ਪੰਜਾਬ 'ਚ ਕਿਸਾਨਾਂ ਨੇ ਸ਼ੁਰੂ ਕੀਤੀ ਰੇਲ ਰੋਕੋ ਮੁਹਿੰਮ, ਜਾਣੋ ਕੀ ਹੈ ਕਾਰਨ
ਅੰਮ੍ਰਿਤਸਰ: ਖੇਤੀ ਕਾਨੂੰਨ ਵਾਪਸ ਹੋਣ ਤੋਂ ਬਾਅਦ ਹੁਣ ਕਿਸਾਨਾਂ ਨੇ ਪੰਜਾਬ ਵਿਚ 4 ਥਾਵਾਂ ਤੇ ਰੇਲਾਂ ਦਾ ਚੱਕਾ ਜਾਮ ਕੀਤਾ ਹੈ। ਪੰਜਾਬ ਵਿੱਚ ਕਿਸਾਨਾਂ ਨੇ ਆਪਣੇ ਪੱਕੇ ਮੋਰਚੇ ਵਾਪਸ ਲੈ ਲਏ ਹਨ ਪਰ ਹੁਣ ਉਨ੍ਹਾਂ ਨੇ ਅੱਜ ਤੋਂ ਸੂਬਾ ਪੱਧਰੀ ਰੇਲ ਰੋਕੋ ਮੁਹਿੰਮ ਸ਼ੁਰੂ ਕਰ ਦਿੱਤੀ ਹੈ।ਦਰਅਸਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ ਵਿੱਚ ਸੂਬਾ ਵਿਆਪੀ ਰੇਲ ਰੋਕੋ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਟਰੇਨਾਂ ਦੇ ਰੁਕਣ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜਾਣਕਾਰੀ ਮੁਤਾਬਕ ਪੰਜਾਬ 'ਚ ਚਾਰ ਥਾਵਾਂ 'ਤੇ ਕਿਸਾਨਾਂ ਨੇ ਰੇਲਵੇ ਟਰੈਕ ਜਾਮ ਕਰ ਦਿੱਤਾ ਹੈ। ਇਨ੍ਹਾਂ ਵਿੱਚ ਜੰਡਿਆਲਾ-ਮਾਨਵਾਲਾ ਰੇਲ ਮਾਰਗ, ਜਲੰਧਰ-ਪਠਾਨਕੋਟ ਰੇਲ ਮਾਰਗ, ਟਾਂਡਾ ਉੜਮੁੜ ਫਿਰੋਜ਼ਪੁਰ ਟਰੈਕ ਅਤੇ ਅੰਮ੍ਰਿਤਸਰ-ਖੇਮਕਰਨ ਰੇਲ ਮਾਰਗ ਸ਼ਾਮਲ ਹਨ। ਇਸ ਦੇ ਨਾਲ ਹੀ ਯਾਤਰੀਆਂ ਨੂੰ ਧਿਆਨ 'ਚ ਰੱਖਦੇ ਹੋਏ ਰੇਲਵੇ ਨੇ ਕੁਝ ਰੂਟਾਂ ਨੂੰ ਡਾਇਵਰਟ ਕੀਤਾ ਹੈ।
ਇਹ ਹਨ ਕਿਸਾਨਾਂ ਦੀ ਮੰਗਾਂ
ਕੇਐਮਐਮਸੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ "ਭਾਵੇਂ ਸਰਕਾਰ ਨੇ ਖੇਤੀਬਾੜੀ ਕਾਨੂੰਨ ਵਾਪਸ ਲੈ ਲਏ ਹਨ, ਪਰ ਅਜੇ ਵੀ ਕਿਸਾਨਾਂ ਦੀਆਂ ਕਈ ਮੰਗਾਂ ਹਨ ਜੋ ਜ਼ਰੂਰੀ ਹਨ ਅਤੇ ਉਨ੍ਹਾਂ 'ਤੇ ਕਾਰਵਾਈ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ 100 ਫੀਸਦੀ ਕਰਜ਼ਾ ਮੁਆਫ਼, ਖੇਤੀ ਕਾਨੂੰਨ ਸੰਘਰਸ਼ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦੇ ਨਾਲ-ਨਾਲ ਸਰਕਾਰੀ ਨੌਕਰੀ ਦਿੱਤੀ ਜਾਵੇ। ਪੰਧੇਰ ਨੇ ਕਿਹਾ ਕਿ ਸਰਕਾਰ ਵੱਲੋਂ ਇਨ੍ਹਾਂ ਮੰਗਾਂ ਨੂੰ ਮੰਨਵਾਉਣ ਲਈ ਅੱਜ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਗਿਆ ਹੈ।"
ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ ਲਖੀਮਪੁਰ ਖੀਰੀ ਦੀ ਘਟਨਾ ਦੇ ਮੁੱਖ ਦੋਸ਼ੀ ਨੂੰ ਉਸਦੇ ਔਹਦੇ ਤੋਂ ਬਰਖਾਸਤ ਕਰ ਉਸਨੂੰ ਗਿਰਫ਼ਤਾਰ ਕੀਤਾ ਜਾਵੇ। ਸਵਾਮੀਨਾਥਨ ਦੀ ਰਿਪੋਰਟ ਜਿਹੜੀ ਲੰਮੇ ਸਮੇਂ ਤੋਂ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਉਸਨੂੰ ਲਾਗੂ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਪੰਜਾਬ ਸਰਕਾਰ ਨੇ ਪਿਛਲੀ ਚੋਣਾਂ ਸਮੇਂ ਸੱਤਾ ਵਿਚ ਆਉਣ ਲਈ ਜਿਹੜਾ ਵਾਅਦਾ ਕੀਤਾ ਸੀ ਕਿ ਕਿਸਾਨਾਂ ਦੇ ਕਰਜੇ ਮੁਆਫ ਆਦਿ ਉਹ ਅਜੇ ਤੱਕ ਮੁਆਫ ਨਹੀਂ ਕੀਤੇ ਗਏ ਹਨ।
ਪੰਜਾਬ ਸਰਕਾਰ ਨੇ ਨਸ਼ਾ ਮੁਕਤ ਪੰਜਾਬ ਤੇ ਬੇਰੋਜ਼ਗਾਰਾਂ ਨੂੰ ਬਣਾਉਣ ਦੀ ਗੱਲ ਕੀਤੀ ਸੀ ਤੇ ਨਾ ਹੀ ਬੇਰੋਜ਼ਗਾਰਾਂ ਨੂੰ ਨੌਕਰੀ ਮਿਲੀ ਤੇ ਨਾ ਨਸ਼ਾ ਖ਼ਤਮ ਕੀਤਾ ਗਿਆ ਪਰ ਸਰਕਾਰ ਨੇ ਅਜੇ ਤੱਕ ਆਪਣਾ ਸਟੈਂਡ ਸਪਸ਼ਟ ਨਹੀਂ ਕੀਤਾ।
-PTC News