾਨ ਨੇ ਦੱਸਿਆ ਕਿ ਉਸ ਦੀ ਭੈਣ ਵੀ ਬੇਅਦਬੀ ਕਰਨ ਆਈ ਸੀ ਪਰ ਉਹ ਨਾ ਤਾਂ ਆਪਣਾ ਨਾਂ ਦੱਸ ਰਿਹਾ ਸੀ ਤੇ ਨਾ ਹੀ ਆਪਣੀ ਭੈਣ ਦਾ ਨਾਂ ਹੀ ਦੱਸਿਆ।
ਪੁਲਿਸ ਨੇ ਮੁਲਜ਼ਮ ’ਤੇ ਕਾਨੂੰਨੀ ਕਾਰਵਾਈ ਦਾ ਭਰੋਸਾ ਦਿੱਤਾ ਸੀ ਪਰ ਹੁਣ ਉਸ ਦੀ ਮੌਤ ਹੋ ਗਈ ਹੈ। ਇਹ ਲਗਾਤਾਰ ਦੂਜਾ ਦਿਨ ਹੈ ਜਦੋਂ ਬੇਅਦਬੀ ਦੇ ਦੋਸ਼ੀ ਨੂੰ ਮਾਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਸ਼ਾਮ ਨੂੰ ਅੰਮ੍ਰਿਤਸਰ 'ਚ ਬੇਅਦਬੀ ਦੇ ਦੋਸ਼ੀ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਸੀ।
ਘਟਨਾ ਤੋਂ ਬਾਅਦ ਇਥੇ ਹਾਲਾਤ ਵਿਗੜਦੇ ਨਜ਼ਰ ਆ ਰਹੇ ਹਨ। ਇਸ ਤੋਂ ਭੜਕੇ ਲੋਕਾਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਰੋਡ ਜਾਮ ਕਰਕੇ ਧਰਨਾ ਵੀ ਲਗਾ ਦਿੱਤਾ। ਪੁਲਿਸ ਦੇ ਨਾਲ ਸ਼ਰਧਾਲੂਆਂ ਦੀ ਝੜਪ ਵੀ ਹੋਈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਾਗੀਰ ਕੌਰ, ਮੈਂਬਰ ਪਰਮਜੀਤ ਸਿੰਘ ਰਾਏਪੁਰ ਤੇ ਜਰਨੈਲ ਸਿੰਘ ਡੋਗਰਾਵਾਲਾ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਤੇ ਇਸ ਨੂੰ ਡੂੰਘੀ ਸਾਜ਼ਿਸ਼ ਦੱਸਿਆ ਹੈ।
-PTC News