Charanjit Sandhu Death: ਪੰਜਾਬੀ ਇੰਡਸਟਰੀ ਤੋਂ ਮੰਦਭਾਗੀ ਖ਼ਬਰ ਆ ਰਹੀ ਹੈ ਕਿ ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਚਰਨਜੀਤ ਸੰਧੂ ਦਾ ਦਿਹਾਂਤ ਹੋ ਗਿਆ। ਇਸ ਦੀ ਜਾਣਕਾਰੀ ਅਦਾਕਾਰ ਯੋਗਰਾਜ ਸਿੰਘ ਦੀ ਪਤਨੀ ਨੀਨਾ ਬੁੰਦੇਲਾ ਨੇ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸਾਂਝੀ ਕਰਕੇ ਦਿੱਤੀ ਹੈ। ਇਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਬਹੁਤ ਹੀ ਭਾਵੁਕ ਕੈਪਸ਼ਨ 'ਚ ਲਿਖਿਆ ਹੈ, ''ਮੈਂ ਤੁਹਾਨੂੰ ਪਿਆਰ ਕਰਦੀ ਹਾਂ ਚਰਨਜੀਤ ਸੰਧੂ ਭਾਜੀ, ਮੈਂ ਤੁਹਾਡੀ ਮੁਸਕਰਾਹਟ ਨੂੰ ਨਹੀਂ ਭੁੱਲ ਸਕਦੀ। ਤੁਹਾਡੀ ਨਿਮਰ ਸ਼ਖਸੀਅਤ, 'ਬਰਨਿੰਗ ਪੰਜਾਬ' ਫ਼ਿਲਮ 'ਚ ਤੁਹਾਡੀ ਅਦਾਕਾਰੀ ਇੰਨੀ ਪ੍ਰਤਿਭਾਸ਼ਾਲੀ ਅਤੇ ਸ਼ਾਨਦਾਰ ਪ੍ਰਦਰਸ਼ਨ ਤੁਹਾਨੂੰ ਪ੍ਰਦਾਨ ਕਰਦੀ ਹੈ। ਮੈਂ ਇਸ ਖ਼ਬਰ 'ਤੇ ਵਿਸ਼ਵਾਸ ਨਹੀਂ ਕਰ ਪਾ ਰਹੀ। ਇਹ ਸੱਚ ਨਹੀਂ ਹੋ ਸਕਦਾ। ਭਾਜੀ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਅਸੀਂ ਹਮੇਸ਼ਾ ਲਈ ਯਾਦ ਕਰਾਂਗੇ।'' ਉਹ ਬੀਤੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਬਠਿੰਡੇ ਦੇ ਜੰਮਪਲ ਚਰਨਜੀਤ ਰੰਗ-ਮੰਚ ਨਾਲ ਜੁੜੇ ਰਹੇ। ਚਰਨਜੀਤ ਸੰਧੂ ਨੇ ਵੱਤਰ ਅਤੇ ਲੰਡਨ ਦੀ ਹਾਰ ਫਿਲਮਾਂ ਬਣਾਉਣ ਤੋਂ ਇਲਾਵਾ ਦਰਜਜਨ ਦੇ ਕਰੀਬ ਪੰਜਾਬੀ ਫਿਲਮਾਂ ਵਿਚ ਕੰਮ ਕੀਤਾ। ਜਿਸ ਵਿਚ ਦੁੱਲਾ ਵੈਲੀ, ਅੰਗਰੇਜ਼, ਪੰਜਾਬ ਸਿੰਘ, ਜ਼ੋਰਾ ਦੱਸ ਨੰਬਰੀਆ ਆਦਿ ਵਰਨਣਯੋਗ ਹਨ।ਇਸ ਤੋਂ ਇਲਾਵਾ ਗੁਰਚੇਤ ਚਿੱਤਰਕਾਰ ਨਾਲ ਅਨੇਕਾਂ ਹੀ ਕਾਮੇਡੀ ਫ਼ਿਲਮਾਂ 'ਚ ਉਹ ਨਜ਼ਰ ਆ ਚੁੱਕੇ ਹਨ। ਉਹ ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਫ਼ਿਲਮ ਇੰਡਸਟਰੀ 'ਚ ਸਰਗਰਮ ਰਹੇ ਸਨ। ਦੱਸਣਯੋਗ ਹੈ ਕਿ ਚਰਨਜੀਤ ਸੰਧੂ ਨੇ 'ਬਦਲਾ ਜੱਟੀ ਦਾ', 'ਕਠਪੁੱਤਲੀ', 'ਕੀ ਬਣੂੰ ਦੁਨੀਆ ਦਾ', 'ਤੂਫਾਨ ਸਿੰਘ', 'ਅੰਗਰੇਜ' ਸਣੇ ਕਈ ਵੱਡੇ ਪੱਧਰ ਦੀਆਂ ਫ਼ਿਲਮਾਂ 'ਚ ਕੰਮ ਕੀਤਾ ਸੀ। ਇੱਕ ਵਧੀਆ ਅਦਾਕਾਰ ਹੋਣ ਦੇ ਨਾਲ ਨਾਲ ਉਨ੍ਹਾਂ ਨੇ ਰੇਡੀਓ 'ਤੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਸਨ।