ਮੁੱਖ ਖਬਰਾਂ

ਬੰਬੀਹਾ ਗਰੁੱਪ ਦੀ ਪੰਜਾਬ ਪੁਲਿਸ ਨੂੰ ਧਮਕੀ 'ਹੁਣ ਸਿੱਧਾ ਕੰਮ ਕਰਾਂਗੇ'

By Jasmeet Singh -- September 02, 2022 9:16 pm -- Updated:September 02, 2022 9:35 pm

ਚੰਡੀਗੜ੍ਹ, 2 ਸਤੰਬਰ: ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਪੰਜਾਬ ਪੁਲਿਸ ਦੇ ਨਾਂਅ 'ਤੇ ਧਮਕੀ ਭਰਿਆ ਪੋਸਟ ਪਾਇਆ ਗਿਆ, ਜੋ ਫੇਸਬੁੱਕ 'ਤੇ ਧੜੱਲੇ ਨਾਲ ਵਾਇਰਲ ਜਾ ਰਿਹਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਆਪਣੀ ਪਿਛਲੀ ਪੋਸਟ ਵਿਚ ਇਸ ਗਰੁੱਪ ਵੱਲੋਂ ਪੁਲਿਸ ਦੇ ਨਾਲ ਨਾਲ ਪੰਜਾਬੀ ਗਾਇਕ ਮਾਨਕਿਰਤ ਔਲਖ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।

ਇਸ ਵਾਰਾਂ ਉਨ੍ਹਾਂ ਪੰਜਾਬ ਪੁਲਿਸ ਦੇ ਨਾਂਅ ਆਪਣੇ ਪੋਸਟ 'ਚ ਕਿਹਾ ਕਿ ਜੇਕਰ ਪੁਲਿਸ ਉਨ੍ਹਾਂ ਦੇ ਗਰੁੱਪ ਦੇ ਬੰਦਿਆਂ ਨੂੰ ਤੰਗ ਪ੍ਰੇਸ਼ਾਨ ਕਰਨੋਂ ਨਾ ਹੱਟੀ ਤਾਂ ਇਸ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ। ਆਪਣੀ ਇਸ ਪੋਸਟ ਵਿਚ ਉਨ੍ਹਾਂ ਗੈਂਗਸਟਰ ਸੁਖਪ੍ਰੀਤ ਬੁੱਢਾ ਦਾ ਖ਼ਾਸ ਜ਼ਿਕਰ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ ਉਨ੍ਹਾਂ ਦੇ ਬੰਦੇ ਨੂੰ ਬਹੁਤ ਤੰਗ ਕੀਤਾ ਜਾ ਰਿਹਾ ਜਿਸ ਲਈ ਹੁਣ ਉਹ ਧਮਕੀ ਨਹੀਂ ਦੇਣਗੇ ਬਜਾਏ ਇਸ ਦੇ ਉਹ ਕੁੱਝ ਵੱਡਾ ਕਾਰਾ ਕਰਨਗੇ ਜਿਸ ਲਈ ਉਨ੍ਹਾਂ ਸਾਰਿਆਂ ਨੂੰ ਤਿਆਰ ਰਹਿਣ ਲਈ ਕਿਹਾ ਹੈ।

ਬੀਤੇ ਕੁੱਝ ਦਿਨ ਪਹਿਲਾਂ ਜਦੋਂ ਇਸ ਗੈਂਗ ਨੇ ਪਹਿਲੀ ਵਾਰੀ ਪੁਲਿਸ ਨੂੰ ਧਮਕੀ ਦਿੱਤੀ ਸੀ ਤਾਂ ਪੁਲਿਸ ਨੇ ਬੰਬੀਹਾ ਗਰੁੱਪ ਨਾਲ ਸਬੰਧਿਤ ਸੁਖਪ੍ਰੀਤ ਬੁੱਢਾ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਸੀ, ਜੋ ਕਿ ਇਸ ਵੇਲੇ ਬਠਿੰਡਾ ਜੇਲ੍ਹ 'ਚ ਬੰਦ ਹੈ। ਗਰੁੱਪ ਵੱਲੋਂ ਬਠਿੰਡਾ ਜੇਲ੍ਹ ਦੇ ਡਿਪਟੀ ਸੁਪਰਡੈਂਟ ਨਵਦੀਪ ਸਿੰਘ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਬੰਬੀਹਾ ਗਰੁੱਪ ਜੋ ਕਿ ਲਾਰੈਂਸ ਬਿਸ਼ਨੋਈ ਗੈਂਗ ਦੀ ਕੱਟੜ ਵੈਰੀ ਹੈ, ਉਸ ਦੇ ਵਿਰੋਧੀ ਧੜੇ ਵੱਲੋਂ ਵੀ ਬੀਤੀ ਦਿਨੀਂ ਜੇਲ੍ਹ ਮੰਤਰੀ ਹਰਜੋਤ ਬੈਂਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ ਅਤੇ ਹੁਣ ਇਸ ਗਰੁੱਪ ਵੱਲੋਂ ਪੰਜਾਬ ਪੁਲਿਸ ਨੂੰ ਧਮਕੀ ਦਿੱਤੀ ਗਈ ਹੈ।

ਇਨ੍ਹਾਂ ਧਮਕੀਆਂ ਤੋਂ ਪਤਾ ਲੱਗਦਾ ਵੀ ਪੰਜਾਬ 'ਚ ਗੈਂਗਸਟਰਵਾਦ ਦੀਆਂ ਜੜਾਂ ਕਿੰਨੀਆਂ ਡੂੰਘੀਆਂ ਨੇ ਜੋ ਜਲਦੀ ਕੀਤੇ ਪੁੱਟਣੀਆਂ ਸੌਖੀ ਨਹੀਂ ਜਾਪਦੀ ਪਰ 'ਆਪ' ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕਿ ਉਹ ਇਸ ਟਰੈਂਡ ਨੂੰ ਮੁਕਾ ਕੇ ਹਟੇਗੀ। ਹਾਲਾਂਕਿ ਇਹ ਵੀ ਸੱਚ ਹੈ ਕਿ ਸਰਕਾਰ ਦੇ ਸੱਤਾ 'ਤੇ ਕਾਬਜ਼ ਹੋਣ ਮਗਰੋਂ ਸੂਬੇ ਵਿਚ ਕਾਨੂੰਨ ਵਿਵਸਥਾ ਦਾ ਹਾਲ ਬਦ ਤੋਂ ਬਦਤਰ ਹੋ ਚੁੱਕਿਆ ਹੈ।

ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਮਿਲੀ ਇਸ ਧਮਕੀ ਮਗਰੋਂ ਕੀ ਸੁਰੱਖਿਆ ਉਪਾਅ ਆਪਣੇ ਜਾਂਦੇ ਹਨ। ਸਿੱਧੂ ਮੂਸੇਵਾਲੇ ਦੇ ਕਤਲ ਨੇ ਇਹ ਤਾਂ ਜ਼ਾਹਿਰ ਕਰ ਦਿੱਤਾ ਵੀ ਇਹ ਵੱਖ ਵੱਖ ਗੈਂਗ ਆਪਣੇ ਨਾਪਾਕ ਮਨਸੂਬਿਆਂ ਨੂੰ ਪੂਰਾ ਕਰਨ ਲਈ ਕਿਸੀ ਹੱਦ ਤੱਕ ਵੀ ਗਿਰ ਸਕਦੀਆਂ ਹਨ।


-PTC News

  • Share