Mon, Apr 29, 2024
Whatsapp

ਢੀਠ ਲੋਕਾਂ ਦੇ ਨਹਿਲੇ 'ਤੇ ਪੁਲਿਸ ਦਾ ਦਹਿਲਾ ਘਰਾਂ 'ਚ ਟਿਕ ਕੇ ਨਾ ਬੈਠਣ ਵਾਲਿਆਂ 'ਤੇ ਹੁਣ ਡਰੋਨ ਰਾਹੀਂ ਰੱਖੇਗੀ ਨਜ਼ਰ

Written by  Panesar Harinder -- April 03rd 2020 07:04 PM
ਢੀਠ ਲੋਕਾਂ ਦੇ ਨਹਿਲੇ 'ਤੇ ਪੁਲਿਸ ਦਾ ਦਹਿਲਾ ਘਰਾਂ 'ਚ ਟਿਕ ਕੇ ਨਾ ਬੈਠਣ ਵਾਲਿਆਂ 'ਤੇ ਹੁਣ ਡਰੋਨ ਰਾਹੀਂ ਰੱਖੇਗੀ ਨਜ਼ਰ

ਢੀਠ ਲੋਕਾਂ ਦੇ ਨਹਿਲੇ 'ਤੇ ਪੁਲਿਸ ਦਾ ਦਹਿਲਾ ਘਰਾਂ 'ਚ ਟਿਕ ਕੇ ਨਾ ਬੈਠਣ ਵਾਲਿਆਂ 'ਤੇ ਹੁਣ ਡਰੋਨ ਰਾਹੀਂ ਰੱਖੇਗੀ ਨਜ਼ਰ

(ਹੁਸ਼ਿਆਰਪੁਰ) - ਕੋਰੋਨਾ ਮਹਾਮਾਰੀ ਨੇ ਕੁੱਲ ਦੁਨੀਆ ਦੇ ਸਿਹਤ ਢਾਂਚੇ ਦੀ ਨਾਂਹ ਕਰਵਾ ਕੇ ਰੱਖ ਦਿੱਤੀ ਹੈ। ਇਸ ਤੋਂ ਨਿਜਾਤ ਪਾਉਣ ਲਈ ਕਹਿੰਦੇ ਕਹਾਉਂਦੇ ਮੁਲਕਾਂ ਦੇ ਪਸੀਨੇ ਛੁੱਟ ਗਏ ਹਨ, ਪਰ ਹਾਲੇ ਤੱਕ ਇਹ ਬੇਕਾਬੂ ਹੈ। ਫ਼ਿਲਹਾਲ ਇਸ ਦਾ ਪਰਹੇਜ਼ ਹੀ ਇਲਾਜ ਹੈ, ਅਤੇ ਨਿੱਜੀ ਸਾਵਧਾਨੀਆਂ ਦੇ ਨਾਲ ਨਾਲ, ਛੂਤ ਦਾ ਰੋਗ ਹੋਣ ਦੇ ਮੱਦੇਨਜ਼ਰ ਲੋਕਾਂ ਨੂੰ ਇੱਕ-ਦੂਜੇ ਤੋਂ ਦੂਰੀਆਂ ਬਣਾ ਕੇ ਰੱਖਣ ਭਾਵ ਘਰ ਵਿੱਚ ਹੀ ਰਹਿਣ ਲਈ ਸਰਕਾਰ ਅਤੇ ਸਿਹਤ ਵਿਭਾਗ ਲੰਮੇ ਸਮੇਂ ਤੋਂ ਅਪੀਲਾਂ ਕਰਦਾ ਆ ਰਿਹਾ ਹੈ। ਇਨ੍ਹਾਂ ਹੀ ਦੂਰੀਆਂ ਨੂੰ ਸੱਚਮੁੱਚ ਅਮਲੀ ਜਾਮਾ ਪਹਿਨਾਉਣ ਲਈ ਸੂਬਾ ਸਰਕਾਰ ਵੱਲੋਂ ਸੂਬਾ ਪੱਧਰੀ ਲਾਕਡਾਊਨ ਤੇ ਕਰਫ਼ਿਊ ਲਗਾਇਆ ਗਿਆ ਹੈ। ਪਰ ਵੱਡੀ ਗਿਣਤੀ ਲੋਕ ਸਿਹਤ ਬਾਰੇ ਖ਼ਤਰੇ, ਪੁਲਿਸ ਤੇ ਪ੍ਰਸ਼ਾਸਨ ਦੀਆਂ ਬੇਨਤੀਆਂ ਨੂੰ ਦਰਕਿਨਾਰ ਕਰਦੇ ਹੋਏ ਬਾਹਰ ਜਾਣ ਤੋਂ ਗ਼ੁਰੇਜ਼ ਨਹੀਂ ਕਰ ਰਹੇ, ਅਤੇ ਇਨ੍ਹਾਂ ਹੀ ਕਾਰਨਾਂ ਕਰਕੇ ਪਿਛਲੇ ਦਿਨੀਂ ਕੀਤੀ ਸਖ਼ਤਾਈ ਕਾਰਨ ਪੁਲਿਸ ਉੱਤੇ ਵੀ ਕਈ ਸਵਾਲ ਉੱਠਣੇ ਸ਼ੁਰੂ ਹੋਏ। ਇਨ੍ਹਾਂ ਹੀ ਗੱਲਾਂ ਨੂੰ ਮੱਦੇਨਜ਼ਰ ਰੱਖ ਕੇ ਹੁਸ਼ਿਆਰਪੁਰ ਪੁਲਿਸ ਵੱਲੋਂ ਇੱਕ ਨਵਾਂ ਤਰੀਕਾ ਅਪਣਾਇਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮਾਡਲ ਟਾਊਨ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਦੀ ਗੱਡੀ ਦੇ ਹੂਟਰ ਸੁਣ ਕੇ ਜਾਂ ਗਸ਼ਤ 'ਤੇ ਆਈ ਟੀਮ ਦੇ ਕਹਿਣ 'ਤੇ ਲੋਕੀ ਇੱਕ ਵਾਰ ਤਾਂ ਘਰਾਂ ਅੰਦਰ ਚਲੇ ਜਾਂਦੇ ਹਨ, ਪਰ ਕੁਝ ਸਮੇਂ ਬਾਅਦ ਇਹ ਲੋਕ ਦੁਬਾਰਾ ਬਿਨਾਂ ਕਿਸੇ ਵਾਜਿਬ ਕਾਰਨ ਦੇ ਬਾਹਰ ਨਿੱਕਲ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਹੁਣ ਅਜਿਹੇ ਮਾਮਲਿਆਂ ਵਿੱਚ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਲੋਕਾਂ 'ਤੇ ਪਰਚੇ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਹਾਮਾਰੀ ਦੀ ਗੰਭੀਰਤਾ ਨੂੰ ਸਮਝਦੇ ਹੋਏ ਪੁਲਿਸ ਚਾਹੁੰਦੀ ਹੈ ਕਿ ਲੋਕੀ ਆਪਣੀ ਸਿਹਤ ਸੁਰੱਖਿਆ ਪ੍ਰਤੀ ਗੰਭੀਰ ਹੋਣ ਅਤੇ ਆਪਣੀ, ਆਪਣੇ ਪਰਿਵਾਰ ਅਤੇ ਹੋਰਨਾਂ ਦੀ ਸੁਰੱਖਿਆ ਵਾਸਤੇ ਅਹਿਤਿਆਤੀ ਕਦਮ ਅਪਨਾਉਣ। ਭਾਰੀ ਜੱਦੋ-ਜਹਿਦ ਦੇ ਬਾਵਜੂਦ ਪੰਜਾਬ ਅੰਦਰ ਕੋਰੋਨਾ ਨਾਲ ਪੀੜਤ 47 ਮਾਮਲੇ ਪਾਜ਼ਿਟਿਵ ਪਾਏ ਗਏ, ਜਿਨ੍ਹਾਂ ਵਿੱਚੋਂ 5 ਦੀ ਮੌਤ ਹੋ ਚੁੱਕੀ ਹੈ, ਅਤੇ ਇਨ੍ਹਾਂ ਕੋਰੋਨਾ ਪੀੜਤਾਂ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸੰਬੰਧਿਤ ਮਰੀਜ਼ ਵੀ ਸ਼ਾਮਲ ਹਨ। ਹਾਲਾਂਕਿ ਕੋਰੋਨਾ ਤੋਂ ਰਿਕਵਰੀ ਦੀ ਖ਼ਬਰ ਨਾਲ ਕੁਝ ਰਾਹਤ ਮਿਲੀ ਸੀ, ਪਰ ਨਿਜ਼ਾਮੁਦੀਨ ਦੀ ਤਬਲੀਗੀ ਮਰਕਜ਼ ਤੋਂ ਬਾਅਦ ਮੁੜ ਸੂਬੇ ਅਮਿਤ ਸਾਰੇ ਦੇਸ਼ ਅੰਦਰ ਡਰ ਦਾ ਮਾਹੌਲ ਬਣ ਗਿਆ ਹੈ। ਤਬਲੀਗੀ ਮਰਕਜ਼ ਨੂੰ ਲੈ ਕੇ ਵੱਡੀ ਗਿਣਤੀ ਲੋਕਾਂ ਦਾ ਸੰਕ੍ਰਮਣ ਦੇ ਸ਼ਿਕਾਰ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।


Top News view more...

Latest News view more...