ਦੀਵਾਲੀ ਮੌਕੇ ਸਰਹੱਦ 'ਤੇ ਤਿੰਨ ਵਾਰ ਪਾਕਿਸਤਾਨੀ ਡਰੋਨ ਨੇ ਦਿੱਤੀ ਦਸਤਕ, BSF ਨੇ ਕੀਤੀ ਫਾਇਰਿੰਗ
ਅੰਮ੍ਰਿਤਸਰ: ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਤੇ ਆਪਣੀ ਨਾਪਾਕ ਕੋਸ਼ਿਸ਼ ਨਹੀਂ ਰੋਕ ਰਿਹਾ। ਬੀਤੀ ਰਾਤ ਪਾਕਿਸਤਾਨੀ ਡਰੋਨ ਵੱਲੋਂ ਫਿਰ ਭਾਰਤੀ ਸੀਮਾ ਅੰਦਰ ਦਸਤਕ ਦਿੱਤੀ ਗਈ। ਦੀਵਾਲੀ ਵਾਲੀ ਰਾਤ ਵੀ ਪਾਕਿਸਤਾਨੀ ਤਸਕਰਾਂ ਨੇ ਆਪਣੇ ਨਾਪਾਕ ਮਨਸੂਬਿਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਚੌਕਸ ਜਵਾਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਜਾਣਕਾਰੀ ਅਨੁਸਾਰ ਬੀਤੀ ਰਾਤ ਤਿੰਨ ਵਾਰ ਪਾਕਿਸਤਾਨ ਤੋਂ ਆਏ ਡਰੋਨ ਨੇ ਭਾਰਤੀ ਸਰਹੱਦ ਪਾਰ ਕੀਤੀ ਅਤੇ ਬੀਐਸਐਫ ਦੇ ਜਵਾਨਾਂ ਨੇ ਉਸ 'ਤੇ ਗੋਲੀਬਾਰੀ ਕਰਕੇ ਉਸ ਨੂੰ ਵਾਪਸ ਮੋੜ ਦਿੱਤਾ।
ਇਹ ਘਟਨਾ ਅੰਮ੍ਰਿਤਸਰ ਸੈਕਟਰ ਅਧੀਨ ਪੈਂਦੇ ਬੀਓਪੀ ਚੰਡੀਗੜ੍ਹ ਦੀ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨੀ ਸਮੱਗਲਰਾਂ ਨੇ ਰਾਤ 10 ਤੋਂ 12 ਵਜੇ ਦਰਮਿਆਨ ਤਿੰਨ ਵਾਰ ਭਾਰਤੀ ਖੇਤਰ ਵਿੱਚ ਡਰੋਨ ਭੇਜਣ ਦੀ ਕੋਸ਼ਿਸ਼ ਕੀਤੀ ਪਰ ਬੀਐਸਐਫ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣੀ ਜਿਸ ਤੋਂ ਬਾਅਦ ਜਵਾਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਹਲਕੇ ਬੰਬ ਵੀ ਸੁੱਟੇ ਗਏ। ਗੋਲੀਬਾਰੀ ਤੋਂ ਬਾਅਦ ਡਰੋਨ ਪਾਕਿਸਤਾਨੀ ਸਰਹੱਦ ਵੱਲ ਪਰਤ ਗਿਆ।
ਇਹ ਵੀ ਪੜ੍ਹੋ : ਦੀਵਾਲੀ ਤੋਂ ਬਾਅਦ ਕਈ ਸੂਬਿਆਂ ਦੀ ਆਬੋ ਹਵਾ ਹੋਈ ਜਹਿਰਲੀ, ਲੋਕਾਂ ਨੂੰ ਸਾਹ ਲੈਣਾ ਹੋਇਆ ਔਖਾ
ਘਟਨਾ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ। ਬੀ.ਐਸ.ਐਫ ਨੇ ਪੁਲਿਸ ਦੇ ਸਹਿਯੋਗ ਨਾਲ ਬੀਓਪੀ ਚੰਡੀਗੜ੍ਹ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਤਲਾਸ਼ੀ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।
-PTC News