BKU ਹੋਈ ਦੋ-ਫਾੜ, ਕਈ ਕਿਸਾਨ ਜਥੇਬੰਦੀਆਂ ਨੇ ਛੱਡਿਆ ਰਾਕੇਸ਼ ਟਿਕੈਤ ਦਾ ਸਾਥ
ਲਖਨਊ : ਚੌਧਰੀ ਮਹਿੰਦਰ ਸਿੰਘ ਟਿਕੈਤ ਦੀ ਬਰਸੀ ਮੌਕੇ ਭਾਰਤੀ ਕਿਸਾਨ ਯੂਨੀਅਨ ਵਿੱਚ ਦੋ ਪਾੜ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਜਾਣਕਾਰੀ ਅਨੁਸਾਰ ਹੁਣ ਬੀਕੇਯੂ ਦੇ ਕਈ ਆਗੂ ਰਾਕੇਸ਼ ਟਿਕੈਤ ਧੜੇ ਤੋਂ ਵੱਖ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਨਵੀਂ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ (ਅਰਾਜਨੀਤਿਕ) ਦੇ ਬੈਨਰ ਹੇਠ ਕੰਮ ਕਰੇਗੀ।ਇੱਥੋਂ ਦੇ ਕਿਸਾਨ ਅੰਦੋਲਨ ਦਾ ਮੁੱਖ ਚਿਹਰਾ ਰਹੇ ਰਾਕੇਸ਼ ਟਿਕੈਤ ਨੂੰ BKU ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਭਰਾ ਨਰੇਸ਼ ਟਿਕੈਤ ਨੂੰ ਵੀ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ 'ਤੇ ਰਾਜੇਸ਼ ਚੌਹਾਨ ਨੂੰ ਪ੍ਰਧਾਨ ਬਣਾਇਆ ਗਿਆ ਹੈ।
ਰਾਜੇਸ਼ ਸਿੰਘ ਚੌਹਾਨ, ਰਾਜਿੰਦਰ ਸਿੰਘ ਮਲਿਕ, ਅਨਿਲ ਤੱਲਣ, ਹਰਨਾਮ ਸਿੰਘ ਵਰਮਾ, ਬਿੰਦੂ ਕੁਮਾਰ, ਕੁੰਵਰ ਪਰਮਾਰ ਸਿੰਘ, ਨਿਤਿਨ ਸਿਰੋਹੀ ਸਮੇਤ ਸਾਰੇ ਆਗੂ ਨਵੀਂ ਜਥੇਬੰਦੀ ਵਿੱਚ ਸ਼ਾਮਲ ਹੋ ਗਏ ਹਨ। ਭਾਰਤੀ ਕਿਸਾਨ ਯੂਨੀਅਨ ਨੇ ਗੈਰ-ਸਿਆਸੀ ਦੇ ਨਾਂ 'ਤੇ ਨਵੀਂ ਜਥੇਬੰਦੀ ਬਣਾਈ ਹੈ। ਰਾਜੇਸ਼ ਸਿੰਘ ਚੌਹਾਨ ਨੂੰ ਭਾਰਤੀ ਕਿਸਾਨ ਯੂਨੀਅਨ ਅਰਾਜਨੈਤਿਕ ਦਾ ਕੌਮੀ ਪ੍ਰਧਾਨ ਚੁਣਿਆ ਗਿਆ।
ਬੀਕੇਯੂ ਦੇ ਸੰਸਥਾਪਕ ਮਰਹੂਮ ਚੌਧਰੀ ਮਹਿੰਦਰ ਸਿੰਘ ਟਿਕੈਤ ਦੀ ਬਰਸੀ ਮੌਕੇ BKU ਦੇ ਆਗੂਆਂ ਦੀ ਇੱਕ ਵੱਡੀ ਮੀਟਿੰਗ 15 ਮਈ ਯਾਨੀ ਅੱਜ ਲਖਨਊ ਸਥਿਤ ਗੰਨਾ ਕਿਸਾਨ ਸੰਸਥਾ ਵਿੱਚ ਹੋਈ, ਜਿਸ ਵਿੱਚ ਟਿਕੈਤ ਭਰਾਵਾਂ ਵਿਰੁੱਧ ਇਹ ਫ਼ੈਸਲਾ ਲਿਆ ਗਿਆ। ਇਸ ਤੋਂ ਬਾਅਦ ਟਿਕੈਤ ਪਰਿਵਾਰ ਖ਼ਿਲਾਫ਼ ਕਿਸਾਨਾਂ ਵਿੱਚ ਪੈਦਾ ਹੋਈ ਨਾਰਾਜ਼ਗੀ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਵਿੱਚ ਫੁੱਟ ਪੈਣ ਦੇ ਸੰਕੇਤ ਮਿਲ ਰਹੇ ਹਨ। ਦਰਅਸਲ ਬੀਕੇਯੂ ਦੇ ਕਈ ਮੈਂਬਰ ਜਥੇਬੰਦੀ ਦੇ ਕੌਮੀ ਬੁਲਾਰੇ ਕਿਸਾਨ ਆਗੂ ਰਾਕੇਸ਼ ਟਿਕੈਤ ਦੀਆਂ ਗਤੀਵਿਧੀਆਂ ਤੋਂ ਨਾਰਾਜ਼ ਸਨ। ਇਨ੍ਹਾਂ ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਰਾਕੇਸ਼ ਟਿਕੈਤ ਨੇ ਆਪਣੇ ਸਿਆਸੀ ਬਿਆਨਾਂ ਅਤੇ ਗਤੀਵਿਧੀਆਂ ਨਾਲ ਉਨ੍ਹਾਂ ਦੀ ਗ਼ੈਰ-ਸਿਆਸੀ ਜਥੇਬੰਦੀ ਨੂੰ ਸਿਆਸੀ ਰੂਪ ਦੇ ਦਿੱਤਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਮੂੰਗੀ ਦੀ ਕਾਸ਼ਤ ਹੇਠ ਰਕਬਾ ਦੁੱਗਣਾ ਹੋਇਆ, ਤਕਰੀਬਨ ਇੱਕ ਲੱਖ ਏਕੜ 'ਚ ਬੀਜੀ ਮੂੰਗੀ
ਦੱਸਿਆ ਜਾ ਰਿਹਾ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਰਾਕੇਸ਼ ਟਿਕੈਤ ਵੱਲੋਂ ਕੀਤੀ ਗਈ ਬਿਆਨਬਾਜ਼ੀ ਤੋਂ ਕਿਸਾਨ ਨਾਰਾਜ਼ ਸਨ। ਇਸ ਦੇ ਨਾਲ ਹੀ ਨਵੀਂ ਜਥੇਬੰਦੀ ਬੀਕੇਯੂ (ਅਰਾਜਨੀਤਿਕ) ਲਈ ਕਿਹਾ ਜਾ ਰਿਹਾ ਹੈ ਕਿ ਇਸ ਜਥੇਬੰਦੀ ਦਾ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ ਹੋਵੇਗਾ ਅਤੇ ਇਹ ਜਥੇਬੰਦੀ ਕਿਸਾਨਾਂ ਦੇ ਹਿੱਤਾਂ ਲਈ ਕੰਮ ਕਰੇਗੀ।
-PTC News