ਮੁੱਖ ਖਬਰਾਂ

ਭਾਜਪਾ ਨੇਤਾ ਆਰ.ਪੀ. ਸਿੰਘ ਵੱਲੋਂ ਦਿੱਤਾ ਬਿਆਨ ਬੇਹੱਦ ਗ਼ੈਰ ਜ਼ਿੰਮੇਵਾਰਾਨਾ ਅਤੇ ਨਾ-ਸਮਝੀ ਦਾ ਸਬੂਤ : SGPC  

By Shanker Badra -- April 02, 2021 3:52 pm

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਜਟ ਇਜਲਾਸ ਦੌਰਾਨ ਆਰ.ਐਸ.ਐਸ. (ਰਾਸ਼ਟਰੀ ਸਵੈ ਸੇਵਕ ਸੰਘ) ਦੇ ਖਿਲਾਫ਼ ਪਾਸ ਕੀਤੇ ਗਏ ਮਤੇ ਦੇ ਪ੍ਰਤੀਕਰਮ ਵਜੋਂ ਭਾਜਪਾ ਦੇ ਬੁਲਾਰੇ ਆਰ.ਪੀ. ਸਿੰਘ ਵੱਲੋਂ ਅਖ਼ਬਾਰਾਂ ਵਿਚ ਦਿੱਤਾ ਗਿਆ ਬਿਆਨ ਬੇਹੱਦ ਗ਼ੈਰ ਜ਼ਿੰਮੇਵਾਰਾਨਾ ਅਤੇ ਨਾ-ਸਮਝੀ ਦਾ ਸਬੂਤ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਾਰੀ ਪ੍ਰੈਸ ਬਿਆਨ ਵਿਚ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ ਨੇ ਕਿਹਾ ਕਿ ਇਕ ਸਿੱਖ ਹੋਣ ਦੇ ਨਾਤੇ ਆਰ.ਪੀ. ਸਿੰਘ ਨੂੰ ਇਸ ਗੱਲ ਦਾ ਇਲਮ ਹੋਣਾ ਚਾਹੀਦਾ ਹੈ ਕਿ ਸਿੱਖ ਧਰਮ ਸਰਬ-ਸਾਂਝੀਵਾਲਤਾ ਦਾ ਮੁਦੱਈ ਹੈ।

ਸਿੱਖ ਧਰਮ ਸਾਰੇ ਮਨੁੱਖਾਂ ਨੂੰ ਇੱਕ ਅਕਾਲ ਪੁਰਖ ਦੀ ਸੰਤਾਨ ਸਮਝਦਾ ਹੈ ਅਤੇ ਦੇਸ਼ ਸਮਾਜ ਅੰਦਰ ਊਚ-ਨੀਚ, ਜਾਤ-ਪਾਤ, ਅਮੀਰ-ਗ਼ਰੀਬ ਦੇ ਪਾੜੇ ਮਿਟਾ ਕੇ ਸਭ ਨੂੰ ਗਲ਼ ਨਾਲ ਲਗਾਉਂਦਾ ਹੈ। ਸੁਖਦੇਵ ਸਿੰਘ ਨੇ ਕਿਹਾ ਕਿ ਆਰ. ਪੀ. ਸਿੰਘ ਨੇ ਜੇਕਰ ਇਤਿਹਾਸ ਨਹੀਂ ਪੜ੍ਹਿਆ ਤਾਂ ਉਸ ਨੂੰ ਇਕ ਵਾਰ ਜ਼ਰੂਰ ਪੜ੍ਹ ਲੈਣਾ ਚਾਹੀਦਾ ਹੈ। ਜਦੋਂ ਔਰੰਗਜ਼ੇਬ ਭਾਰਤ ਨੂੰ ਦਾਰ-ਉਲ-ਇਸਲਾਮ (ਇਸਲਾਮ ਦੀ ਧਰਤੀ) ਬਣਾ ਰਿਹਾ ਸੀ, ਹਿੰਦੂ ਧਰਮ ਖ਼ਤਰੇ ਵਿਚ ਸੀ ਤਾਂ ਕਸ਼ਮੀਰੀ ਪੰਡਿਤਾਂ ਦੀ ਪੁਕਾਰ ਸੁਣ ਕੇ ਤਿਲਕ ਜੰਞੂ ਦੀ ਰਾਖੀ ਅਤੇ ਧਰਮ ਦੀ ਅਜ਼ਾਦੀ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪ ਦਿੱਲੀ ਜਾ ਕੇ ਸ਼ਹਾਦਤ ਦਿੱਤੀ ਸੀ।

ਅੱਜ ਭਾਜਪਾ ਅਤੇ ਆਰ. ਐਸ. ਐਸ. ਦੇ ਰਾਜ ਵਿਚ ਵੀ ਘੱਟਗਿਣਤੀ ਧਰਮ ਆਪਣੇ ਆਪ ਨੂੰ ਖ਼ਤਰੇ ਵਿਚ ਮਹਿਸੂਸ ਕਰ ਰਹੇ ਹਨ, ਕਿਉਂਕਿ ਅਜ਼ਾਦੀ ਤੋਂ ਬਾਅਦ ਹਕੂਮਤ ਦਾ ਨਿੱਘ ਮਾਣ ਰਹੇ ਇਹ ਮੌਜੂਦਾ ਹੁਕਮਰਾਨ ਔਰੰਗਜ਼ੇਬ ਦੀਆਂ ਪੈੜ੍ਹਾਂ ਉੱਪਰ ਚੱਲ ਰਹੇ ਹਨ। ਫ਼ਰਕ ਸਿਰਫ ਇੰਨਾ ਹੈ ਕਿ ਉਹ ਭਾਰਤ ਨੂੰ ਇਸਲਾਮੀ ਮੁਲਕ ਬਣਾਉਣਾ ਚਾਹੁੰਦਾ ਸੀ ਅਤੇ ਇਹ ਹਿੰਦੂ ਰਾਸ਼ਟਰ ਬਣਾਉਣ ਦੇ ਚਾਹਵਾਨ ਹਨ। ਇਹ ਦੂਜਿਆਂ ਦਾ ਧਰਮ, ਸੱਭਿਆਚਾਰ, ਭਾਸ਼ਾ ਆਦਿ ਕੁਝ ਵੀ ਬਰਦਾਸ਼ਤ ਨਹੀਂ ਕਰ ਪਾ ਰਹੇ। ਉਨ੍ਹਾਂ ਕਿਹਾ ਕਿ ਆਏ ਦਿਨ ਸਿੱਖ ਧਰਮ ਦੇ ਇਤਿਹਾਸ ਅਤੇ ਸਿਧਾਂਤਾਂ ਨਾਲ ਆਰ. ਐਸ. ਐਸ. ਦੁਆਰਾ ਲੁਕਵੇਂ ਰੂਪ ਵਿਚ ਛੇੜ-ਛਾੜ ਕੀਤੀ ਜਾ ਰਹੀ ਹੈ।

ਭੂਰਾਕੋਹਨਾ ਨੇ ਕਿਹਾ ਕਿ ਆਰ. ਪੀ. ਸਿੰਘ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਅੱਜ ਜਦੋਂ ਸਮੁੱਚਾ ਸਿੱਖ ਜਗਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਗੁਰਪੁਰਬ ਮਨਾ ਰਿਹਾ ਹੈ ਤਾਂ ਅਜਿਹੇ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਆਰ. ਐਸ. ਐਸ. ਦੇ ਖ਼ਿਲਾਫ ਪਾਸ ਕੀਤਾ ਗਿਆ ਮਤਾ ਦੇਸ਼ ਅਤੇ ਦੇਸ਼ ਦੇ ਸੰਵਿਧਾਨ ਦੇ ਹਿੱਤ ਵਿਚ ਹੈ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਹੱਕ ਵਿਚ ਹੈ। ਦੇਸ਼ ਅੰਦਰ ਸਾਰਿਆਂ ਨੂੰ ਧਰਮ ਦੀ ਅਜ਼ਾਦੀ ਅਤੇ ਆਪਣੇ ਧਰਮ ਦਾ ਪ੍ਰਚਾਰ ਕਰਨ ਦਾ ਹੱਕ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਧਰਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੀ ਹੈ ਅਤੇ ਇਹ ਮਤਾ ਸਮੁੱਚੀ ਸਿੱਖ ਕੌਮ ਦੀ ਸਾਂਝੀ ਆਵਾਜ਼ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਕਿਸੇ ਇਕ ਧਰਮੀ ਰਾਸ਼ਟਰ ਦੇ ਹੋਕੇ ਨਾਲ ਦੇਸ਼ ਦੀ ਏਕਤਾ ਅਖੰਡਤਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੇਗਾ, ਘੱਟਗਿਣਤੀ ਧਰਮਾਂ ਲਈ ਖ਼ਤਰਾ ਪੈਦਾ ਕਰੇਗਾ ਤਾਂ ਸ਼੍ਰੋਮਣੀ ਕਮੇਟੀ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਉੱਪਰ ਪਹਿਰਾ ਦਿੰਦਿਆਂ ਉਸ ਦੇ ਖ਼ਿਲਾਫ ਮਤੇ ਪਾਸ ਕਰਦੀ ਰਹੇਗੀ।
-PTCNews

  • Share