adv-img
ਦੇਸ਼- ਵਿਦੇਸ਼

ਕੈਨੇਡਾ ਨੇ ਪੰਜਾਬ ਦੇ ਸਰਹੱਦੀ ਖੇਤਰਾਂ ਨੂੰ ਲੈਕੇ ਜਾਰੀ ਕੀਤੀ ਐਡਵਾਇਜ਼ਰੀ, ਕਹੀ ਇਹ ਗੱਲ

By Jasmeet Singh -- September 28th 2022 03:51 PM

Canada issues advisory regarding border areas of Punjab: ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਭਾਰਤੀ ਸੂਬੇ ਗੁਜਰਾਤ, ਪੰਜਾਬ ਅਤੇ ਰਾਜਸਥਾਨ ਦੇ ਸਰਹੱਦੀ ਖੇਤਰਾਂ ਦੀ ਯਾਤਰਾ ਤੋਂ ਬਚਣ, ਜੋ ਪਾਕਿਸਤਾਨ ਨਾਲ ਲੱਗਦੇ ਹਨ। ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦਾ ਪੱਧਰ ਅਚਾਨਕ ਬਦਲ ਸਕਦਾ ਹੈ। ਦੋਵਾਂ ਦੇਸ਼ਾਂ ਵਿਚਕਾਰ ਯਾਤਰਾ ਕਰਨ ਵੇਲੇ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਦੋਵਾਂ ਵਿੱਚੋਂ ਕਿਸੇ ਵੀ ਦੇਸ਼ ਦੇ ਅਧਿਕਾਰੀਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਹਾਲ ਹੀ ਵਿੱਚ ਦੂਜੇ ਦੇਸ਼ ਦੀ ਯਾਤਰਾ ਕੀਤੀ ਹੈ ਤਾਂ ਤੁਹਾਡੀ ਜਾਂਚ ਵੀ ਕੀਤੀ ਜਾ ਸਕਦੀ ਹੈ।

ਕੈਨੇਡੀਅਨ ਸਰਕਾਰ ਮੁਤਾਬਿਕ ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ ਸੁਰੱਖਿਆ ਸਥਿਤੀ ਨੇ ਗੰਭੀਰ ਰੁੱਖ ਆਪਣਾ ਲਿਆ ਹੈ। ਐਡਵਾਇਜ਼ਰੀ 'ਚ ਕਿਹਾ ਗਿਆ ਕਿ ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਲੱਗਦੀ ਕੰਟਰੋਲ ਰੇਖਾ (ਐਲਓਸੀ) ਜੋ ਪਾਕਿਸਤਾਨ-ਪ੍ਰਸ਼ਾਸਿਤ ਕਸ਼ਮੀਰ ਨੂੰ ਵੱਖ ਕਰਦੀ ਹੈ, ਤੇ ਸਥਿਤੀ ਅਸਥਿਰ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਕੰਟਰੋਲ ਰੇਖਾ ਦੇ ਨਾਲ-ਨਾਲ ਸਰਹੱਦ ਪਾਰ ਤੋਂ ਸਮੇਂ-ਸਮੇਂ 'ਤੇ ਗੋਲੀਬਾਰੀ ਹੋ ਰਹੀ ਹੈ। ਇਸ ਦੇ ਨਾਲ ਹੀ ਬਾਰੂਦੀ ਸੁਰੰਗਾਂ ਅਤੇ ਵਿਸਫੋਟ ਹਥਿਆਰਾਂ ਦੀ ਮੌਜੂਦਗੀ ਵੀ ਇੱਕ ਖਤਰਾ ਹੈ।

ਹਾਲਾਂਕਿ ਅੰਤਰਰਾਸ਼ਟਰੀ ਯਾਤਰੀ ਨਿਯਮਿਤ ਤੌਰ 'ਤੇ ਅੰਮ੍ਰਿਤਸਰ ਨੂੰ ਲਾਹੌਰ ਨਾਲ ਜੋੜਨ ਵਾਲੇ ਵਾਹਗਾ ਬਾਰਡਰ ਕ੍ਰਾਸਿੰਗ ਦੀ ਵਰਤੋਂ ਕਰਦੇ ਨੇ ਪਰ ਸੁਰੱਖਿਆ ਉਪਾਅ ਤੋਂ ਬਾਅਦ ਵੀ ਇਹ ਇੱਕ ਕਮਜ਼ੋਰ ਨਿਸ਼ਾਨਾ ਬਣਿਆ ਰਹਿੰਦਾ ਹੈ। ਇਸ ਲਈ ਯਾਤਰਾ ਦੌਰਾਨ ਤੁਹਾਨੂੰ ਲੰਬੀ ਦੇਰੀ ਦਾ ਅਨੁਭਵ ਕਰਨਾ ਪੈ ਸਕਦਾ ਹੈ।

ਕੈਨੇਡਾ ਸਰਕਾਰ ਦੀ ਵੈੱਬਸਾਈਟ 'ਤੇ ਯਾਤਰਾ ਸਲਾਹਕਾਰ ਨੂੰ ਆਖਰੀ ਵਾਰ 27 ਸਤੰਬਰ ਨੂੰ ਅੱਪਡੇਟ ਕੀਤਾ ਗਿਆ ਸੀ ਜਿਸ ਵਿੱਚ ਉਨ੍ਹਾਂ ਆਪਣੇ ਨਾਗਰਿਕਾਂ ਨੂੰ ਭਾਰਤ ਭਰ ਵਿੱਚ ਅੱਤਵਾਦੀ ਹਮਲਿਆਂ ਦੇ ਖਤਰੇ ਨੂੰ ਵੇਖਦਿਆਂ ਉੱਚ ਪੱਧਰੀ ਸਾਵਧਾਨੀ ਵਰਤਣ ਲਈ ਕਿਹਾ ਹੈ। ਇਸ ਸਲਾਹ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦੇ ਅੰਦਰ ਯਾਤਰਾ ਸ਼ਾਮਲ ਨਹੀਂ ਹੈ। ਐਡਵਾਈਜ਼ਰੀ ਨੇ ਲੋਕਾਂ ਨੂੰ "ਅੱਤਵਾਦ ਅਤੇ ਕੱਟੜਵਾਦ ਦੇ ਖਤਰੇ ਦੇ ਕਾਰਨ" ਅਸਾਮ ਅਤੇ ਮਨੀਪੁਰ ਦੀ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਵੀ ਅਪੀਲ ਕੀਤੀ ਹੈ।

ਇਸ ਤੋਂ ਪਹਿਲਾਂ ਭਾਰਤ ਨੇ 23 ਸਤੰਬਰ ਨੂੰ ਕੈਨੇਡਾ ਵਿੱਚ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਦੇਸ਼ ਵਿੱਚ ਵੱਧ ਰਹੇ ਅਪਰਾਧਾਂ ਅਤੇ ਭਾਰਤ ਵਿਰੋਧੀ ਗਤੀਵਿਧੀਆਂ ਦੇ ਵਿਚਕਾਰ ਚੌਕਸ ਰਹਿਣ ਲਈ ਐਡਵਾਇਜ਼ਰੀ ਜਾਰੀ ਕੀਤੀ ਸੀ। ਭਾਰਤ ਨੇ ਕੈਨੇਡਾ ਜਾਣ ਵਾਲੇ ਆਪਣੇ ਵਿਦਿਆਰਥੀਆਂ ਨੂੰ ਨਫ਼ਰਤੀ ਅਪਰਾਧਾਂ ਕਾਰਨ ਸਾਵਧਾਨ ਅਤੇ ਸੁਚੇਤ ਰਹਿਣ ਦੀ ਚਿਤਾਵਨੀ ਦਿੱਤੀ ਸੀ। ਭਾਰਤ ਨੇ ਟਰੈਵਲ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਕਿ ਕੈਨੇਡਾ ਵਿੱਚ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।

ਸਰਕਾਰ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਕੈਨੇਡਾ ਵਿੱਚ ਨਫ਼ਰਤੀ ਅਪਰਾਧ ਦੇ ਮਾਮਲਿਆਂ ਅਤੇ ਭਾਰਤ ਵਿਰੋਧੀ ਗਤੀਵਿਧੀਆਂ 'ਤੇ ਕੈਨੇਡੀਅਨ ਅਧਿਕਾਰੀਆਂ ਨਾਲ ਗੱਲ ਕੀਤੀ ਹੈ। ਕੈਨੇਡੀਅਨ ਅਧਿਕਾਰੀਆਂ ਨੂੰ ਇਨ੍ਹਾਂ ਅਪਰਾਧਾਂ ਦੀ ਜਾਂਚ ਕਰਨ ਅਤੇ ਬਣਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ। ਵਿਦੇਸ਼ ਮੰਤਰਾਲੇ ਦਾ ਕਹਿਣਾ ਕਿ ਹੁਣ ਤੱਕ ਕੈਨੇਡਾ ਵਿੱਚ ਵਾਪਰੇ ਇਨ੍ਹਾਂ ਅਪਰਾਧਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਕੋਈ ਸਜ਼ਾ ਨਹੀਂ ਹੋਈ ਹੈ।

ਇਹ ਵੀ ਪੜ੍ਹੋ: PU ਸਿੰਡੀਕੇਟ ’ਚ ਪ੍ਰੋਫੈਸਰਾਂ ਦੀ ਭਰਤੀ ’ਤੇ ਲੱਗੀ ਮੋਹਰ

ਭਾਰਤ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਨਫ਼ਰਤੀ ਘਟਨਾਵਾਂ ਦੇ ਮੱਦੇਨਜ਼ਰ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਯਾਤਰਾ ਅਤੇ ਪੜ੍ਹਾਈ ਦੌਰਾਨ ਸੁਚੇਤ ਅਤੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਜਾਂਦੀ ਹੈ। ਸਰਕਾਰ ਨੇ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਓਟਾਵਾ ਜਾਂ ਟੋਰਾਂਟੋ ਅਤੇ ਵੈਨਕੂਵਰ ਵਿੱਚ ਭਾਰਤੀ ਮਿਸ਼ਨ ਵਿੱਚ ਰਜਿਸਟਰ ਕਰਨ ਦੀ ਵੀ ਅਪੀਲ ਕੀਤੀ।

-PTC News

  • Share