ਵੱਡੀ ਖ਼ਬਰ! ਸਿੱਧੂ ਮੂਸੇਵਾਲਾ ਕਤਲ ਕੇਸ 'ਚ ਗ੍ਰਿਫ਼ਤਾਰ ਗੈਂਗਸਟਰ ਦੀਪਕ ਟੀਨੂੰ ਫਰਾਰ
ਚੰਡੀਗੜ੍ਹ: ਸਿੱਧੂ ਮੂਸੇਵਾਲਾ ਕਤਲ ਕੇਸ 'ਚ ਗ੍ਰਿਫ਼ਤਾਰ ਲਾਰੈਂਸ ਬਿਸ਼ਨੋਈ ਗੈਂਗ ਦਾ ਗੈਂਗਸਟਰ ਦੀਪਕ ਟੀਨੂੰ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਉਹ ਮਾਨਸਾ ਪੁਲਿਸ ਦੀ ਹਿਰਾਸਤ ਵਿੱਚੋਂ ਰਾਤ ਤਿੰਨ ਵਜੇ ਫਰਾਰ ਹੋਇਆ ਹੈ। ਦੀਪਕ ਨੂੰ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗ੍ਰਿਫਤਾਰ ਕੀਤਾ ਸੀ।
ਗੈਂਗਸਟਰ ਦੇ ਫਰਾਰ ਹੋਣ ਮਗਰੋਂ ਪੂਰੇ ਪੰਜਾਬ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੁਲਿਸ ਮੁਤਾਬਕ ਗੈਂਗਸਟਰ ਦੀਪਕ ਵੀ ਸਿੱਧੂ ਮੂਸੇਵਾਲਾ ਦੇ ਕਤਲ ਦੀ ਪਲਾਨਿੰਗ ਵਿੱਚ ਸ਼ਾਮਲ ਸੀ। CIA ਸਟਾਫ ਮਾਨਸਾ ਦੀ ਟੀਮ ਦੀਪਕ ਨੂੰ ਕਪੂਰਥਲਾ ਤੋਂ ਪੁੱਛਗਿੱਛ ਲਈ ਰਿਮਾਂਡ 'ਤੇ ਮਾਨਸਾ ਲੈ ਕੇ ਗਈ ਸੀ।
ਦੱਸ ਦੇਈਏ ਕਿ ਗੈਂਗਸਟਰ ਮਾਨਸਾ ਪੁਲਿਸ ਦੀ ਹਿਰਾਸਤ 'ਚੋਂ ਫਰਾਰ ਹੋਇਆ ਹੈ। ਗੈਂਗਸਟਰ ਦੀਪਕ ਕੁਮਾਰ ਉਰਫ ਟੀਨੂੰ ਹਰਿਆਣਾ ਦੇ ਭਿਵਾਨੀ ਦਾ ਰਹਿਣ ਵਾਲਾ ਹੈ। ਟੀਨੂੰ ਦੇ ਪਿਤਾ ਪੇਂਟਰ ਹਨ। ਦੀਪਕ ਕੁਮਾਰ ਉਰਫ ਟੀਨੂੰ ਖਿਲਾਫ ਹਰਿਆਣਾ, ਪੰਜਾਬ, ਚੰਡੀਗੜ੍ਹ, ਰਾਜਸਥਾਨ, ਦਿੱਲੀ ਵਿਚ ਕਤਲ, ਕਤਲ ਦੀ ਕੋਸ਼ਿਸ਼ ਸਮੇਤ 35 ਤੋਂ ਵੱਧ ਕੇਸ ਦਰਜ ਹਨ।
ਉਹ 2017 ਤੋਂ ਜੇਲ੍ਹ ਵਿੱਚ ਹੈ। ਉਹ ਪਿਛਲੇ 11 ਸਾਲਾਂ ਤੋਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਹੈ। ਉਸ ਨੇ ਭਿਵਾਨੀ 'ਚ ਬੰਟੀ ਮਾਸਟਰ ਦਾ ਕਤਲ ਕੀਤਾ ਸੀ, ਜਦਕਿ ਪੰਜਾਬ 'ਚ ਉਸ ਨੇ ਗੈਂਗਸਟਰ ਲਵੀ ਦਿਓੜਾ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ। ਦੀਪਕ ਤੋਂ ਬਾਅਦ ਉਸ ਦਾ ਛੋਟਾ ਭਰਾ ਚਿਰਾਗ ਵੀ ਨਸ਼ਾ ਤਸਕਰੀ ਅਤੇ ਕਾਰ ਖੋਹਣ ਦੇ ਮਾਮਲੇ 'ਚ ਫੜਿਆ ਗਿਆ ਹੈ।
Sidhu Moosewala Dead Live Updates: Canada-based gangster Goldy Brar claims responsibility for murder" />
ਜਿਕਰਯੋਗ ਹੈ ਕਿ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਕਤਲ ਕੀਤਾ ਸੀ। ਕਤਲ ਤੋਂ ਬਾਅਦ ਮੂਸੇਵਾਲਾ ਦੇ ਪਿਤਾ ਦੇ ਬਿਆਨਾਂ ਤੇ ਆਧਾਰਿਤ ਮਾਮਲਾ ਦਰਜ ਕੀਤਾ ਗਿਆ ਸੀ।
-PTC News