ਸ਼ਮੀਲਾ ਖ਼ਾਨ: ਜੇ ਭਾਰਤ ਦੇ ਇਤਿਹਾਸ ਵੱਲ ਝਾਤੀ ਮਾਰੀ ਜਾਵੇ ਤਾਂ ਪਤਾ ਚੱਲਦਾ ਹੈ ਕਿ ਸਮਾਜ ਵਿੱਚ ਔਰਤ ਨੂੰ ਕਦੇ ਵੀ ਮਰਦ ਦੀ ਬਰਾਬਰੀ ਦਾ ਹੱਕ ਪ੍ਰਾਪਤ ਨਹੀਂ ਹੋਇਆ। ਉਸ ਦੇ ਲਈ ਪਤੀ/ ਸ਼ੋਹਰ ਹਮੇਸ਼ਾ ਪਰਮੇਸ਼ਰ ਜਾਂ ਮਾਲਕ ਹੀ ਰਿਹਾ ਹੈ। ਔਰਤ ਦਾ ਮੁੱਖ ਕਾਰਜ ਘਰ ਦੀ ਚਾਰਦੀਵਾਰੀ ਤੱਕ ਸੀਮਤ ਰੱਖਿਆ ਗਿਆ ਹੈ। ਉਸ ਵੇਲੇ ਵੀ ਪਤਨੀ ਦੇ ਮਰਨ ਪਿੱਛੋਂ ਪਤੀ ਦੂਜਾ ਵਿਆਹ ਕਰਵਾਉਣ ਦਾ ਹੱਕਦਾਰ ਸੀ, ਇੱਕ ਪਤਨੀ ਦੇ ਹੁੰਦਿਆਂ ਦੂਜੀ ਪਤਨੀ ਵੀ ਲਿਆ ਸਕਦਾ ਸੀ ਪਰ ਵਿਧਵਾ ਹੋਈ ਔਰਤ ਕੋਲੋਂ ਜਿਊਣ ਦੇ ਸਾਰੇ ਹੱਕ ਖੋਹ ਲਏ ਜਾਂਦੇ ਸਨ। ਜੇ ਕੋਈ ਮਰਦ ਪਰਾਈ ਇਸਰਤੀ ਕੋਲ ਚਲਾ ਜਾਵੇ ਤਾਂ ਉਹ ਸ਼ਾਹੀ ਆਦਤਾਂ ਪਰ ਜੇ ਕੋਈ ਔਰਤ ਅਜਿਹਾ ਕਰ ਬੈਠੇ ਤਾਂ ਉਹ ਬਦਨਾਮ ਔਰਤ ਬਣ ਜਾਂਦੀ ਸੀ ਉਸਨੂੰ ਸਮਾਜ ਵਿੱਚ ਭੰਡਿਆ ਜਾਂਦਾ ਹੈ।ਇਸ ਨਾਬਰਾਬਰੀ ਦਾ ਸ਼ਿਕਾਰ ਹੋਈ ਔਰਤ ਮਰਦਾਂ ਦੇ ਕੰਮਾਂ ਵਿੱਚ ਆਪਣੀ ਅਹਿਮ ਭੂਮਿਕਾ ਵਿਖਾ ਕੇ ਆਪਣੀ ਹੋਂਦ ਦੀ, ਆਪਣੀ ਕਾਰਗੁਜ਼ਾਰੀ ਦੀ, ਆਪਣੀ ਹੌਂਸਲੇ ਦੀ ਅਤੇ ਆਪਣੀ ਤਾਕਤ ਦੀ ਇੱਕ ਵਿਲਖਣ ਤਸਵੀਰ ਉਲੀਕਦਿਆਂ ਆਪਣੀ ਕਾਬਲੀਅਤ ਨੂੰ ਪੇਸ਼ ਕਰਨ ਵਿੱਚ ਸਫ਼ਲ ਹੋ ਪਾਈ ਹੈ। ਇਸੇ ਦੌਰਾਨ ਇੱਕ ਲਫ਼ਜ਼ ਵੀ ਸੁਣਨ ਨੂੰ ਮਿਲਿਆ 'ਨਾਰੀਵਾਦ'ਭਾਰਤ ਵਿੱਚ ਨਾਰੀਵਾਦ ਦੀ ਜੇਕਰ ਗੱਲ ਕਰੀਏ ਤਾਂ ਇਸਦਾ ਇਤਿਹਾਸ ਨੂੰ ਤਿੰਨ ਪੜਾਵਾਂ 'ਚ ਵੰਡਿਆ ਜਾ ਸਕਦਾ ਹੈ:ਪਹਿਲਾਂ ਪੜਾਅ: ਪਹਿਲਾ ਪੜਾਅ ਮੱਧ-ਉਨੀਵੀਂ ਸਦੀ 'ਚ ਸ਼ੁਰੂ ਹੋਇਆ ਜਿਸ ਵਿੱਚ ਅੰਗਰੇਜ਼ ਲੋਕਾਂ ਦੁਆਰਾ ਸਤੀ (ਪ੍ਰਥਾ) ਖਿਲਾਫ਼ ਅਵਾਜ਼ ਉਠਾਈ ਗਈ। ਦੂਜਾ ਪੜਾਅ: 1915 ਤੋਂ ਲੈ ਕੇ 1947 ਦੇ ਕਰੀਬ ਭਾਰਤ ਦੀ ਆਜ਼ਾਦੀ ਤੱਕ ਚੱਲਿਆ ਇਸ ਵਿੱਚ ਮੁੱਖ ਯੋਗਦਾਨ ਮਹਾਤਮਾ ਗਾਂਧੀ ਸਣੇ ਕਈ ਸਮਾਜ ਸੇਵੀਆ ਦਾ ਰਿਹਾ। ਤੀਜਾ ਪੜਾਅ :ਆਜ਼ਾਦੀ ਤੋਂ ਬਾਅਦ ਦਾ ਪੜਾਅ ਹੈ ਜਿਸਦਾ ਮੁੱਖ ਲਕਸ਼ ਭਾਰਤੀ ਔਰਤਾਂ ਦੀ ਘਰਾਂ 'ਚ ਜੋ ਸਥਿਤੀ ਹੈ, ਉਸ ਦਾ ਸੁਧਾਰ ਕਰਨਾ ਹੈ।ਭਾਰਤੀ ਨਾਰੀਵਾਦ ਅੰਦੋਲਨਾਂ ਦੀ ਪ੍ਰਗਤੀ ਦੇ ਬਾਵਜੂਦ ਵੀ ਆਧੁਨਿਕ ਭਾਰਤ 'ਚ ਔਰਤਾਂ ਨੂੰ ਵਿਤਕਰੇ ਦਾ ਸਾਮਨਾ ਕਰਨਾ ਪੈਂਦਾ ਹੈ। ਪਿੱਛਲੇ ਦੋ ਦਹਾਕਿਆਂ ਤੋਂ ਭਾਰਤ ਵਿੱਚ ਲਿੰਗ-ਚੋਣ ਗਰਭਪਾਤ ਦੇ ਪਰੇਸ਼ਾਨ ਕਰਨ ਵਾਲੇ ਰੁਝਾਨ ਸਾਹਮਣੇ ਆਏ ਹਨ। ਭਾਰਤੀ ਨਾਰੀਵਾਦ ਇਸ ਦੇ ਖਿਲਾਫ਼ ਅਵਾਜ਼ ਉਠਾਉਂਦੇ ਹਨ। ਪਛੱਮ 'ਚ ਭਾਰਤੀ ਨਾਰੀਵਾਦ ਅੰਦੋਲਨਾਂ ਦੀ ਆਲੋਚਨਾ ਕੀਤੀ ਜਾਂਦੀ ਹੈ, ਕਿਉਂਕਿ ਭਾਰਤ 'ਚ ਨਾਰੀਵਾਦ ਕੁੱਝ ਵਿਸ਼ੇਸ਼ ਔਰਤਾਂ ਉੱਤੇ ਕੇਂਦਰਿਤ ਹੈ ਜਦੋਂ ਕਿ ਜ਼ਿਆਦਾ ਜ਼ਰੂਰਤ ਪਿੱਛੜੀ ਸ਼੍ਰੇਣੀ ਜਾਤੀਆਂ ਦੀ ਔਰਤਾਂ ਨੂੰ ਹੈ। ਇਸੇ ਸਮੇਂ ਦੌਰਾਮ ਇੱਕ ਅਖਾਣ ਸਾਨੂੰ ਆਮ ਪੜ੍ਹਣ ਨੂੰ ਮਿਲਦੀ ਹੈ। 'ਔਰਤ ਹੀ ਔਰਤ ਦੀ ਦੁਸ਼ਮਣ ਹੈ 'ਔਰਤ ਹੀ ਔਰਤ ਦੀ ਦੁਸ਼ਮਣ' ਦਾ ਅਨੁਸਰਨ ਕਰਦੀਆਂ ਅਸੀਂ ਔਰਤਾਂ ਇੱਕ-ਦੂਜੀ ਦੀ ਲੱਤ ਖਿੱਚਣ 'ਤੇ ਲੱਗੀਆਂ ਰਹਿੰਦੀਆਂ ਹਾਂ। ਖ਼ੁਦ ਨੂੰ ਉੱਚਾ ਤੇ ਦੂਜੀਆਂ ਨੂੰ ਨੀਵਾਂ ਦਿਖਾਉਣ ਦੀ ਹੋੜ ਵਿੱਚ ਅਸੀਂ ਆਪਣੀ ਸਿਆਣਪ ਭੁੱਲਦੀਆਂ ਜਾ ਰਹੀਆਂ ਹਾਂ। ਥਾਂ ਚਾਹੇ ਕੋਈ ਵੀ ਹੋਵੇ; ਦਫ਼ਤਰ, ਆਂਢ-ਗੁਆਂਢ, ਸਕੂਲ ਤੇ ਜਾਂ ਫਿਰ ਕਾਲਜ। ਭਾਵੇਂ ਅਸੀਂ ਕਿੰਨੀਆਂ ਹੀ ਪੜ੍ਹ-ਲਿਖ ਕਿਉਂ ਨਾ ਗਈਆਂ ਹੋਈਏ, ਪ੍ਰੰਤੂ ਇਸ ਅਖਾਣ ਤੋਂ ਪਿੱਛਾ ਨਹੀਂ ਛੁਡਾ ਸਕੀਆਂ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੈ। ਸੱਚ ਮੰਨੋ ਤਾਂ ਅਸੀਂ ਅਜ਼ਾਦ ਹੋ ਕੇ ਵੀ ਗੁਲਾਮ ਹਾਂ। ਕਿਉਂਕਿ ਅਸੀਂ ਆਪਣੇ ਖੇਤਰ ਵਿੱਚ ਕਿਸੇ ਦੂਸਰੀ ਔਰਤ ਦੀ ਤਰੱਕੀ ਬਰਦਾਸ਼ਤ ਨਹੀਂ ਕਰ ਸਕਦੀਆਂ। ਉਂਜ ਉਪਰੋਂ ਅਸੀਂ ਕਿੰਨੀਆਂ ਹੀ ਭੋਲੀਆਂ ਬਣਨ ਦੀ ਕੋਸ਼ਿਸ਼ ਕਿਉਂ ਨਾ ਕਰੀਏ, 'ਇਹ ਸੋਚ ਸਾਡੀ ਨਹੀਂ, ਅਸੀਂ ਤਾਂ ਪੜ੍ਹੀਆਂ-ਲਿਖੀਆਂ ਤੇ ਸਮਝਦਾਰ ਹਾਂ' ਪਰ ਆਪਣੇ ਆਸ-ਪਾਸ ਵਿਚਰਦੀ ਕਿਸੇ ਔਰਤ ਦੀ ਸਫ਼ਲਤਾ ਅਸੀਂ ਪਚਾ ਨਹੀਂ ਸਕਦੀਆਂ। ਹੁਣ ਗੱਲ ਘਰ-ਪਰਿਵਾਰ ਦੀ ਹੀ ਲੈ ਲਓ। ਉਂਜ ਤਾਂ ਹੁਣ ਸਾਂਝੇ ਪਰਿਵਾਰ ਬਚੇ ਹੀ ਨਹੀਂ। ਜੇ ਕੁਝ ਬਚੇ ਵੀ ਹਨ, ਉਨ੍ਹਾਂ ਵਿੱਚ ਪਰਿਵਾਰਕ ਰਿਸ਼ਤਿਆਂ ਜਿਵੇਂ ਦਰਾਣੀ-ਜੇਠਾਣੀ, ਸੱਸ-ਨੂੰਹ, ਨਣਦ-ਭਰਜਾਈ ਦਾ ਏਸੇ ਗੱਲ ਨੂੰ ਲੈ ਕੇ ਮੁਕਾਬਲਾ ਬਣਿਆ ਰਹਿੰਦਾ ਹੈ ਕਿ ਮੈਂ ਦੂਜੀ ਤੋਂ ਹਮੇਸ਼ਾ ਹਰ ਗੱਲ 'ਚ ਉੱਚੀ ਦਿਖਾਂ। ਨਾ ਸੱਸ ਆਪਣੀ ਚੌਧਰ ਛੱਡਣ ਲਈ ਰਾਜ਼ੀ ਹੈ ਤੇ ਨਾ ਹੀ ਨੂੰਹ ਆਪਣੇ-ਆਪ ਨੂੰ ਘਰ ਦੀ ਮਾਲਕਣ ਸਮਝਣ ਤੋਂ ਗੁਰੇਜ਼ ਕਰਦੀ ਹੈ। ਜਿਵੇਂ ਨੂੰਹ ਦੀ ਬਣਾਈ ਸਵਾਦ ਸਬਜ਼ੀ ਦੀ ਪ੍ਰਸ਼ੰਸਾ ਜੇ ਸਹੁਰਾ ਕਰ ਦੇਵੇ, ਤਾਂ ਸੱਸ ਨੂੰ ਸੱਤੀਂ-ਕੱਪੜੀਂ ਅੱਗ ਲੱਗ ਜਾਂਦੀ ਹੈ। ਉਪਰੋਂ ਚਾਹੇ ਉਹ ਕੁੱਝ ਵੀ ਦਿਖਾਵਾ ਕਰਦੀ ਰਹੇ। ਉਹ ਸੋਚਦੀ ਹੈ ਕਿ ਅੱਜ ਤੱਕ ਤਾਂ ਇਸਨੂੰ ਮੇਰੀ ਹੀ ਬਣਾਈ ਸਬਜ਼ੀ ਸਵਾਦ ਲੱਗਦੀ ਸੀ, ਹੁਣ ਇਹ ਮੈਨੂੰ ਬੇਵਕੂਫ਼ ਸਮਝਣ ਲੱਗੈ..?ਨੂੰਹ ਸੋਚਦੀ ਹੈ ਕਿ ਮੈਂ ਹੁਣ ਇਸ ਘਰ 'ਚ ਆ ਗਈ ਹਾਂ ਤਾਂ ਚੌਧਰ ਮੇਰੀ ਹੀ ਚੱਲੇ। ਇਸੇ ਤਰ੍ਹਾਂ ਜੇ ਮੁੰਡਾ ਆਪਣੀ ਮਾਂ ਕੋਲ ਬੈਠ ਕੇ ਦੋ-ਘੜੀ ਗੱਲਾਂ ਕਰ ਲਵੇ, ਉਸ ਨੂੰ ਇੱਜ਼ਤ ਦੇਵੇ, ਤਾਂ ਨੂੰਹ ਸੜ ਜਾਂਦੀ ਹੈ। ਨਤੀਜਾ, ਘਰ-ਪਰਿਵਾਰ 'ਚ ਇੱਕ-ਦੂਜੀ ਦੀਆਂ ਚੁਗ਼ਲੀਆਂ ਤੇ ਘਰ ਵਿੱਚ ਨਿੱਤ ਦਾ ਕਲ਼ੇਸ਼। ਮੁੰਡਾ ਵਿਚਾਰਾ ਵਿੱਚ-ਵਿਚਾਲੇ ਫ਼ਸ ਜਾਂਦਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਕਿਸੇ ਔਰਤ ਨੂੰ ਬਰਬਾਦ ਕਰਨ ਵਿੱਚ ਵੀ ਕਿਸੇ ਦੂਸਰੀ ਔਰਤ ਦਾ ਹੀ ਹੱਥ ਹੁੰਦਾ ਹੈ।ਇਸੇ ਤਰ੍ਹਾਂ ਦਫ਼ਤਰ ਵਿੱਚ ਵੀ ਔਰਤਾਂ ਇੱਕ-ਦੂਜੀ ਦੇ ਨਾਲ ਈਰਖਾ ਕਰਨ ਵਿੱਚ ਜੁਟੀਆਂ ਰਹਿੰਦੀਆਂ ਹਨ ਕਿ ਦੂਸਰੀ ਕੀ ਕਰ ਰਹੀ ਹੈ? ਬਜਾਇ ਇਸ ਦੇ ਕਿ ਉਹ ਆਪਣਾ ਕੰਮ ਨੇਪਰੇ ਚੜ੍ਹਾਵੇ, 'ਉਹ ਇਸੇ ਗੱਲ ਦੀ ਚਿੰਤਾ ਵਿੱਚ ਡੁੱਬੀ ਰਹਿੰਦੀ ਹੈ ਕਿ ਉਹ ਮੇਰੇ ਤੋਂ ਜ਼ਿਆਦਾ ਸੋਹਣੀ ਕਿਉਂ ਦਿੱਸਦੀ ਹੈ? ਕੀ ਪਹਿਨਦੀ ਹੈ? ਕੀਹਦੇ-ਕੀਹਦੇ ਨਾਲ ਗੱਲਬਾਤ ਕਰਦੀ ਹੈ? ਇਨ੍ਹਾਂ ਸਵਾਲਾਂ ਦੇ ਜਾਲ ਵਿੱਚ ਫ਼ਸੀਆਂ ਔਰਤਾਂ ਅਣਜਾਣੇ ਵਿੱਚ ਹੀ ਦੂਜਿਆਂ ਦੀ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ ਅਤੇ ਤਣਾਅ ਦੀ ਸਥਿਤੀ ਵਿੱਚ ਆ ਜਾਂਦੀਆਂ ਹਨ। ਈਰਖਾ ਦੀ ਭਾਵਨਾ ਵਿੱਚ ਆ ਕੇ ਉਹ ਇੱਕ-ਦੂਜੀ ਨੂੰ ਨੀਵਾਂ ਦਿਖਾਉਣ 'ਤੇ ਤੁਲੀਆਂ ਰਹਿੰਦੀਆਂ ਹਨ। ਗਲੀ-ਮੁਹੱਲੇ ਦੀਆਂ ਔਰਤਾਂ ਵੀ ਕਿਸੇ ਗੱਲੋਂ ਘੱਟ ਨਹੀਂ। ਜਿਸ ਕਰਕੇ ਅਕਸਰ ਕਿਹਾ ਜਾਂਦਾ ਹੈ ਕਿ ਸ਼ਹਿਰੀਕਰਨ ਅਤੇ ਟੀ.ਵੀ. ਦੇ ਸੀਰੀਅਲਾਂ ਨੇ ਇਹ ਬੀਬੀਆਂ ਵਿਗਾੜ ਦਿੱਤੀਆਂ ਹਨ। ਸੱਸਾਂ-ਨੂੰਹਾਂ ਦੀਆਂ ਰਾਜਨੀਤੀਆਂ ਨਾਲ ਆਪਣੇ ਪਰਿਵਾਰਾਂ ਵਿੱਚ ਤਾਂ ਵਖਰੇਵੇਂ ਪਾ ਹੀ ਰਹੀਆਂ ਹਨ, ਨਾਲ ਹੀ ਨਾਲ ਆਪਣੇ ਰਿਸ਼ਤੇ ਵੀ ਖ਼ਰਾਬ ਕਰ ਰਹੀਆਂ ਹਨ। ਵਿੱਦਿਅਕ-ਸੰਸਥਾਵਾਂ ਦੀ ਤਾਂ ਗੱਲ ਹੀ ਵੱਖਰੀ ਹੈ। ਗਿਆਨ ਦੀ ਗੰਗਾ ਬਹਾਉਣ ਵਾਲੀਆਂ ਦੇਵੀਆਂ ਖ਼ੁਦ ਗਿਆਨ ਵੰਡਣ ਭਾਵੇਂ ਨਾ, ਪਰ ਕਿਸੇ ਦੂਜੀ ਨੂੰ ਲਗਨ ਨਾਲ ਕੰਮ ਕਰਦੀ ਵੇਖ ਕੇ ਬਰਦਾਸ਼ਤ ਹੀ ਨਹੀਂ ਕਰ ਸਕਦੀਆਂ। ਭਾਗਾਂ ਨਾਲ ਜੇ ਉਨ੍ਹਾਂ ਤੋਂ ਕੋਈ ਜ਼ਿਆਦਾ ਸੁੱਘੜ ਔਰਤ ਆ ਕੇ ਕੰਮ ਨੂੰ ਇਮਾਨਦਾਰੀ ਨਾਲ ਕਰਨ ਲੱਗੇ ਤਾਂ ਸਾਰੀਆਂ ਮਿਲ ਕੇ ਉਸ ਵੱਲ ਵੀ ਉਂਗਲੀ ਕਰਨਾ ਸ਼ੁਰੂ ਕਰ ਦਿੰਦੀਆਂ। ਮਜ਼ਾਲ ਹੈ ਉਸ ਔਰਤ ਨੂੰ ਇਹ 'ਦਿੱਗਜ ਔਰਤਾਂ' ਜ਼ਿਆਦਾ ਦੇਰ ਉੱਥੇ ਟਿਕਣ ਦੇਣ। ਕੁਝ ਔਰਤਾਂ ਨਾ ਖ਼ੁਦ ਕੰਮ ਕਰਦੀਆਂ ਹਨ ਤੇ ਨਾ ਹੀ ਦੂਜੀਆਂ ਨੂੰ ਕਰਦਿਆਂ ਦੇਖ ਕੇ ਬਰਦਾਸ਼ਤ ਕਰਦੀਆਂ ਹਨ। ਕੁਝ ਆਪਣਾ ਸਿੰਘਾਸਨ ਹਿੱਲਣ ਦੇ ਡਰ ਨਾਲ ਉਸ ਲਗਨ ਨਾਲ ਕੰਮ ਕਰਨ ਵਾਲੀ ਔਰਤ ਬਾਰੇ ਉਲਟੀਆਂ-ਸਿੱਧੀਆਂ ਗੱਲਾਂ ਕਰ ਕੇ ਮਾਹੌਲ ਵਿੱਚ ਜ਼ਹਿਰ ਘੋਲ਼ੀ ਰੱਖਦੀਆਂ ਹਨ ਜਾਂ ਉਸਦੇ ਕਿਰਦਾਰ ਬਾਰੇ ਟਿਪਣੀਆਂ ਕਰਕੇ ਵਿੱਦਿਆ ਦੇ ਮੰਦਰ ਨੂੰ ਰਾਜਨੀਤੀ ਦਾ ਅਖਾੜਾ ਬਣਾਈ ਰੱਖਦੀਆਂ ਹਨ।ਅਸੀਂ ਕਿਹੋ-ਜਿਹੇ ਸਮਾਜ ਦੀ ਸਿਰਜਣਾ ਕਰਦੀਆਂ ਜਾ ਰਹੀਆਂ ਹਾਂ? ਇੱਕ ਅਪੰਗ ਸਮਾਜ ਦੀ? ਜਿੱਥੇ ਨਾ ਅਸੀਂ ਸੁਰੱਖਿਅਤ ਹਾਂ ਤੇ ਨਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ। ਫਿਰ ਅਸੀਂ ਪੁਰਸ਼-ਸਮਾਜ ਤੋਂ ਆਜ਼ਾਦੀ ਦੀ ਮੰਗ ਕਰ ਰਹੀਆਂ ਹਾਂ ਜਦੋਂ ਕਿ ਪੁਰਸ਼ਾਂ ਨੇ ਤਾਂ ਅਸੀਂ ਔਰਤਾਂ ਨੂੰ ਕਦੋਂ ਦਾ ਆਜ਼ਾਦ ਕਰ ਦਿੱਤਾ ਹੈ। ਜੇ ਔਰਤਾਂ ਆਜ਼ਾਦ ਨਹੀਂ ਹੋਈਆਂ ਤਾਂ ਸਿਰਫ਼ ਆਪਣੀ ਇਸ ਸੋਚ ਵਿੱਚੋਂ। ਇਹ ਔਰਤਾਂ 'ਤੇ ਦੋਸ਼ ਲਗਾਇਆ ਜਾ ਰਿਹਾ ਪਰ ਜਿਹੜਾ ਵਰਗ ਅਜਿਹੀਆਂ ਔਰਤਾਂ ਦਾ ਹੈ, ਜੇ ਉਹ ਆਪਣੀ ਇਹ ਸੋਚ ਬਦਲ ਦੇਣ ਤਾਂ ਅਸੀਂ ਸਹੀ ਅਰਥਾਂ ਵਿੱਚ ਔਰਤ ਆਜ਼ਾਦ ਹੋ ਸਕਦੀਆਂ ਹਨ। ਲੋੜ ਹੈ ਬੇਹਿਤਰੀ ਦੀ, ਲੋੜ ਹੈ ਆਪਣੀ ਇਸ ਗੁਲਾਮ ਸੋਚ ਨੂੰ ਆਜ਼ਾਦ ਕਰਨ ਦੀ ਤੇ ਇਸ ਅਖਾਣ 'ਔਰਤ ਹੀ ਔਰਤ ਦੀ ਦੁਸ਼ਮਣ' ਨੂੰ ਔਰਤ ਹੀ ਔਰਤ ਦੀ ਸਹੀ ਮਾਇਨਿਆਂ ਵਿੱਚ ਸਾਥੀ' ਸਾਬਤ ਕਰਵਾਉਣ ਦੀ, ਤਾਂ ਜੋ ਸਮਾਜ ਇਹ ਵੀ ਕਹਿ ਸਕੇ ਕਿ ਇੱਕ ਕਾਮਯਾਬ ਔਰਤ ਦੇ ਪਿੱਛੇ ਇੱਕ ਔਰਤ ਦਾ ਵੀ ਹੱਥ ਹੋ ਸਕਦਾ ਹੈ।