ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ 'ਚ ਲੱਗੀ ਭਿਆਨਕ ਅੱਗ, ਬਚਾਅ ਕਾਰਜ ਜਾਰੀ
ਸ੍ਰੀ ਅੰਮ੍ਰਿਤਸਰ ਸਾਹਿਬ, 14 ਮਈ: ਗੁਰੂ ਨਗਰੀ ਅੰਮ੍ਰਿਤਸਰ ਦੀ ਮਜੀਠਾ ਰੋਡ 'ਤੇ ਸਥਿਤ ਗੁਰੂ ਨਾਨਕ ਦੇਵ ਹਸਪਤਾਲ ਵਿਚ ਹਾਲਾਤ ਉਸ ਵੇਲੇ ਭੈਅ ਭੀਤ ਹੋ ਗਏ ਜਦੋਂ ਹਸਪਤਾਲ ਦੇ ਗਰਾਉਂਡ ਫਲੋਰ 'ਤੇ ਭਿਆਨਕ ਅੱਗ ਲੱਗ ਗਈ। ਫਿਲਹਾਲ ਅੱਗ ਲੱਗਣ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ।
ਪਰ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਵੀਡੀਉਜ਼ ਵਿਚ ਵੇਖਿਆ ਜਾ ਸਕਦਾ ਹੈ ਕਿ ਇਲਾਜ ਕਰਵਾਉਣ ਆਏ ਮਰੀਜ਼ ਕਿਵੇਂ ਆਪਣੀਆਂ ਜਾਨਾਂ ਬਚਾਉਣ ਲਈ ਹਸਪਤਾਲ 'ਚੋਂ ਬਾਹਰ ਭੱਜੇ ਹਨ। ਮੌਕੇ 'ਤੇ ਦਮਕਲ ਵਿਭਾਗ ਦੀਆਂ ਗੱਡੀਆਂ ਪਹੁੰਚ ਚੁੱਕੀਆਂ ਨੇ ਜਿਨ੍ਹਾਂ ਵੱਲੋਂ ਇਮਾਰਤ 'ਚ ਲੱਗੀ ਭਿਆਨਕ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਡੇਢ ਘੰਟੇ ਦੀ ਜਦੋਜਹਿਦ ਤੋਂ ਬਾਅਦ ਲੱਗੀ ਇਸ ਭਿਆਨਕ ਅੱਗ 'ਤੇ ਕਾਬੂ ਪਾਇਆ ਜਾ ਸਕਿਆ ਹੈ। ਅੱਗ 'ਤੇ ਕਾਬੂ ਪਾਉਣ ਲਈ ਦਮਕਲ ਵਿਭਾਗ ਦੀਆਂ ਅੱਧਾ ਦਰਜਨ ਗੱਡੀਆਂ ਨੂੰ ਸਖ਼ਤ ਮਿਹਨਤ ਕਰਨੀ ਪਈ।
ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਟਰਾਂਸਫਾਰਮਰ 'ਚ ਸ਼ਾਰਟ ਸਰਕਟ ਕਰਨ ਲੱਗੀ ਜਿਸਤੋਂ ਬਾਅਦ ਤੁਰੰਤ ਹੀ ਨੇਫਰੋਲੋਜੀ ਦੀ 1, ਸਕਿਨ ਦੇ 2 ਅਤੇ ਸਰਜੀਕਲ ਦੇ 3, ਕੁਲ 6 ਵਾਰਡ ਤੁਰੰਤ ਖਾਲੀ ਕਰਵਾਉਣੇ ਪਏ।
ਅੱਗ 'ਤੇ ਕਾਬੂ ਪਾਉਣ ਤੋਂ ਬਾਅਦ ਹੁਣ ਹਸਪਤਾਲ ਪ੍ਰਸ਼ਾਸਨ ਵਲੋਂ ਇਨ੍ਹਾਂ ਵਰਡਾਂ 'ਚੋਂ ਜਾਨ ਬਚਾਅ ਕੇ ਭੱਜੇ ਮਰੀਜ਼ਾਂ ਨੂੰ ਦੂਸਰੇ ਵਾਰਡਾਂ 'ਚ ਸ਼ਿਫਟ ਕਰ ਦਿੱਤਾ ਗਿਆ ਹੈ।
- ਹੋਰ ਵਰਵੇ ਦੀ ਉਡੀਕ ਕੀਤੀ ਜਾ ਰਹੀ ਹੈ
-PTC News