Fri, Apr 26, 2024
Whatsapp

ਵਡ ਯੋਧਾ ਬਹੁ ਪਰਉਪਕਾਰੀ: ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ

Written by  Jasmeet Singh -- June 15th 2022 04:00 AM -- Updated: June 14th 2022 11:13 PM
ਵਡ ਯੋਧਾ ਬਹੁ ਪਰਉਪਕਾਰੀ: ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ

ਵਡ ਯੋਧਾ ਬਹੁ ਪਰਉਪਕਾਰੀ: ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ

ਪ੍ਰਕਾਸ਼ ਪੁਰਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ: ਸੋਲ੍ਹਵੀਂ ਸਦੀ ਦਾ ਦੌਰ ਸਿੱਖ ਪੰਥ ਲਈ ਇਕ ਸੱਜਰੀ ਸਵੇਰ ਦੀ ਨਵੀਂ ਪਹਿਚਾਣ ਲੈ ਕੇ ਆਇਆ । ਇਹ ਉਹ ਸਮਾਂ ਸੀ ਜਦੋਂ ਨਾਨਕ ਨੂਰ ਦੇ ਪੰਜਵੇਂ ਰਹਿਬਰ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗਿਆਨ ਵਿਹੂਣੀ ਮਨੁੱਖਤਾ ਨੂੰ ਰੱਬੀ ਇਲਮ ਨਾਲ ਨਿਵਾਜਦਿਆਂ ਰੂਹਾਨੀਅਤ ਦੇ ਖੇੜੇ ਨਾਲ ਭਰਪੂਰ ਕੀਤਾ । 1589 ਈ. ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕਾਰਜ ਮੁਕੰਮਲ ਕਰਦਿਆਂ 1604 ਈ. ਨੂੰ ਧੁਰ ਕੀ ਬਾਣੀ ਦੇ ਕਾਰਜ ਦੀ ਸੰਪਾਦਨਾ ਸੰਪੂਰਨ ਕਰਦਿਆਂ ਇਸ ਦਾ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿੱਚ ਕੀਤਾ । ਇਹ ਦੋਵੇਂ ਕਾਰਜ ਸਿੱਖ ਮਾਨਸਿਕਤਾ ਵਿੱਚ ਇੱਕ ਅਜਿਹੀ ਉਸਾਰੂ ਤਬਦੀਲੀ ਲੈ ਕੇ ਆਏ ਜਿਸ ਨੂੰ 1606 ਈ. ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਇੱਕ ਨਵੇਕਲੇ ਅੰਦਾਜ਼ ਨਾਲ ਵੇਖਿਆ ਜਾਣ ਲੱਗਾ । ਇਹ ਵੀ ਪੜ੍ਹੋ: ਸ਼੍ਰੋਮਣੀ ਭਗਤ, ਭਗਤ ਕਬੀਰ ਜੀ ਦੇ ਜਨਮ ਦਿਵਸ 'ਤੇ ਵਿਸ਼ੇਸ਼ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ, ਗੁਰੂ ਸਾਹਿਬ ਜੀ ਦੇ ਲਾਡਲੇ ਫ਼ਰਜ਼ੰਦ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗਿਆਰਾਂ ਵਰ੍ਹੇ ਦੀ ਉਮਰ ਵਿੱਚ ਗੁਰਿਆਈ ਦੀ ਮਹਾਨ ਜਿੰਮੇਵਾਰੀ ਸੰਭਾਲੀ । 1595 ਈ ਵਿੱਚ ਅੰਮ੍ਰਿਤਸਰ ਨਗਰ ਦੇ ਵਡਾਲੀ ਪਿੰਡ ਵਿੱਚ ਮਾਤਾ ਗੰਗਾ ਜੀ ਦੀ ਕੁੱਖੋਂ ਪ੍ਰਕਾਸ਼ ਧਾਰਨ ਕਰਦਿਆਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜੀਵਨ ਦੇ ਅਰੰਭਿਕ ਵਰ੍ਹੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੀ ਨਿਗਰਾਨੀ ਵਿੱਚ ਬਤੀਤ ਕੀਤੇ । ਗੁਰਿਆਈ ਦੀ ਜਿੰਮੇਵਾਰੀ ਸੰਭਾਲਦਿਆਂ ਹੀ ਗੁਰੂ ਸਾਹਿਬ ਜੀ ਨੇ 'ਮੀਰੀ ਅਤੇ ਪੀਰੀ' ਦੀਆਂ ਕਿਰਪਾਨਾਂ ਧਾਰਨ ਕਰਦਿਆਂ ਸਿੱਖ ਕੌਮ ਨੂੰ ਸ਼ਸਤਰਧਾਰੀ ਹੋਣ ਦਾ ਸੁਨੇਹਾ ਜਾਰੀ ਕੀਤਾ । ਕੌਮ ਦੀ ਨੌਜਵਾਨੀ ਨੂੰ ਪ੍ਰੇਰਣਾ ਦੇਣ ਲਈ ਜੰਗੀ ਕਰਤਬਾਂ ਦੀ ਮੁਹਾਰਤ ਅਤੇ ਘੋੜ ਸਵਾਰੀ ਦੀ ਉਚੇਚੀ ਸਿਖਲਾਈ ਦੇਣ ਦਾ ਪ੍ਰਬੰਧ ਕੀਤਾ ਗਿਆ । ਸਿੱਖ ਦੇ ਸੰਗਤੀ ਨਿਤਨੇਮ ਵਿੱਚ ਢਾਡੀ ਪਰੰਪਰਾ ਰਾਹੀਂ ਬੀਰ-ਰਸੀ ਵਾਰਾਂ ਦਾ ਗਾਇਨ ਹੋਣ ਲੱਗਾ । ਸਿੱਖ ਕੌਮ ਪੰਚਮ ਗੁਰਦੇਵ ਦੀ ਪਾਵਨ ਸ਼ਹਾਦਤ ਰਾਹੀਂ ਕੇਸਰੀ ਰੰਗਤ ਵਿੱਚ ਰੰਗੀ ਹੋਈ ਚੜ੍ਹਦੀ ਕਲਾ ਦੀ ਲਰਜ਼ ਨਾਲ ਇੱਕ ਨਵੇਂ ਅਧਿਆਇ ਦੀ ਘਾੜਤ ਘੜ੍ਹ ਰਹੀ ਸੀ । ਛੇਵੇਂ ਸਤਿਗੁਰੁ ਨੇ ਸਿੱਖ ਕੌਮ ਨੂੰ ਭਗਤੀ ਅਤੇ ਸ਼ਕਤੀ ਦੇ ਅਰਥਾਂ ਦੀ ਜੀਵਨ ਜੁਗਤ ਰਾਹੀਂ ਸੂਰਮਤਾਈ ਅਤੇ ਦਲੇਰੀ ਦੀ ਰਹਿਨੁਮਾਈ ਨਾਲ ਨਿਵਾਜਿਆ । ਸੈਨਿਕ ਸਿਖਲਾਈ ਅਤੇ ਲੋਹਗੜ੍ਹ ਕਿਲ੍ਹੇ ਦੀ ਉਸਾਰੀ ਤੋਂ ਬਾਅਦ 1609 ਈ. ਵਿੱਚ ਜਦੋਂ ਛਠਮ ਗੁਰਦੇਵ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸਨਮੁੱਖ 'ਸ੍ਰੀ ਅਕਾਲ ਤਖ਼ਤ' ਨੂੰ ਤਾਮੀਰ ਕੀਤਾ ਤਾਂ ਜਹਾਂਗੀਰ ਨੇ ਇਸ ਨੂੰ ਹਕੂਮਤ ਵਿਰੋਧੀ ਕਾਰਵਾਈ ਐਲਾਨਦਿਆਂ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ । ਆਖ਼ਰ ਸੰਗਤ ਦੇ ਵਿਰੋਧ ਨੂੰ ਵੇਖਦਿਆਂ ਅਤੇ ਸਾਈਂ ਮੀਆਂ ਮੀਰ ਵਰਗੇ ਸੂਫ਼ੀ ਦਰਵੇਸ਼ ਦੇ ਕਹੇ ਪੁਰ ਗੁਰਦੇਵ ਨੂੰ 52 ਰਾਜਿਆਂ ਸਮੇਤ ਰਿਹਾਅ ਕੀਤਾ । ਗੁਰੂ ਸਾਹਿਬ ਨੂੰ ਆਪਣੇ ਜਾਮੇ ਦੀਆਂ ਕਲੀਆਂ ਫੜ੍ਹ ਕੇ 52 ਰਾਜਿਆਂ ਸਮੇਤ ਕਿਲ੍ਹੇ ਤੋਂ ਬਾਹਰ ਆਉਣ ਦੇ ਇਤਿਹਾਸਕ ਵੇਰਵੇ ਨੂੰ "ਬੰਦੀ ਛੋੜ ਸਤਿਗੁਰੂ" ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ । ਇਸ ਇਤਿਹਾਸਕ ਘਟਨਾ ਤੋਂ ਬਾਅਦ ਜਹਾਂਗੀਰ ਦੇ ਗੁਰੂ ਸਾਹਿਬ ਨਾਲ ਸੰਬੰਧ ਸੁਖਾਵੇਂ ਰਹੇ । 1614 ਈ. ਵਿੱਚ ਗਵਾਲੀਅਰ ਤੋਂ ਪਰਤਣ ਉਪਰੰਤ ਛੇਵੇਂ ਸਤਿਗੁਰੂ ਨੇ ਪੰਜਾਬ ਤੋਂ ਬਾਹਰ ਕਸ਼ਮੀਰ, ਕਾਂਗੜਾ, ਉੱਤਰ ਪ੍ਰਦੇਸ਼ ਅਤੇ ਹੋਰ ਸਥਾਨਾਂ ਪੁਰ ਧਰਮ ਪ੍ਰਚਾਰ ਦੇ ਕਾਰਜ ਕੀਤੇ । ਆਪਣੇ ਜੀਵਨ ਕਾਲ ਵਿੱਚ ਗੁਰੂ ਸਾਹਿਬ ਨੇ ਕੁੱਲ ਚਾਰ ਜੰਗਾਂ ਕੀਤੀਆਂ ਪਰ ਕਦੇ ਵੀ ਨਿਹੱਥੇ ਅਤੇ ਮਜ਼ਲੂਮ ਪੁਰ ਵਾਰ ਨਾ ਕੀਤਾ । ਇਹ ਵੀ ਪੜ੍ਹੋ: ਅਥਾਹ ਸੇਵਾ ਭਾਵਨਾ ਨੇ ਰਾਮਜੀ ਦਾਸ ਤੋਂ ਬਣਾ ਦਿੱਤਾ ਭਗਤ ਪੂਰਨ ਸਿੰਘ, ਜਨਮ ਦਿਨ 'ਤੇ ਵਿਸ਼ੇਸ਼ ਪ੍ਰਚਾਰ ਕਾਰਜਾਂ ਦੌਰਾਨ ਹੀ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਕੀਰਤਪੁਰ ਨਗਰ ਤਾਮੀਰ ਕਰਨ ਦੀ ਜਿੰਮੇਵਾਰੀ ਸੌਂਪਣਾ ਕਰਦਿਆਂ ਧਰਮ ਪ੍ਰਚਾਰ ਦੇ ਕਾਰਜਾਂ ਵਿੱਚ ਵਾਧਾ ਕੀਤਾ । ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਜੀਵਨ ਧਾਰਾ ਮਨੁੱਖ ਨੂੰ ਜਿੱਥੇ ਜ਼ੁਲਮ ਅਤੇ ਅਨਿਆਂ ਵਿਰੁੱਧ ਲੜਨ ਦਾ ਬੱਲ ਪ੍ਰਦਾਨ ਕਰਦੀ ਹੈ ਉੱਥੇ ਭਗਤੀ ਅਤੇ ਸ਼ਕਤੀ ਦੇ ਅਰਥਾਂ ਨੂੰ ਵਿਹਾਰਕਤਾ ਨਾਲ ਜੋੜਨ ਦੀ ਪ੍ਰੇਰਣਾ ਵੀ ਦਿੰਦੀ ਹੈ । -PTC News


Top News view more...

Latest News view more...