
ਲੁਧਿਆਣਾ, 19 ਜੁਲਾਈ: ਮੁੱਲਾਂਪੁਰ ਦਾਖਾ ਦੇ ਸਾਬਕਾ ਕੌਂਸਲਰ ਨਾਲ ਉਸਦੇ ਹੀ ਪਰਿਵਾਰਿਕ ਮੈਂਬਰਾਂ ਵੱਲੋਂ ਕੁਟਮਾਰ ਕਰਦਿਆਂ ਦੀ ਵੀਡਿਉ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਸਾਬਕਾ ਕੌਂਸਲਰ ਦੇ ਪਰਿਵਾਰਿਕ ਮੈਂਬਰਾਂ ਨੂੰ ਇਸ ਮਾਮਲੇ ਲਈ ਪੂਰੀ ਤਰ੍ਹਾਂ ਗਲਤ ਠਹਿਰਾਇਆ ਹੈ।
ਇਹ ਵੀ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਥਾਣਾ ਡਿਵੀਜ਼ਨ ਨੰਬਰ ਪੰਜ ਦੇ ਬਾਹਰ ਪ੍ਰਦਰਸ਼ਨ
ਆਪਣੇ ਨਾਲ ਹੋਈ ਇਸ ਕੁੱਟਮਾਰ ਦੀ ਸ਼ਿਕਾਇਤ ਸਾਬਕਾ ਕੌਂਸਲਰ ਵੱਲੋਂ ਦਾਖਾ ਪੁਲਿਸ ਨੂੰ ਦੇ ਦਿੱਤੀ ਗਈ ਹੈ, ਜਿਸ ਦੀ ਜਾਂਚ ਕਰ ਕੇ ਪੁਲਿਸ ਨੇ ਕਾਰਵਾਈ ਕਰਨ ਦੀ ਗੱਲ ਆਖੀ ਹੈ। ਇਸ ਮੌਕੇ ਪੂਰੀ ਗੱਲਬਾਤ ਕਰਦਿਆਂ ਸਾਬਕਾ ਕੌਂਸਲਰ ਬਲਬੀਰ ਚੰਦ ਬੀਰਾ ਨੇ ਕਿਹਾ ਕਿ ਉਹ ਆਪਣੇ ਵਾਰਡ ਦੇ ਵਿਚ ਕਿਸੇ ਪਰਿਵਾਰ ਦੀ ਬਿਜਲੀ ਦੀ ਸਮੱਸਿਆ ਨੂੰ ਸੁਣਨ ਗਿਆ ਤਾਂ ਉਸੇ ਮੁਹੱਲੇ ਵਿਚ ਰਹਿੰਦੇ ਉਸ ਦੇ ਭਤੀਜੇ ਤੇ ਉਸਦੀ ਪਤਨੀ ਨੇ ਜਿੱਥੇ ਉਸਨੂੰ ਗਲੇ ਤੋਂ ਫੜ ਕੇ ਉਸ ਨਾਲ ਖਿੱਚ ਧੂਹ ਕੀਤੀ, ਉਥੇ ਹੀ ਉਸਦੀ ਗੱਡੀ ਦੀ ਭੰਨਤੋੜ ਵੀ ਕੀਤੀ ਤੇ ਉਸਦੀ ਜੇਬ ਵਿੱਚੋਂ ਬਟੂਆ ਤੇ ਗਲੇ ਦੀ ਚੇਨੀ ਵੀ ਖੋਹ ਲਈ।
ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਦੀ ਇੱਕ ਵੀਡੀਓ ਵੀ ਬਣੀ ਹੈ, ਜਿਸ ਵਿਚ ਸਾਫ ਨਜ਼ਰ ਆ ਰਿਹਾ ਹੈ ਕਿ ਉਸਦਾ ਭਤੀਜਾ ਤੇ ਉਸਦੀ ਪਤਨੀ ਕਿਵੇਂ ਉਸ ਨਾਲ ਧੱਕਾ ਕਰ ਰਹੇ ਹਨ। ਹੁਣ ਸਾਬਕਾ ਕੌਂਸਲਰ ਇਸ ਮਾਮਲੇ ਲਈ ਜਿੰਮੇਵਾਰ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕਰ ਰਿਹਾ ਹੈ।
ਇਹ ਵੀ ਪੜ੍ਹੋ: ਦਵਿੰਦਰਪਾਲ ਭੁੱਲਰ ਦੀ ਰਿਹਾਈ ਦਾ ਮਾਮਲਾ, ਹਾਈ ਕੋਰਟ ਨੇ ਦਿੱਲੀ ਸਰਕਾਰ ਨੂੰ ਲਗਾਈ ਫਟਕਾਰ
ਇਸ ਪੂਰੇ ਮਾਮਲੇ ਬਾਰੇ ਜਦੋਂ ਥਾਣਾ ਦਾਖਾ ਦੇ ਥਾਣੇਦਾਰ ਕੁਲਦੀਪ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਸ਼ਿਕਾਇਤ ਉਨਾਂ ਕੋਲ ਆ ਗਈ ਹੈ ਤੇ ਜਾਂਚ ਕਰਕੇ ਉਹ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕਰਨਗੇ।