ਆਂਧਰਾ ਪ੍ਰਦੇਸ਼: ਯਾਤਰੀਆਂ ਨਾਲ ਭਰੀ ਬੱਸ ਨਹਿਰ 'ਚ ਡਿੱਗੀ, 8 ਲੋਕਾਂ ਦੀ ਮੌਤ
ਅਮਰਾਵਤੀ: ਆਂਧਰਾ ਪ੍ਰਦੇਸ਼ ਵਿਚ ਸਵਾਰੀਆਂ ਨਾਲ ਭਰੀ ਬੱਸ ਨਹਿਰ ਵਿਚ ਡਿੱਗਣ ਦੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਪੱਛਮੀ ਗੋਦਾਵਰੀ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਇਕ ਸਰਕਾਰੀ ਬੱਸ ਦੇ ਨਦੀ 'ਚ ਡਿੱਗਣ ਨਾਲ 8 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ 5 ਔਰਤਾਂ ਵੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਬੱਸ ਸੜਕ 'ਤੇ ਪਲਟ ਗਈ ਅਤੇ ਰੇਲਿੰਗ ਨੂੰ ਤੋੜਦੇ ਹੋਏ ਸਿੱਧੇ ਨਹਿਰ ਵਿਚ ਡਿੱਗ ਗਈ। ਮੌਕੇ 'ਤੇ ਬਚਾਅ ਮੁਹਿੰਮ ਜਾਰੀ ਹੈ।
ਮਿਲੀ ਜਾਣਕਾਰੀ ਮੁਤਾਬਕ ਬੱਸ ਅਸ਼ਰਾਓਪੇਟਾ ਤੋਂ ਜੰਗਰੈੱਡੀਗੁਡੇਮ ਜਾ ਰਹੀ ਸੀ ਪਰ ਜ਼ਿਲ੍ਹੇ ਦੇ ਜੰਗਾਰੈੱਡੀਗੁਡੇਮ ਡਵੀਜ਼ਨ ਵਿਚ ਜਲੇਰੂ ਕੋਲ ਬੇਕਾਬੂ ਹੋ ਕੇ ਜਲੇਰੂ ਵਾਗੂ ਨਹਿਰ 'ਚ ਡਿੱਗ ਗਈ। ਜਦੋਂ ਇਹ ਹਾਦਸਾ ਵਾਪਰਿਆ ਤਾਂ ਉਸ ਸਮੇਂ ਬਸ ਵਿਚ 47 ਯਾਤਰੀ ਸਵਾਰ ਸਨ। ਮਰਨ ਵਾਲਿਆਂ 'ਚ ਬੱਸ ਦਾ ਡਰਾਈਵਰ ਵੀ ਸ਼ਾਮਲ ਹੈ।
ਕਈ ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਫ਼ਿਲਹਾਲ ਇਸ ਭਿਆਨਕ ਸੜਕ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
-PTC News