
ਨਵੀਂ ਦਿੱਲੀ : ਅੱਜ ਦੇਸ਼ ਵਿਆਪੀ ਕੋਵਿਡ -19 ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਹੋ ਚੁਕੀ ਹੈ। ਦਿੱਲੀ ਦੇ ਏਮਜ਼ (AIIMS) ‘ਚ ਇਕ ਸਫ਼ਾਈ ਕਰਮਚਾਰੀ ਨੂੰ ਸਭ ਤੋਂ ਪਹਿਲਾਂ ਕੋਰੋਨਾ ਦਾ ਟੀਕਾ ਲਗਾਇਆ ਗਿਆ ਹੈ। ਇਸ ਮੌਕੇ ਉੱਥੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਅਤੇ AIIMS ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਵੀ ਮੌਜੂਦ ਸਨ।
ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਅਤੇ ਸਰਕਾਰ ਵਿਚਾਲੇ ਮੀਟਿੰਗ ਖ਼ਤਮ ,ਖੇਤੀ ਕਾਨੂੰਨ ਰੱਦ ਨਾ ਕਰਨ ਉੱਤੇ ਅੜੀ ਸਰਕਾਰ

ਇਸ ਤੋਂ ਬਾਅਦ ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ਵਰਧਨ ਦੀ ਮੌਜੂਦਗੀ ‘ਚ ਟੀਕਾ ਲਗਾਇਆ।ਡਾ. ਗੁਲੇਰੀਆ ਨੇ ਵੈਕਸੀਨ ਲਗਵਾ ਕੇ ਕਈ ਤਰ੍ਹਾਂ ਦੀ ਸ਼ੱਕ ਨੂੰ ਦੂਰ ਕਰ ਦਿੱਤਾ ਹੈ। ਕੋਰੋਨਾ ਵਾਇਰਸ ਵੈਕਸੀਨ ਨੂੰ ਲੈ ਕੇ ਲੋਕਾਂ ਦੇ ਮਨ ’ਚ ਉੱਠ ਰਹੇ ਸ਼ੱਕਾਂ ਨੂੰ ਦੂਰ ਕਰਨ ਲਈ ਏਮਸ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਵੈਕਸੀਨ ਲੈਣ ਦਾ ਫੈਸਲਾ ਕੀਤਾ ਸੀ।

ਇਸ ਦੌਰਾਨ ਹਰਸ਼ਵਰਧਨ ਨੇ ਕਿਹਾ ਕਿ ਮੈਨੂੰ ਅੱਜ ਬਹੁਤ ਖੁਸ਼ੀ ਹੈ, ਵੈਕਸੀਨ ਕੋਰੋਨਾ ਵਿਰੁੱਧ ਜੰਗ ‘ਚ ਸੰਜੀਵਨੀ ਦਾ ਕੰਮ ਕਰੇਗੀ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਪਹਿਲੇ ਪੋਲੀਓ ਅਤੇ ਚੇਚਕ ਵਿਰੁੱਧ ਜੰਗ ਜਿੱਤੀ ਹੈ ਅਤੇ ਹੁਣ ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਕੋਵਿਡ-19 ਵਿਰੁੱਧ ਜੰਗ ਜਿੱਤਣ ਦੇ ਨਿਰਣਾਇਕ ਦੌਰ ‘ਚ ਪਹੁੰਚ ਚੁੱਕਿਆ ਹੈ।

ਦਰਅਸਲ ‘ਚ ਹਰਸ਼ਵਰਧਨ ਨੇ ਦਿੱਲੀ ਦੇ ਵੱਖ-ਵੱਖ ਹਸਪਤਾਲਾਂ ‘ਚ ਜਾ ਕੇ ਕੋਰੋਨਾ ਟੀਕਾਕਰਨ ਮੁਹਿੰਮ ਦਾ ਜਾਇਜ਼ਾ ਲਿਆ। ਉਹ ਸਭ ਤੋਂ ਪਹਿਲਾਂ ਏਮਜ਼ ਪਹੁੰਚੇ। ਉੱਥੇ ਉਹ ਏਮਜ਼ ਦੇ ਡਾਕਟਰਾਂ ਅਤੇ ਟੀਕਾ ਲੈਣ ਵਾਲੇ ਲੋਕਾਂ ਨਾਲ ਕੋਰੋਨਾ ਟੀਕਾਕਰਨ ਮੁਹਿੰਮ ਦੇ ਸ਼ੁੱਭ ਆਰੰਭ ਪ੍ਰੋਗਰਾਮ ਦੇ ਗਵਾਹ ਬਣੇ। ਕੋਵਿਡ -19 ਵਿਰੁੱਧ ਟੀਕਾਕਰਨ ਮੁਹਿੰਮ ਦੇ ਪਹਿਲੇ ਦਿਨ ਅੱਜ ਤਕਰੀਬਨ 3 ਲੱਖ ਸਿਹਤ ਕਰਮਚਾਰੀਆਂ ਨੂੰ 2,934 ਕੇਂਦਰਾਂ ‘ਤੇ ਟੀਕਾ ਲਗਾਇਆ ਜਾਵੇਗਾ।

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕੋਰੋਨਾ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਟੀਕਾ ਲੱਗਦੇ ਹੀ ਲਾਪਰਵਾਹੀ ਨਾ ਵਰਤੋ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੁਨੀਆ ਦਾ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਹੈ। ਦੁਨੀਆ ‘ਚ 100 ਤੋਂ ਵੱਧ ਦੇਸ਼ ਅਜਿਹੇ ਹਨ, ਜਿੱਥੇ ਦੀ ਆਬਾਦੀ ਨੂੰ ਟੀਕਾ ਲਗਾਇਆ ਜਾਣਾ ਹੈ।
-PTCNews