ਮੁੱਖ ਖਬਰਾਂ

ਪੰਜਾਬ 'ਚ ਓਮੀਕ੍ਰੋਨ ਦਾ ਖਤਰਾ- ਪਿਛਲੇ 11 ਦਿਨਾਂ 'ਚ 64 ਕੋਰੋਨਾ ਪੌਜ਼ਟਿਵ, 16 ਦੀ ਮੌਤ

By Riya Bawa -- December 12, 2021 10:23 am -- Updated:December 12, 2021 10:29 am

ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਦਾ ਕਹਿਰ ਲਗਾਤਾਰ ਫਿਰ ਤੋਂ ਵੱਧ ਰਿਹਾ ਹੈ। ਕੋਰੋਨਾ ਦੇ ਨਾਲ ਨਾਲ ਹੁਣ ਕੋਵਿਡ ਦੇ ਓਮੀਕ੍ਰੋਨ ਵੇਰੀਐਂਟ ਦਾ ਖ਼ਤਰਾ ਵੀ ਬਰਕਰਾਰ ਹੈ। ਪਿਛਲੇ 11 ਦਿਨਾਂ 'ਚ ਸੂਬੇ ਵਿੱਚ 64 ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਹਨ ਤੇ 16 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਬਾਵਜੂਦ ਸਰਕਾਰ ਰੋਜ਼ਾਨਾ ਟੈਸਟ ਕਰਵਾਉਣ ਦੇ ਟੀਚੇ ਪੂਰੇ ਨਹੀਂ ਪਾ ਰਹੀ। ਸਰਕਾਰ ਨੇ ਰੋਜ਼ਾਨਾ 40 ਹਜ਼ਾਰ ਟੈਸਟ ਕਰਵਾਉਣ ਦਾ ਦਾਅਵਾ ਕੀਤਾ ਸੀ ਪਰ ਸ਼ਨੀਵਾਰ ਤਕ ਇਨ੍ਹਾਂ ਦੀ ਗਿਣਤੀ 17 ਹਜ਼ਾਰ ਸੀ।

ਜੇਕਰ ਬੀਤੇ ਦਿਨ ਦੀ ਗੱਲ ਕਰੀਏ 'ਤੇ ਇਟਲੀ ਤੋਂ ਪਰਤੇ 2 ਯਾਤਰੀ ਅੰਮ੍ਰਿਤਸਰ ਏਅਰਪੋਰਟ 'ਤੇ ਕੋਰੋਨਾ ਪੌਜ਼ੇਟਿਵ ਪਾਏ ਗਏ। ਹਾਲਾਂਕਿ ਇਨ੍ਹਾਂ 'ਚ ਓਮੀਕ੍ਰੋਨ ਵੇਰੀਐਂਟ ਦੀ ਅਜੇ ਪੁਸ਼ਟੀ ਨਹੀਂ ਹੋਈ ਪਰ ਸਰਕਾਰ ਨੇ ਜੀਨੋਮ ਸੀਕਵੈਂਸਿੰਗ ਟੈਸਟ ਲਈ ਉਨ੍ਹਾਂ ਦੇ ਸੈਂਪਲ ਦਿੱਲੀ ਭੇਜ ਦਿੱਤੇ ਹਨ। ਪੰਜਾਬ ਵਿੱਚ ਪਰਵਾਸੀ ਭਾਰਤੀਆਂ ਦਾ ਆਉਣਾ-ਜਾਣਾ ਵੱਧ ਹੈ, ਇਸ ਲਈ ਸੂਬੇ ਵਿੱਚ ਓਮੀਕ੍ਰੋਨ ਦਾ ਖਤਰਾ ਬਰਕਰਾਰ ਹੈ।

ਗੌਰਤਲਬ ਹੈ ਕਿ ਪੰਜਾਬ 'ਚ 30 ਨਵੰਬਰ ਦੀ ਸ਼ਾਮ ਤਕ ਕੋਰੋਨਾ ਦੇ 325 ਐਕਟਿਵ ਕੇਸ ਸਨ, ਜੋ ਹੁਣ 11 ਦਸੰਬਰ ਤਕ ਵੱਧ ਕੇ 389 ਹੋ ਗਏ ਹਨ। ਇਨ੍ਹਾਂ 11 ਦਿਨਾਂ 'ਚ ਕੋਵਿਡ ਦੇ ਮਰੀਜ਼ਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ। ਪੰਜਾਬ 'ਚ ਹੁਣ ਤਕ ਕੋਵਿਡ ਦੇ 6 ਲੱਖ 3 ਹਜ਼ਾਰ 697 ਮਰੀਜ਼ ਪਾਏ ਗਏ ਹਨ, ਜਿਨ੍ਹਾਂ 'ਚੋਂ 5 ਲੱਖ 86 ਹਜ਼ਾਰ 690 ਮਰੀਜ਼ ਠੀਕ ਹੋ ਚੁੱਕੇ ਹਨ। 16 ਹਜ਼ਾਰ 618 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ ਵੀ 30 ਮਰੀਜ਼ ਆਕਸੀਜਨ 'ਤੇ ਹਨ ਤੇ 10 ਆਈਸੀਯੂ ਮਤਲਬ ਕੁੱਲ 40 ਮਰੀਜ਼ ਵੈਂਟੀਲੇਟਰ ਸਪੋਰਟ 'ਤੇ ਹਨ। ਇਕ ਰਿਪੋਰਟ ਦੇ ਮੁਤਾਬਿਕ ਕੋਵਿਡ ਵੈਕਸੀਨ ਦੀ ਦੂਜੀ ਖੁਰਾਕ 'ਚ ਪੰਜਾਬ ਪੱਛੜ ਗਿਆ ਹੈ।

ਪੰਜਾਬ 'ਚ ਹੁਣ ਤਕ 2 ਕਰੋੜ 51 ਲੱਖ 76 ਹਜ਼ਾਰ 557 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਇਨ੍ਹਾਂ 'ਚੋਂ 1 ਕਰੋੜ 68 ਲੱਖ 2 ਹਜ਼ਾਰ 666 ਲੋਕਾਂ ਨੇ ਪਹਿਲੀ ਖੁਰਾਕ ਲਈ ਹੈ। ਦੂਜੀ ਖੁਰਾਕ ਲੈਣ ਵਾਲਿਆਂ 'ਚ ਸਿਰਫ਼ 83 ਲੱਖ 73 ਹਜ਼ਾਰ 891 ਲੋਕ ਹਨ।

-PTC News

  • Share