ਮੁੱਖ ਖਬਰਾਂ

ਸਿੱਧੂ ਮੂਸੇਵਾਲਾ ਕੇਸ 'ਚ DGP ਪੰਜਾਬ ਦੇ ਵੱਡੇ ਖੁਲਾਸੇ

By Pardeep Singh -- September 11, 2022 1:42 pm

ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਫਰਾਰ ਸ਼ਾਰਪ ਸ਼ੂਟਰ ਦੀਪਕ ਮੁੰਡੀ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਦੀਪਕ ਮੁੰਡੀ, ਕਪਿਲ ਪੰਡਿਤ ਅਤੇ ਰਜਿੰਦਰ ਜੋਕਰ ਨੂੰ ਨੇਪਾਲ ਪੁਲਿਸ ਨੇ ਨੇਪਾਲ-ਭਾਰਤ ਬਾਰਡਰ ਤੋਂ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਲਿਆਂਦਾ ਗਿਆ। ਤਿੰਨਾਂ ਮੁਲਜ਼ਮਾਂ ਦਾ ਮੈਡੀਕਲ ਕਰਵਾ ਕੇ ਕੋਰਟ ਵਿੱਚ ਪੇਸ਼ ਕੀਤਾ। ਕੋਰਟ ਨੇ ਦੀਪਕ ਮੁੰਡੀ ਨੂੰ 6 ਦਿਨ ਦੇ ਰਿਮਾਂਡ ਉੱਤੇ ਭੇਜ ਦਿੱਤਾ ਹੈ। ਰਿਮਾਂਡ ਖਤਮ ਹੋਣ ਤੋਂ ਬਾਅਦ 17 ਸਤੰਬਰ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪ੍ਰੈਸ ਵਾਰਤਾ ਵਿੱਚ ਦੱਸਿਆ ਹੈ ਕਿ ਪਿਛਲੇ 105 ਦਿਨਾਂ ਤੋਂ ਦੀਪਕ ਮੁੰਡੀ ਅਤੇ ਕਪਿਲ ਪੰਡਿਤ ਪਹਿਲਾਂ ਹਰਿਆਣਾ, ਫਿਰ ਰਾਜਸਥਾਨ, ਯੂਪੀ, ਬਿਹਾਰ ਤੋਂ ਹੁੰਦੇ ਹੋਏ ਪੱਛਮੀ ਬੰਗਾਲ ਪਹੁੰਚੇ ਸਨ। ਰਾਜੇਂਦਰ ਜੋਕਰ ਪਹਿਲਾਂ ਹੀ ਨੇਪਾਲ ਵਿੱਚ ਸਨ। ਉਨ੍ਹਾਂ ਨੂੰ ਨੇਪਾਲ 'ਚ ਹੀ ਫਰਜ਼ੀ ਪਾਸਪੋਰਟ ਮੁਹੱਈਆ ਕਰਵਾਏ ਜਾਣੇ ਸਨ, ਜਿਸ ਦੀ ਮਦਦ ਨਾਲ ਤਿੰਨੇ ਮੁਲਜ਼ਮਾਂ ਨੇ ਦੁਬਈ ਵਿੱਚ ਜਾਣਾ ਸੀ। ਡੀਜੀਪੀ ਯਾਦਵ ਨੇ ਦੱਸਿਆ ਕਿ ਪੂਰੀ ਕਾਰਵਾਈ ਵਿੱਚ ਪੰਜਾਬ ਪੁਲਿਸ ਦੇ ਨਾਲ ਦਿੱਲੀ ਪੁਲਿਸ ਦੀ ਟੀਮ ਵੀ ਸੀ।  ਪੰਜਾਬ ਤੋਂ ਏਆਈਜੀ ਗੁਰਮੀਤ ਚੌਹਾਨ, ਏਆਈਜੀ ਸੰਦੀਪ ਗੋਇਲ ਅਤੇ ਡੀਐਸਪੀ ਵਿਕਰਮ ਬਰਾੜ ਨੂੰ ਰਵਾਨਾ ਕੀਤਾ ਗਿਆ।

ਕਪਿਲ ਪੰਡਿਤ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਲਾਰੈਂਸ ਬਿਸ਼ਨੋਈ ਨੇ ਗੋਲਡੀ ਬਰਾੜ ਅਤੇ ਸੰਪਤ ਦੀ ਮਦਦ ਨਾਲ ਵਿਦੇਸ਼ 'ਚ ਬੈਠ ਕੇ ਸੰਪਰਕ ਕੀਤਾ ਸੀ। ਉਹ ਚਾਹੁੰਦਾ ਸੀ ਕਿ ਉਹ ਸਲਮਾਨ ਖਾਨ ਨੂੰ ਮਾਰ ਦੇਵੇ। ਇਸ ਦੇ ਲਈ ਉਹ ਕਈ ਦਿਨ ਮੁੰਬਈ ਵੀ ਰਹੇ। ਡੀਜੀਪੀ ਯਾਦਵ ਨੇ ਕਿਹਾ ਕਿ ਇਸ ਦੀ ਲੋੜ ਪੈਣ ’ਤੇ ਉਹ ਪੰਜਾਬ ਪੁਲਿਸ ਦੀ ਟੀਮ ਨੂੰ ਮੁੰਬਈ ਵੀ ਭੇਜਣਗੇ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਵਿੱਚ 35 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਜਿਨ੍ਹਾਂ ਵਿੱਚੋਂ ਹੁਣ ਤੱਕ 23 ਲੋਕ ਪੁਲੀਸ ਦੀ ਗ੍ਰਿਫ਼ਤ ਵਿੱਚ ਆ ਚੁੱਕੇ ਹਨ। ਜਦਕਿ ਦੋ ਤੋਂ ਅੰਮ੍ਰਿਤਸਰ 'ਚ ਪੁੱਛਗਿੱਛ ਕੀਤੀ ਗਈ। ਸਚਿਨ ਬਿਸ਼ਨੋਈ ਨੂੰ ਅਜ਼ਰਬਾਈਜਾਨ, ਯੂਰਪ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ। ਗੋਲਡੀ ਬਰਾੜ ਦੇ ਨਾਂ 'ਤੇ ਰੈੱਡ ਕਾਰਨਰ ਨੋਟਿਸ ਆਇਆ ਹੈ। ਜਲਦੀ ਹੀ ਉਸ ਨੂੰ ਵੀ ਭਾਰਤ ਲਿਆਂਦਾ ਜਾਵੇਗਾ। ਇਕ ਹੋਰ ਨੂੰ ਗ੍ਰਿਫਤਾਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਡੀਜੀਪੀ ਪੰਜਾਬ ਨੇ ਗੈਂਗਸਟਰਾਂ ਅਤੇ ਅੱਤਵਾਦੀਆਂ ਵੱਲੋਂ ਮਿਲ ਕੇ ਵਾਰਦਾਤਾਂ ਨੂੰ ਅੰਜਾਮ ਦੇਣ 'ਤੇ ਚਿੰਤਾ ਪ੍ਰਗਟਾਈ ਹੈ। ਪਾਕਿਸਤਾਨ ਵਿੱਚ ਲੁਕੇ ਗੈਂਗਸਟਰ ਤੋਂ ਦਹਿਸ਼ਤਗਰਦ ਬਣੇ ਹਰਵਿੰਦਰ ਸਿੰਘ ਰਿੰਦਾ ਬਾਰੇ ਪੁੱਛੇ ਸਵਾਲ ’ਤੇ ਡੀਜੀਪੀ ਪੰਜਾਬ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ਪੰਜਾਬ ਪੁਲੀਸ ਵੱਲੋਂ ਰਿੰਦਾ ਦੇ 25 ਸਲਿਪਰ ਸੈੱਲਾਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਜਦੋਂ ਕਿ ਪਿਛਲੇ ਦਿਨੀਂ ਫੜਿਆ ਗਿਆ ਨਛੱਤਰ ਸਿੰਘ ਇੱਕ ਸੈੱਲ ਸੀ ਜੋ ਆਰਡੀਐਕਸ ਤੋਂ ਬੰਬ ਬਣਾਉਣਾ ਜਾਣਦਾ ਸੀ। ਜਿਸ ਦੀ ਗ੍ਰਿਫਤਾਰੀ ਤੋਂ ਬਾਅਦ ਰਿੰਦਾ ਦੇ ਮਾਡਿਊਲ ਨੂੰ ਵੱਡਾ ਝਟਕਾ ਲੱਗਾ ਹੈ। ਡੀਜੀਪੀ ਨੇ ਜਾਣਕਾਰੀ ਦਿੱਤੀ ਹੈ ਕਿ ਗੋਲਡੀ ਬਰਾੜ ਲਈ ਰੇਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ।

ਇਹ ਵੀ ਪੜ੍ਹੋ:ਮੂਸੇਵਾਲਾ ਕਤਲ ਕਾਂਡ: ਪੁਲਿਸ ਨੂੰ ਸ਼ਾਰਪ ਸ਼ੂਟਰ ਦੀਪਕ ਮੁੰਡੀ ਦਾ ਮਿਲਿਆ 6 ਦਿਨਾਂ ਦਾ ਰਿਮਾਂਡ

-PTC News

  • Share