ਪੰਜਾਬੀ ਮੂਲ ਦੀ ਕੁੜੀ ਦੀ ਸਰੀ 'ਚ ਭੇਦਭਰੇ ਹਾਲਾਤਾਂ 'ਚ ਹੋਈ ਮੌਤ!
ਸਰੀ— ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਦੇ ਸ਼ਹਿਰ ਸਰੀ 'ਚ ਉਸ ਵੇਲੇ ਸਨਸਨੀ ਫੈਲ ਗਈ ਸੀ, ਜਦੋਂ ਲੋਕਾਂ ਨੂੰ ਇਕ ਝੁਲਸੀ ਹੋਈ ਲਾਸ਼ ਮਿਲੀ। ਮ੍ਰਿਤਕ ਦੀ ਪਹਿਚਾਣ 19 ਸਾਲਾ ਪੰਜਾਬੀ ਮੂਲ ਦੀ ਕੁੜੀ ਭਵਕਿਰਨ ਢੇਸੀ ਦੇ ਵਜੋਂ ਹੋਈ ਹੈ। ਪੂਰੀ ਤਰ੍ਹਾਂ ਸੜ੍ਹ ਚੁੱਕੀ ਕਾਰ 'ਚ ਲਾਸ਼ ਮਿਲਣ ਕਾਰਨ ਲੋਕਾਂ 'ਚ ਹੈਰਾਨੀ ਅਤੇ ਦੁੱਖ ਦੀ ਲਹਿਰ ਸੀ। ਇਸ ਇਲਾਕੇ ਵਿੱਚ ਜ਼ਿਆਦਾਤਰ ਪੰਜਾਬੀ ਲੋਕ ਹੀ ਰਹਿੰਦੇ ਹਨ। ਲੜਕੀ ਦਾ ਛੋਟਾ ਨਾਮ ਕਿਰਨ ਹੈ ਅਤੇ ਇਸਦੀ ਲਾਸ਼ ੨੪ਵੇਂ ਅਵੈਨਿਊ 'ਚ ਗਲੀ ਨੰਬਰ ੧੮੪ ਅਤੇ ੧੮੮ ਦੇ ਕੋਲ ਜਲੀ ਹੋਈ ਹਾਲਤ 'ਚ ਪਈ ਹੋਈ ਸੀ । ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਮੰਗਲਵਾਰ ਨੂੰ ਰਾਤ ੯ ਵਜੇ ਕਿਰਨ ਆਪਣੇ ਪਰਿਵਾਰ ਨੂੰ ਆਖਰੀ ਵਾਰ ਮਿਲੀ ਸੀ। ਉਸਦੀ ਮੌਤ ਕਾਰਨ ਪੂਰਾ ਪਰਿਵਾਰ ਅਜੇ ਤੱਕ ਸਦਮੇ 'ਚ ਹੈ। ਹਾਲੇ ਤੱਕ ਮੌਤ ਦੇ ਕਾਰਨਾਂ ਬਾਰੇ ਸਬੂਤ ਨਹੀਂ ਮਿਲ ਸਕਿਆ ਹੈ। ਪੁਲਸ ਅਨੁਸਾਰ ਕਿਰਨ ਦਾ ਕੋਈ ਅਪਰਾਧਕ ਰਿਕਾਰਡ ਦਰਜ ਨਹੀਂ ਹੈ। ਇਹ ਗੈਂਗ ਨਾਲ ਸੰਬੰਧਤ ਮਾਮਲਾ ਹੋ ਸਕਦਾ ਹੈ। ਕਾਲਜ 'ਚ ਪੜ੍ਹ ਰਹੀ ਕਿਰਨ ਦੀ ਮੌਤ ਬਾਰੇ ਪੁਲਿਸ ਨੇ ਕਿਹਾ ਕਿ ਉਸਦੇ ਦੋਸਤਾਂ ਤੋਂ ਪੁੱਛਗਿਛ ਕੀਤੀ ਜਾਣੀ ਅਜੇ ਬਾਕੀ ਹੈ। ਇਸ ਮਾਮਲੇ 'ਚ ਕੋਈ ਵਿਅਕਤੀ ਗ੍ਰਿਫਤਾਰ ਨਹੀਂ ਹੋਇਆ ਹੈ। ਸਰੀ 'ਚ ਹਿੰਸਕ ਵਾਰਦਾਤ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਸਮੂਹ ਪੰਜਾਬੀ ਭਾਈਚਾਰੇ ਨੇ ਕਿਰਨ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। —PTC News