ਚੰਦੂਮਾਜਰਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਦੋਹਰੇ ਕਿਰਦਾਰ 'ਤੇ ਕੱਸੇ ਸ਼ਬਦੀ ਬਾਣ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਪਟਿਆਲਾ ਜ਼ਿਲ੍ਹਾ ਦੇ ਘਨੌਰ ਹਲਕੇ ਵਿੱਚ ਸਨਅਤੀ ਜ਼ੋਨ ਬਣਾਏ ਜਾਣ ਦੌਰਾਨ ਭ੍ਰਿਸ਼ਟਾਚਾਰ ਦੇ ਬੋਲਬਾਲੇ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਘਨੌਰ ਹਲਕੇ ਦੇ ਸੇਹਰਾ ਸੇਹਰੀ ਤਖਤੂਮਾਜਰਾ ਪਬਰਾ ਆਕੜ ਅਤੇ ਆਕੜੀ ਪਿੰਡਾਂ ਵਿੱਚ 11 ਸੌ ਏਕੜ ਜ਼ਮੀਨ ਨੂੰ ਐਕੁਆਇਰ ਕਰ ਕੇ ਸਨਅਤੀ ਜ਼ੋਨ ਬਣਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ 11 ਸੌ ਏਕੜ ਜ਼ਮੀਨ ਐਕੁਆਇਰ ਕਰਨ ਵੇਲੇ ਪੰਚਾਇਤਾਂ ਨੂੰ ਕਰੋੜਾਂ ਰੁਪਏ ਦੀ ਆਮਦਨ ਹੋਈ ਹੈ ਅਤੇ ਪੰਚਾਇਤਾਂ ਹੁਣ ਮਨਮਰਜ਼ੀ ਕਰਕੇ ਇਨ੍ਹਾਂ ਪੈਸੇ ਨੂੰ ਵਿਕਾਸ ਦੇ ਨਾਮ ਤੇ ਖੁਰਦ ਬੁਰਦ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਟੇਟ ਵਿਜੀਲੈਂਸ ਕਮਿਸ਼ਨ, ਈਡੀ ਅਤੇ ਅਦਾਲਤ ਕੋਲ ਪਹੁੰਚ ਕੀਤੀ ਜਾਵੇਗੀ ਕਿ ਕਰੋੜਾਂ ਰੁਪਏ ਦੀ ਰਕਮ ਨੂੰ ਵਿਕਾਸ ਦੇ ਨਾਮ ਤੇ ਕਿਸ ਤਰੀਕੇ ਖੁਰਦ ਬੁਰਦ ਕੀਤਾ ਜਾ ਰਿਹਾ ਹੈ।
ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਦੋਹਰੇ ਕਿਰਦਾਰ 'ਤੇ ਸ਼ਬਦੀ ਬਾਣ ਕੱਸੇ ਹਨ। ਪਟਿਆਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਕਿਸਾਨਾਂ ਪ੍ਰਤੀ ਸੁਹਿਰਦ ਹੁੰਦੇ ਤਾਂ ਆਪਣੇ ਮੁੱਖ ਮੰਤਰੀ ਰਹਿੰਦੇ ਹੋਏ ਕਿਸਾਨੀ ਮਸਲਾ ਹੱਲ ਕਰਵਾ ਸਕਦੇ ਸਨ ਪਰ ਉਨ੍ਹਾਂ ਦੇ ਮਨਸ਼ੇ ਕੁਝ ਹੋਰ ਸਨ ਜੋ ਕਿ ਅੱਜ ਜੱਗ ਜ਼ਾਹਰ ਹੋ ਰਹੇ ਹਨ।
ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨੂੰ ਵੀ ਕਿਹਾ ਕਿ ਉਹ ਆਪਣਾ ਸਟੈਂਡ ਸਪੱਸ਼ਟ ਕਰਨ ਕਿ ਉਹ ਕਾਂਗਰਸ ਦੇ ਐਮਪੀ ਬਣੇ ਰਹਿਣਗੇ ਜਾਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੀ ਜਾਣਗੇ। ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੀ ਉਸਾਰੂ ਸੋਚ ਦੇ ਰਾਹੀਂ ਚੋਣਾਂ ਵਿੱਚ ਉਤਰੇਗਾ ਅਤੇ ਜਿੱਤ ਪ੍ਰਾਪਤ ਕਰੇਗਾ।
-PTC News