ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ SIT ਪਹੁੰਚੀ ਡੇਰਾ ਸਿਰਸਾ, ਚੇਅਰਪਰਸਨ ਵਿਪਾਸਨਾ ਤੇ ਪੀਆਰ ਨੈਨ ਤੋਂ ਹੋਵੇਗੀ ਪੁੱਛਗਿੱਛ
Punjab Sacrilege Case: ਪੰਜਾਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (SIT) ਸਿਰਸਾ ਸਥਿਤ ਡੇਰਾ ਸੱਚਾ ਸੌਦਾ ਪਹੁੰਚ ਗਈ ਹੈ। ਇੱਥੇ ਉਹ ਡੇਰਾ ਚੇਅਰਪਰਸਨ ਵਿਪਾਸਨਾ ਇੰਸਾਨ ਅਤੇ ਸੀਨੀਅਰ ਵਾਈਸ ਚੇਅਰਮੈਨ ਡਾਕਟਰ ਪੀਆਰ ਨੈਨ ਤੋਂ ਪੁੱਛਗਿੱਛ ਕਰੇਗੀ।
ਪੰਜਾਬ ਪੁਲਿਸ ਦੇ ਆਈਜੀ ਐਸਪੀਐਸ ਪਰਮਾਰ ਦੀ ਅਗਵਾਈ ਵਿੱਚ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ ਅਤੇ 2 ਹੋਰ ਅਧਿਕਾਰੀਆਂ ਦੀ ਟੀਮ ਇਸ ਜਾਂਚ ਨੂੰ ਕਰੇਗੀ। ਪੰਜਾਬ ਪੁਲਿਸ ਦੀ ਟੀਮ ਦੇ ਨਾਲ ਸਿਰਸਾ ਦੇ ਐਸਪੀ ਅਰਪਿਤ ਜੈਨ ਨੇ ਸਥਾਨਕ ਪੁਲਿਸ ਨੂੰ ਵੀ ਨਾਲ ਲੈ ਕੇ ਗਏ ਹਨ।
ਇਸ ਤੋਂ ਪਹਿਲਾਂ ਦੋਵਾਂ ਨੂੰ ਐਸਆਈਟੀ ਨੇ ਪੁੱਛਗਿੱਛ ਲਈ ਲੁਧਿਆਣਾ ਬੁਲਾਇਆ ਸੀ ਪਰ ਉਹ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਨਹੀਂ ਆਏ ਸਨ। ਐਸਆਈਟੀ ਨੇ ਉਨ੍ਹਾਂ ਨੂੰ 3 ਵਾਰ ਸੰਮਨ ਭੇਜਿਆ ਹੈ। ਕੁਝ ਦਿਨ ਪਹਿਲਾਂ SIT ਨੇ ਫਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ 'ਚ ਬੇਅਦਬੀ ਮਾਮਲੇ 'ਚ ਰੋਹਤਕ ਦੀ ਸੁਨਾਰੀਆ ਜੇਲ 'ਚ ਬੰਦ ਬਾਬਾ ਰਾਮ ਰਹੀਮ ਤੋਂ ਪੁੱਛਗਿੱਛ ਕੀਤੀ ਸੀ।
ਰਾਮ ਰਹੀਮ ਤੋਂ 114 ਸਵਾਲ ਪੁੱਛੇ ਗਏ ਸਨ। ਇਨ੍ਹਾਂ 'ਚ ਰਾਮ ਰਹੀਮ ਨੇ ਨੋਟਬੰਦੀ ਦੌਰਾਨ ਡੇਰੇ ਦੀ ਆਮਦਨ, ਜਾਇਦਾਦ, ਪੁਰਾਣੀ ਕਰੰਸੀ ਦੇ ਅਦਲਾ-ਬਦਲੀ ਸਮੇਤ ਪੂਰੇ ਕੰਮ ਦੀ ਜ਼ਿੰਮੇਵਾਰੀ ਪ੍ਰਬੰਧਕੀ ਕਮੇਟੀ 'ਤੇ ਪਾਈ ਸੀ।
-PTC News