ਕਾਂਗਰਸ ਨੂੰ ਵੱਡਾ ਝਟਕਾ- ਫਤਿਹਜੰਗ ਬਾਜਵਾ ਤੇ ਬਲਵਿੰਦਰ ਲਾਡੀ ਭਾਜਪਾ 'ਚ ਹੋਏ ਸ਼ਾਮਲ
ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਗਰਮਾਇਆ ਹੋਇਆ ਹੈ ਤੇ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਵਿਧਾਨਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਖਿੱਚੀਆਂ ਜਾ ਰਹੀਆਂ ਹਨ। ਸਾਰੀਆਂ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਐਲਾਨਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਵਿਚਕਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਨੂੰ ਅੱਜ ਵੱਡਾ ਝਟਕਾ ਲੱਗਾ ਹੈ।
ਕਾਂਗਰਸੀ ਵਿਧਾਇਕ ਫਤਿਹਜੰਗ ਬਾਜਵਾ ਤੇ ਬਲਵਿੰਦਰ ਲਾਡੀ ਭਾਜਪਾ 'ਚ ਸ਼ਾਮਲ ਹੋ ਗਏ ਹਨ। ਦਿੱਲੀ ਸਥਿਤ ਭਾਜਪਾ ਦਫਤਰ ਵਿੱਚ ਦੋਵੇਂ ਕਾਂਗਰਸੀ ਵਿਧਾਇਕ ਬੀਜੇਪੀ ਵਿੱਚ ਸ਼ਾਮਲ ਹੋਏ। ਕ੍ਰਿਕਟਰ ਦਿਨੇਸ਼ ਮੋਂਗੀਆ ਵੀ ਬੀਜੇਪੀ 'ਚ ਸ਼ਾਮਲ ਹੋ ਗਏ ਹਨ।
ਦੱਸ ਦੇਈਏ ਕਿ ਕਾਦੀਆਂ ਹਲਕੇ ਤੋਂ ਵਿਧਾਇਕ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਫਤਿਹਜੰਗ ਸਿੰਘ ਬਾਜਵਾ ਭਾਜਪਾ ਵਿਚ ਸ਼ਾਮਲ ਹੋਏ ਹਨ। ਫਤਿਹਜੰਗ ਸਿੰਘ ਬਾਜਵਾ ਮਾਝੇ ਦੀ ਸਿਆਸਤ ਵਿਚ ਵੱਡਾ ਚਿਹਰਾ ਹਨ ਅਤੇ ਬੀਤੇ ਦਿਨੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਦੇ ਹੱਕ ਵਿਚ ਰੈਲੀ ਵੀ ਕੀਤੀ ਸੀ।
ਨਵਜੋਤ ਸਿੰਘ ਸਿੱਧੂ ਨੇ ਹਾਲ ਹੀ ਵਿੱਚ ਬਾਜਵਾ ਨੂੰ ਕਾਦੀਆਂ ਤੋਂ ਉਮੀਦਵਾਰ ਐਲਾਨਿਆ ਸੀ। ਹਾਲਾਂਕਿ ਕਾਦੀਆਂ ਸੀਟ ਤੋਂ ਪ੍ਰਤਾਪ ਸਿੰਘ ਬਾਜਵਾ ਵੀ ਦਾਅਵਾ ਪੇਸ਼ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਹ ਕਾਦੀਆਂ ਤੋਂ ਚੋਣ ਲੜਨਗੇ ਪਰ ਕਿਸ ਦੇ ਖਿਲਾਫ ਹੋਵੇਗਾ ਇਹ ਸਮਾਂ ਆਉਣ 'ਤੇ ਪਤਾ ਲੱਗੇਗਾ। ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਲਗਾਤਾਰ ਵੱਡੇ ਝਟਕੇ ਲੱਗ ਰਹੇ ਹਨ। ਕੁਝ ਦਿਨ ਪਹਿਲਾਂ ਸਾਬਕਾ ਮੰਤਰੀ ਤੇ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਤੋਂ ਵਿਧਾਇਕ ਰਾਣਾ ਗੁਰਮੀਤ ਸੋਢੀ ਬੀਜੇਪੀ 'ਚ ਸ਼ਾਮਲ ਹੋ ਗਏ ਸੀ। ਰਾਣਾ ਸੋਢੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਬੰਦੇ ਸੀ।
-PTC News