ਮੁੱਖ ਮੰਤਰੀ ਮਾਨ ਨੇ ਅਭਿਲਾਸ਼ੀ ਪ੍ਰੋਜੈਕਟ ਲਈ ਟਾਟਾ ਟੈਕਨਾਲੋਜੀ ਨੂੰ ਪੂਰਨ ਸਮਰਥਨ ਅਤੇ ਸਹਿਯੋਗ ਦਾ ਭਰੋਸਾ ਦਿੱਤਾ
ਚੰਡੀਗੜ੍ਹ, 4 ਮਈ: ਇੱਕ ਪਾਸੇ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਅਤੇ ਦੂਜੇ ਪਾਸੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਖੋਲ੍ਹਣ ਦੇ ਉਦੇਸ਼ ਨਾਲ ਟਾਟਾ ਟੈਕਨਾਲੋਜੀਜ਼ ਨੇ ਆਪਣਾ ਅਭਿਲਾਸ਼ੀ ਇਲੈਕਟ੍ਰਿਕ ਵਹੀਕਲ ਉਤਪਾਦਨ ਕੇਂਦਰ ਪੰਜਾਬ ਵਿਚ ਸਥਾਪਤ ਕਰਨ ਦੀ ਪੇਸ਼ਕਸ਼ ਕੀਤੀ ਹੈ।
ਇਹ ਵੀ ਪੜ੍ਹੋ: ਪਟਿਆਲਾ : ਲਾਅ ਯੂਨੀਵਰਸਿਟੀ 'ਚ ਕੋਰੋਨਾ ਦੇ 46 ਕੇਸ ਸਾਹਮਣੇ ਆਏ
ਟਾਟਾ ਟੈਕਨਾਲੋਜੀਜ਼ ਦੇ ਇੱਕ ਵਫ਼ਦ ਨੇ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਵਿਚਾਰ-ਵਟਾਂਦਰੇ ਦੌਰਾਨ ਟਾਟਾ ਟੈਕਨਾਲੋਜੀਜ਼ ਦੇ ਗਲੋਬਲ ਸੀਈਓ ਵਾਰੇਨ ਹੈਰਿਸ, ਪ੍ਰਧਾਨ ਗਲੋਬਲ ਐਚਆਰ ਅਤੇ ਆਈਟੀ ਪਵਨ ਭਗੇਰੀਆ ਅਤੇ ਹੋਰ ਨਾਲ ਆਏ ਵਫ਼ਦ ਨੇ ਸੂਬੇ ਵਿੱਚ ਮੌਜੂਦਾ 250 ਕਰੋੜ ਰੁਪਏ ਦੇ ਨਿਵੇਸ਼ ਅਤੇ ਭਵਿੱਖ ਵਿੱਚ 1600 ਕਰੋੜ ਰੁਪਏ ਦੇ ਨਿਵੇਸ਼ ਨਾਲ ਇਸ ਯੂਨਿਟ ਦੀ ਸਥਾਪਨਾ ਲਈ ਡੂੰਘੀ ਦਿਲਚਸਪੀ ਦਿਖਾਈ।
ਵਫ਼ਦ ਨੇ ਕਿਹਾ ਕਿ ਇਹ ਪੰਜਾਬ ਵਿੱਚ ਸਵੱਛ ਗਤੀਸ਼ੀਲਤਾ ਅਤੇ ਨੌਜਵਾਨਾਂ ਲਈ ਨੌਕਰੀਆਂ ਪੈਦਾ ਕਰਨ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ ਈਵੀ ਖੇਤਰ ਵਿੱਚ MSME ਦੇ ਵਿਕਾਸ 'ਤੇ ਜ਼ੋਰ ਦੇਵੇਗਾ। ਦੌਰੇ 'ਤੇ ਆਏ ਵਫ਼ਦ ਨੇ ਰਾਏ ਦਿੱਤੀ ਕਿ ਕੰਪਨੀ ਰਾਜ ਵਿੱਚ ਨੌਜਵਾਨਾਂ ਦੇ ਹੁਨਰ ਵਿਕਾਸ ਨੂੰ ਵੀ ਯਕੀਨੀ ਬਣਾਏਗੀ। ਇਸ ਪਹਿਲਕਦਮੀ ਦਾ ਸੁਆਗਤ ਕਰਦਿਆਂ ਮੁੱਖ ਮੰਤਰੀ ਨੇ ਇਸ ਪ੍ਰੋਜੈਕਟ ਲਈ ਟਾਟਾ ਟੈਕਨਾਲੋਜੀਜ਼ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਹੋਰ ਤੇਜ਼ ਕਰਨ ਲਈ ਵਚਨਬੱਧ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਅਜਿਹੇ ਪ੍ਰੋਜੈਕਟਾਂ ਰਾਹੀਂ ਇੱਥੇ ਰੁਜ਼ਗਾਰ ਦੇ ਵਧੀਆ ਮੌਕੇ ਪੈਦਾ ਕੀਤੇ ਜਾ ਸਕਣ ਅਤੇ ਆਪਣੇ ਕਰੀਅਰ ਦੀ ਭਾਲ ਵਿੱਚ ਵਿਦੇਸ਼ਾਂ ਵਿੱਚ ਜਾ ਰਹੇ ਪੰਜਾਬੀ ਨੌਜਵਾਨਾਂ ਦੇ ਰੁਝਾਨ ਨੂੰ ਵਾਪਸ ਲਿਆਵੇ।