ਮੁੱਖ ਮੰਤਰੀ ਚੰਨੀ ਨੇ ਯੂਨੀਵਰਸਿਟੀ ਦੀਆਂ ਫੀਸਾਂ ਘਟਾਉਣਅਤੇ ਮੁਫਤ ਸਿੱਖਿਆ ਦੇਣ ਬਾਰੇ ਕੀਤੀ ਚਰਚਾ
ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪੰਜਾਬ ਚੇਅਰਜ ਭਗਵਾਨ ਵਾਲਮੀਕਿ ਚੇਅਰ, ਡਾ. ਭੀਮ ਰਾਓ ਅੰਬੇਦਕਰ ਚੇਅਰ, ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਚੇਅਰ, ਸੰਤ ਕਬੀਰ ਚੇਅਰ ਤੇ ਭਾਈ ਮੱਖਣ ਸ਼ਾਹ ਲੁਬਾਣਾ ਚੇਅਰ ਦਾ ਉਦਘਾਟਨ ਕੀਤਾ। ਇਸ ਦੌਰਾਨ ਮੁੱਖ ਮੰਤਰੀ ਚੰਨੀ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਗਰਾਊਂਡ 'ਚ ਬਣੇ ਹੈਲੀਪੈਡ 'ਤੇ ਉੱਤਰੇ ਤੇ ਯੂਨੀਵਰਸਿਟੀ ਦੇ ਦਸ਼ਮੇਸ਼ ਆਡੀਟੋਰੀਅਮ 'ਚ ਸ਼ਮੂਲੀਅਤ ਕੀਤੀ।
ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਯੂਨੀਵਰਸਿਟੀ 'ਚੋਂ ਬਾਬੇ ਨਾਨਕ ਦਾ ਫਲਸਫਾ ਲਾਗੂ ਹੋਵੇ ਤਾਂ ਸਾਡੇ ਨੌਜਵਾਨ ਬਾਹਰ ਕਿਉਂ ਜਾਣ। ਨੌਜਵਾਨ ਸਾਡਾ ਸਰਮਾਇਆ ਹਨ। ਇਨ੍ਹਾਂ ਨੂੰ ਸੰਭਾਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਜਿੰਮੇਵਾਰੀ ਮੈਂ ਨਿਭਾਉਂ, ਕੁਰਸੀਆਂ ਦੀ ਕੋਈ ਪ੍ਰਵਾਹ ਨਹੀਂ।
ਉਨ੍ਹਾਂ ਕਿਹਾ ਕਿ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਫੀਸਾਂ ਦੀ ਨਜ਼ਰਸਾਨੀ ਕਰਨ। ਫੀਸਾਂ ਘਟਾ ਦੇਣੀਆਂ ਚਾਹੀਦੀਆਂ ਹਨ। ਪੜ੍ਹਾਈ ਤੋਂ ਬਗੈਰ ਕੋਈ ਸੂਬਾ ਅੱਗੇ ਨਹੀਂ ਵਧ ਸਕਦਾ। ਸਸਤੀ ਤੇ ਮੁਫਤ ਸਿੱਖਿਆ ਦੇਣੀ ਚਾਹੀਦੀ ਹੈ।
-PTC News