ਦੂਸ਼ਿਤ ਪਾਣੀ ਦੇ ਮੁੱਦੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰੀ ਮੰਤਰੀ ਸ਼ੇਖਾਵਤ ਵਿਚ ਹੋਈ ਚਰਚਾ
ਨਵੀਂ ਦਿੱਲੀ, 26 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੇ ਸੂਬੇ ਦੇ ਦੂਸ਼ਿਤ ਪਾਣੀਆਂ ਦੇ ਮੁੱਦੇ 'ਤੇ ਚਰਚਾ ਕਰਨ ਲਈ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕੀਤੀ।
ਇਸ ਤੋਂ ਪਹਿਲਾਂ ਮਾਨ ਨੇ ਇੱਕ ਟਵੀਟ ਵਿੱਚ ਦੱਸਿਆ ਸੀ ਕਿ ਉਹ ਦਿੱਲੀ ਵਿੱਚ ਮੰਤਰੀ ਨਾਲ ਮੁਲਾਕਾਤ ਕਰਨਗੇ ਅਤੇ ਪੰਜਾਬ ਦੇ ਪਾਣੀਆਂ ਨੂੰ ਸ਼ੁੱਧ ਕਰਨ ਬਾਰੇ ਵਿਸਥਾਰ ਵਿੱਚ ਚਰਚਾ ਕਰਨਗੇ।
ਦੋਵਾਂ ਮੰਤਰੀਆਂ ਨੇ ਬੁੱਢੇ ਨਾਲੇ, ਜੋ ਕਿ ਇੱਕ ਮੌਸਮੀ ਪਾਣੀ ਦੀ ਧਾਰਾ ਤੇ ਲੁਧਿਆਣਾ ਵਿੱਚੋਂ ਲੰਘਦਾ ਹੈ, ਕਾਰਨ ਪ੍ਰਦੂਸ਼ਣ ਦੇ ਮੁੱਦੇ 'ਤੇ ਚਰਚਾ ਕੀਤੀ ਅਤੇ ਹਰੀਕੇ ਬੈਰਾਜ ਤੋਂ ਨਿਕਲਣ ਵਾਲੀਆਂ ਨਹਿਰਾਂ ਵਿੱਚ ਦੂਸ਼ਿਤ ਪਾਣੀ ਦਾਖਲ ਹੋਣ ਦੀ ਸਮੱਸਿਆ 'ਤੇ ਵੀ ਵਿਚਾਰ ਕੀਤਾ।
ਨੈਸ਼ਨਲ ਰਿਵਰ ਕੰਜ਼ਰਵੇਸ਼ਨ ਡਾਇਰੈਕਟੋਰੇਟ (ਐਨ.ਆਰ.ਸੀ.ਡੀ.) ਅਧੀਨ ਪੰਜਾਬ ਵਿੱਚ ਦਰਿਆਵਾਂ ਦੇ ਪੁਨਰ ਸੁਰਜੀਤੀ ਦੇ ਪ੍ਰੋਜੈਕਟ ਨੂੰ ਲਾਗੂ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਅੱਜ ਪੰਜਾਬ ਦਾ ਪਾਣੀ ਬਹੁਤ ਜ਼ਿਆਦਾ ਪ੍ਰਦੂਸ਼ਤ ਹੈ। ਕਈ ਇਲਾਕਿਆਂ ਵਿੱਚ ਪਾਣੀਆਂ ਵਿੱਚ ਯੂਰੇਨੀਅਮ, ਆਰਸੈਨਿਕ ਅਤੇ ਹੈਵੀ ਮੈਟਲ ਪਾਏ ਜਾਂਦੇ ਹਨ। ਇਸ ਕਾਰਨ ਬੱਚੇ ਜਨਮ ਤੋਂ ਹੀ ਅੰਗਹੀਣ ਹੋ ਰਹੇ ਹਨ। ਪਵਿੱਤਰ ਦਰਿਆ ਸਤਲੁਜ ਹੁਣ ਇੱਕ ਕੈਂਸਰ ਦੀ ਨਦੀ ਵਿੱਚ ਬਦਲ ਗਿਆ ਹੈ।"
ਉਨ੍ਹਾਂ ਅੱਗੇ ਕਿਹਾ "ਮੈਂ ਕੇਂਦਰ ਨਾਲ ਸਹਿਯੋਗ ਕਰਕੇ ਇਸ ਮੁੱਦੇ ਨੂੰ ਹੱਲ ਕਰਨ ਦੀ ਉਮੀਦ ਕਰਦਾ ਹਾਂ। ਸਾਡੇ ਦਰਿਆਵਾਂ ਨੂੰ ਸਾਫ਼ ਕਰਨਾ ਸਾਡਾ ਚੋਣ ਆਦੇਸ਼ ਸੀ ਅਤੇ ਅਸੀਂ ਇਸ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹਾਂ।"
ਇਸ ਤੋਂ ਪਹਿਲਾਂ ਮਾਨ ਨੇ 18 ਜੁਲਾਈ ਨੂੰ ਸੂਬੇ ਦੇ ਦਰਿਆਵਾਂ ਅਤੇ ਨਾਲਿਆਂ ਦੀ ਸਫ਼ਾਈ ਲਈ ਮੁਹਿੰਮ ਚਲਾਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਸੂਬਾ ਸਰਕਾਰ ਸੂਬੇ ਦੇ ਦਰਿਆਵਾਂ ਅਤੇ ਡਰੇਨਾਂ ਦੇ ਰੂਪ ਵਿੱਚ ਕੁਦਰਤੀ ਸੋਮਿਆਂ ਦੀ ਸਫਾਈ ਲਈ ਜਲਦੀ ਹੀ ਇੱਕ ਵਿਸ਼ਾਲ ਮੁਹਿੰਮ ਵਿੱਢੇਗੀ।
ਉਨ੍ਹਾਂ ਲੋਕਾਂ ਨੂੰ ਇਸ ਪਹਿਲਕਦਮੀ ਦਾ ਸਮਰਥਨ ਕਰਨ ਦਾ ਸੱਦਾ ਵੀ ਦਿੱਤਾ।
-PTC News