Mon, Apr 29, 2024
Whatsapp

"ਸਿੱਟ" ਰਾਜਨੀਤੀ ਤੋਂ ਪ੍ਰੇਰਿਤ ਪਰ ਫਿਰ ਵੀ ਮੈਂ ਸਹਿਯੋਗ ਕਰਾਂਗਾ: ਬਾਦਲ

Written by  Jashan A -- November 16th 2018 08:00 PM

"ਸਿੱਟ" ਰਾਜਨੀਤੀ ਤੋਂ ਪ੍ਰੇਰਿਤ ਪਰ ਫਿਰ ਵੀ ਮੈਂ ਸਹਿਯੋਗ ਕਰਾਂਗਾ: ਬਾਦਲ

"ਸਿੱਟ" ਰਾਜਨੀਤੀ ਤੋਂ ਪ੍ਰੇਰਿਤ ਪਰ ਫਿਰ ਵੀ ਮੈਂ ਸਹਿਯੋਗ ਕਰਾਂਗਾ: ਬਾਦਲ,ਚੰਡੀਗੜ: ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀ ਕਾਂਗਰਸ ਸਰਕਾਰ ਦੁਆਰਾ ਬਣਾਈ ਅਖੌਤੀ 'ਸਿੱਟ' ਨੂੰ ਅੱਜ ਦੱਸਿਆ ਕਿ ਭਾਵੇਂ ਕਿ ਸਾਰੇ ਜਾਣਦੇ ਹਨ ਕਿ ਸਿੱਟ ਦੀ ਰਿਪੋਰਟ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਿਖੀ ਜਾਵੇਗੀ, ਫਿਰ ਵੀ ਦੇਸ਼ ਦੇ ਕਾਨੂੰਨ ਨੂੰ ਮੰਨਣ ਵਾਲੇ ਇੱਕ ਨਾਗਰਿਕ ਹੋਣ ਦੇ ਨਾਤੇ ਉਹ ਇਸ ਨੂੰ ਪੂਰਾ ਸਹਿਯੋਗ ਦੇਣਗੇ।ਬਾਦਲ ਨੇ ਸਿੱਟ ਨੂੰ 'ਸੂਬੇ ਦੀ ਕਾਂਗਰਸ ਸਰਕਾਰ ਦਾ ਇੱਕ ਸਿਆਸੀ ਹਥਿਆਰ' ਕਰਾਰ ਦਿੰਦਿਆਂ ਕਿਹਾ ਕਿ ਇਹ ਸਿਰਫ ਸੱਤਾਧਾਰੀ ਪਾਰਟੀ ਦੀ ਸਾਬਕਾ ਮੁੱਖ ਮੰਤਰੀ ਅਤੇ ਉਹਨਾਂ ਦੇ ਪਰਿਵਾਰ ਅਤੇ ਸਾਥੀਆਂ ਖ਼ਿਲਾਫ ਸਿਆਸੀ ਬਦਲੇਖੋਰੀ ਦੀ ਪਿਆਸ ਨੂੰ ਇੱਕ ਰੂਪ ਦੇਣ ਵਾਸਤੇ ਬਣਾਈ ਗਈ ਹੈ। SIT ਉਹਨਾਂ ਕਿਹਾ ਕਿ ਸੂਬੇ ਦੀ ਸਰਕਾਰ ਕੋਲ ਆਪਣੇ ਦੋ ਸਾਲਾਂ ਦੀ ਕਾਰਗੁਜ਼ਾਰੀ ਵਜੋ ਲੋਕਾਂ ਨੂੰ ਵਿਖਾਉਣ ਵਾਸਤੇ ਕੁੱਝ ਨਹੀਂ ਹੈ। ਇਸ ਤਰ੍ਹਾਂ ਇਹ 'ਸਿੱਟ' ਵਰਗੇ ਸਿਆਸੀ ਹਥਕੰਡਿਆਂ ਨਾਲ ਲੋਕਾਂ ਦਾ ਧਿਆਨ ਲਾਂਭੇ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੀ ਖੁਦਕੁਸ਼ੀਆਂ ਅਤੇ ਨਸ਼ਿਆਂ ਨੂੰ ਨੱਥ ਪਾਉਣ, ਨੌਜਵਾਨਾਂ ਨੂੰ ਰੁਜ਼ਗਾਰ ਦੇਣ, ਪੈਨਸ਼ਨਾਂ ਅਤੇ ਸ਼ਗਨ ਸਕੀਮ ਦੀ ਰਾਸ਼ੀ ਵਧਾਉਣ, ਬੇਘਰਿਆਂ ਨੂੰ ਘਰ ਜਾਂ ਪਲਾਟ ਦੇਣ ਅਤੇ ਅਧਿਆਪਕਾਂ ਦੀ ਮੰਗਾਂ ਮੰਨਣ ਦੀ ਬਜਾਇ ਕਾਂਗਰਸ ਸਰਕਾਰ ਚਾਹੁੰਦੀ ਹੈ ਕਿ ਲੋਕਾਂ ਦਾ ਧਿਆਨ ਗੈਰ-ਪ੍ਰਸਾਸ਼ਿਨਕ ਮੁੱਦਿਆਂ ਵਿਚ ਅਟਕਿਆ ਰਹੇ। ਉਹਨਾਂ ਕਿਹਾ ਕਿ ਲੋਕਾਂ ਸਾਹਮਣੇ ਅੱਜ ਇਹ ਮੁੱਦਾ ਹੈ ਕਿ ਉਹ ਉਹਨਾਂ ਨੂੰ ਚੁਣਨ, ਜਿਹਨਾਂ ਨੇ ਕੀਤੇ ਵਾਅਦੇ ਪੂਰੇ ਕਰਨ ਤੋਂ ਇਲਾਵਾ ਪੰਜਾਬ ਦੀ ਗੰਭੀਰਤਾ ਨਾਲ ਸੇਵਾ ਕੀਤੀ ਅਤੇ ਸੂਬੇ ਨੂੰ ਵਿਕਾਸ ਦੀਆਂ ਅਨੰਤ ਉਚਾਈਆਂ ਉੱਤੇ ਲੈ ਕੇ ਗਏ। ਦੂਜੇ ਪਾਸੇ ਅਜਿਹੇ ਲੋਕ ਵਿਰੋਧੀ ਅਤੇ ਨਾਂਹ ਪੱਖੀ ਏਜੰਡੇ ਵਾਲੀਆਂ ਤਾਕਤਾਂ ਹਨ, ਜਿਹਨਾਂ ਨੇ ਪਿਛਲੇ ਦੋ ਸਾਲਾਂ ਦੌਰਾਨ ਲੋਕਾਂ ਨੂੰ ਬੁਰੀ ਤਰ੍ਹਾਂ ਨਿਰਾਸ਼ ਕੀਤਾ ਹੈ। ਲੋਕਾਂ ਨੇ ਇਹ ਚੋਣ ਉਹਨਾਂ ਦੋ ਧਿਰਾਂ ਵਿਚੋਂ ਵੀ ਕਰਨੀ ਹੈ, ਜਿਹਨਾਂ ਵਿਚੋਂ ਪਹਿਲੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਲਈ ਵਚਨਬੱਧ ਹਨ ਅਤੇ ਦੂਜੀ ਧਿਰ ਉਹਨਾਂ ਦੀ ਹੈ, ਜਿਹੜੇ ਸੂਬੇ ਨੂੰ ਮੁੜ ਤੋਂ ਨਫਰਤ, ਖੂਨ ਖਰਾਬੇ ਅਤੇ ਹਨੇਰੇ ਦੇ ਖਤਰਨਾਕ ਯੁੱਗ ਵੱਲ ਧੱਕ ਰਹੇ ਹਨ। ਇਹ ਸਿੱਟ ਦੂਜੀ ਧਿਰ ਵੱਲੋਂ ਘੜੀ ਗਈ ਇੱਕ ਚਾਲ ਹੈ।ਬਾਅਦ 'ਚ ਬਾਦਲ ਦੇ ਰਾਸ਼ਟਰੀ ਮਾਮਲਿਆਂ ਅਤੇ ਮੀਡੀਆ ਬਾਰੇ ਮੀਡੀਆ ਸਲਾਹਕਾਰ ਸ੍ਰੀ ਹਰਚਰਨ ਬੈਂਸ ਨੇ ਕਿਹਾ ਕਿ ਬਾਦਲ 2015 ਵਿਚ ਕੋਟਕਪੂਰਾ ਵਿਖੇ ਹੋਈਆਂ ਘਟਨਾਵਾਂ ਦੇ ਸੰਬੰਧ ਵਿਚ ਸਿੱਟ ਨੂੰ ਮਿਲੇ। ਜਿਸ ਤਰ੍ਹਾਂ ਕਿ ਅੱਜ ਮੀਡੀਆ ਦੇ ਕਈ ਹਿੱਸਿਆ ਵੱਲੋਂ ਇਸ ਬਾਰੇ ਗਲਤਫਹਿਮੀ ਭਰੇ ਦਾਅਵੇ ਕੀਤੇ ਜਾ ਰਹੇ ਸਨ, ਇਸ ਮੀਟਿੰਗ ਦਾ ਬਰਗਾੜੀ ਦੀਆਂ ਘਟਨਾਵਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ।ਸਰਦਾਰ ਬਾਦਲ ਖੁਸ਼ਮਿਜਾਜ਼ ਤਬੀਅਤ ਨਾਲ ਸਿੱਟ ਮੈਂਬਰਾਂ ਦਾ ਸਵਾਗਤ ਕਰਨ ਲਈ ਸੈਕਟਰ 4 ਵਿਚ ਆਪਣੇ ਸਰਕਾਰੀ ਰਿਹਾਇਸ਼ੀ ਫਲੈਟ ਵਿਚੋਂ ਨਿੱਜੀ ਤੌਰ ਤੇ ਮੁੱਖ ਦਰਵਾਜ਼ੇ ਤਕ ਆਏ। sadਪਰ ਉਹਨਾਂ ਨੂੰ ਇਹ ਵੇਖ ਕੇ ਹੈਰਾਨੀ ਹੋਈ ਕਿ ਉਹਨਾਂ ਨਾਲ ਗੱਲਬਾਤ ਕਰਨ ਲਈ ਸਿਰਫ ਇੱਕੋ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਆਇਆ ਸੀ। ਸਰਦਾਰ ਬਾਦਲ ਨੇ ਉਸ ਦਾ ਨਿੱਘਾ ਸਵਾਗਤ ਕੀਤਾ ਪਰ ਨਾਲ ਹੀ ਉਸ ਨੂੰ ਕਿਹਾ ਕਿ ਕੀ ਉਹ ਸਿੱਟ ਦੇ ਚੇਅਰਮੈਨ ਸ੍ਰੀ ਪ੍ਰਬੋਧ ਕੁਮਾਰ ਫੋਨ ਉੱਤੇ ਉਹਨਾਂ ਦੀ ਗੱਲ ਕਰਵਾ ਸਕਦਾ ਹੈ।ਜਦੋਂ ਕੁੰਵਰ ਸਿੰਘ ਨੇ ਸਰਦਾਰ ਬਾਦਲ ਦੀ ਸ੍ਰੀ ਕੁਮਾਰ ਨਾਲ ਗੱਲਬਾਤ ਕਰਵਾਈ ਤਾਂ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਸਿੱਟ ਵੱਲੋਂ ਨਿੱਜੀ ਤੌਰ ਤੇ ਆ ਕੇ ਉਹਨਾਂ ਤੋਂ ਪੁੱਛਗਿੱਛ ਕਰਨ। ਸ਼ੁਰੂਆਤ ਵਿਚ ਸ੍ਰੀ ਕੁਮਾਰ ਨੇ ਨਿੱਜੀ ਤੌਰ ਤੇ ਆਉਣ ਵਾਸਤੇ ਝਿਜਕ ਵਿਖਾਈ। ਇਸ ਉੱਤੇ ਸਰਦਾਰ ਬਾਦਲ ਨੇ ਉਸ ਨੂੰ ਕਿਹਾ ਕਿ ਇਹ ਕੇਸ ਬਹੁਤ ਹੀ ਸੰਵੇਦਨਸ਼ੀਲ ਹੈ ਅਤੇ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਦਾ ਇਸ ਪ੍ਰਤੀ ਇੰਨਾ ਲਾਪਰਵਾਹੀ ਵਾਲਾ ਵਤੀਰਾ ਹੈ।ਉਹਨਾਂ ਕਿਹਾ ਕਿ ਕੀ ਇਹ ਇਸ ਲਈ ਹੈ, ਕਿਉਂਕਿ ਇਹ ਕਾਰਵਾਈ ਮਹਿਜ ਇਕ ਦਿਖਾਵਾ ਹੈ ਜਦਕਿ ਸਿੱਟ ਦੀ ਰਿਪੋਰਟ ਪਹਿਲਾਂ ਹੀ ਕਿਤੇ ਬੈਠ ਕੇ ਲਿਖੀ ਜਾ ਚੁੱਕੀ ਹੈ? ਉਹਨਾਂ ਸ੍ਰੀ ਕੁਮਾਰ ਨੂੰ ਪੁੱਛਗਿੱਛ ਕਰਨ ਲਈ ਨਿੱਜੀ ਤੌਰ ਤੇ ਸਮਾਂ ਕੱਢਣ ਦੀ ਅਪੀਲ ਕੀਤੀ,ਕਿਉਂਕਿ ਸਿੱਟ ਭਾਰਤੀ ਦੰਡ ਧਾਰਾ 307 ਤਹਿਤ ਦਰਜ ਕੀਤੇ ਇੱਕ ਕੇਸ ਵਿਚ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਵਿਅਕਤੀ ਨੂੰ ਗਵਾਹ ਬਣਾ ਕੇ ਪਹਿਲਾਂ ਹੀ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਹੈ। ਸਰਦਾਰ ਬਾਦਲ ਨੇ ਖੁਦ ਸ੍ਰੀ ਕੁਮਾਰ ਦੇ ਦਫਤਰ ਜਾਣ ਦੀ ਪੇਸ਼ਕਸ਼ ਕਰਦਿਆਂ ਕਿਹਾ ਕਿ ਜੇਕਰ ਤੁਹਾਡੇ ਕੋਲ ਆਉਣ ਦਾ ਸਮਾਂ ਨਹੀਂ ਹੈ ਤਾਂ ਮੈਂ ਤੁਹਾਡੀ ਸਹੂਲਤ ਲਈ ਜਿੱਥੇ ਤੁਸੀਂ ਕਹੋਗੇ, ਉੱਥੇ ਆ ਜਾਂਦਾ ਹਾਂ। ਸਰਦਾਰ ਬਾਦਲ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਚਾਹੁੰਦੀ ਹੈ ਕਿ ਲੋਕ ਇਸ ਦੀ ਸਿੱਟ ਦੀ ਕਾਰਵਾਈ ਪ੍ਰਤੀ ਗੰਭੀਰਤਾ ਉੱਤੇ ਯਕੀਨ ਕਰਨ ਅਤੇ ਦੂਜੇ ਪਾਸੇ ਇਸ ਮੁੱਦੇ ਨੂੰ ਮਹਿਜ 'ਇੱਕ ਰਸਮੀ ਕਾਰਵਾਈ' ਵਜੋ ਲਿਆ ਜਾ ਰਿਹਾ ਹੈ। ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਵਿਅਕਤੀ ਤੋਂ ਪੁੱਛਗਿੱਛ ਲਈ ਸਿੱਟ ਦਾ ਸਿਰਫ ਇੱਕ ਮੈਂਬਰ ਪਹੁੰਚ ਰਿਹਾ ਹੈ। ਇੱਥੋਂ ਤਕ ਸ਼ਹਿਰ ਵਿਚ ਹੁੰਦੇ ਹੋਏ ਵੀ ਇਸ ਟੀਮ ਨੇ ਚੇਅਰਮੈਨ ਨੇ ਖੁਦ ਆਉਣਾ ਜਰੂਰੀ ਨਹੀਂ ਸਮਝਿਆ ਹੈ। ਇਸ ਮਗਰੋਂ ਸ੍ਰੀ ਪ੍ਰਬੋਧ ਕੁਮਾਰ ਨੇ ਜਵਾਬ ਦਿੱਤਾ ਕਿ ਉਹ ਦਸ ਮਿੰਟਾਂ ਵਿਚ ਉੱੱਥੇ ਪਹੁੰਚ ਜਾਵੇਗਾ। ਕੁਮਾਰ ਦੇ ਆਉਣ ਉੱਤੇ ਸਰਦਾਰ ਬਾਦਲ ਇਸ ਜਾਂਚ ਪ੍ਰਕਿਰਿਆ 'ਚ ਸ਼ਾਮਿਲ ਹੋ ਗਏ। ਜਾਂਚ ਪ੍ਰਕਿਰਿਆ ਦੌਰਾਨ ਸਿੱਟ ਦੇ ਮੈਂਬਰਾਂ ਨੂੰ ਤਣਾਅਪੂਰਨ ਸਥਿਤੀ ਵਿਚ ਭਾਂਪਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਰਾਮ ਨਾਲ ਨਿਸ਼ਚਿੰਤ ਹੋ ਕੇ ਬੈਠੋ। ਮੈਂ ਤੁਹਾਡੀਆਂ ਸੀਮਾਵਾਂ ਜਾਣਦਾ ਹਾਂ ਅਤੇ ਇਹ ਵੀ ਜਾਣਦਾ ਹਾਂ ਕਿ ਤੁਸੀਂ ਆਪਣੀ ਰਿਪੋਰਟ ਨਹੀਂ ਲਿਖਣੀ ਹੈ ।ਸਰਦਾਰ ਬਾਦਲ ਨੇ ਇਹ ਵੀ ਕਿਹਾ ਕਿ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਜਿਸ ਰਿਪੋਰਟ ਦੇ ਆਧਾਰ ਉਤੇ ਸਿੱਟ ਬਣਾਈ ਗਈ ਹੈ, ਉਸ ਰਿਪੋਰਟ ਨੇ ਉਹਨਾਂ ਨੂੰ ਜਾਂ ਉਸ ਸਮੇਂ ਦੇ ਉਪ ਮੁੱਖ ਮੰਤਰੀ ਨੂੰ ਕਿਸੇ ਵੀ ਘਟਨਾ ਲਈ ਜ਼ਿੰਮੇਵਾਰ ਨਹੀਂ ਸੀ ਠਹਿਰਾਇਆ।ਸਿੱਟ ਦੀ ਟੀਮ ਦੇ ਦੌਰੇ ਮਗਰੋਂ ਮੀਡੀਆ ਨੂੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਟੀਮ ਵਾਲੇ ਉਹਨਾਂ ਤੋਂ ਇੱਧਰ-ਉੱਧਰ ਦੇ ਸਵਾਲ ਪੁੱਛ ਕੇ ਚਲੇ ਗਏ। ਇਹ ਪੁੱਛਣ ਤੇ ਕਿ ਕੀ ਸਿਟ ਉਹਨਾਂ ਤੋਂ ਫਜ਼ੂਲ ਦੇ ਸਵਾਲ ਦੇ ਪੁੱਛੇ ਸਨ, ਸਰਦਾਰ ਬਾਦਲ ਨੇ ਹਾਂ ਵਿਚ ਜਵਾਬ ਦਿੱਤਾ ਪਰ ਨਾਲ ਹੀ ਕਿਹਾ ਕਿ ਉਹਨਾਂ ਨੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਹਨ। ਸਰਦਾਰ ਬਾਦਲ ਨੇ ਕਿਹਾ ਕਿ ਸਿੱਟ ਦੇ ਮੈਂਬਰ ਉਹਨਾਂ ਦੇ ਜੁਆਬਾਂ ਤੋਂ ਪੂਰੀ ਤਰ੍ਹਾਂ ਸਤੁੰਸ਼ਟ ਨਜ਼ਰ ਆਏ। ਉਹਨਾਂ ਇਹ ਵੀ ਕਿਹਾ ਕਿ ਸਿੱਟ ਮੈਂਬਰਾਂ ਕੋਈ ਪੁੱਛਣ ਲਈ ਕੋਈ ਕੰਮ ਦਾ ਸਵਾਲ ਨਹੀਂ ਸੀ। —PTC News


Top News view more...

Latest News view more...