ਪਟਿਆਲਾ ਜ਼ਿਲ੍ਹੇ 'ਚ 65000 ਹੈਕਟੇਅਰ ਰਕਬਾ ਸਿੱਧੀ ਬਿਜਾਈ ਹੇਠਾਂ ਲਿਆਉਣ ਲਈ ਅਧਿਕਾਰੀਆਂ ਨੂੰ ਹਦਾਇਤਾਂ
ਪਟਿਆਲਾ, 10 ਮਈ: ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਝੋਨੇ ਦੀ ਰਵਾਇਤੀ ਕੱਦੂ ਵਾਲੀ ਬਿਜਾਈ ਦੀ ਥਾਂ ਸਿੱਧੀ ਬਿਜਾਈ ਦੀ ਤਕਨੀਕ ਅਪਣਾ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਲਾਨੀ ਪ੍ਰਤੀ ਏਕੜ 1500 ਰੁਪਏ ਦੀ ਸਹਾਇਤਾ ਰਾਸ਼ੀ ਪ੍ਰਾਪਤ ਕਰਨ।
ਇਹ ਵੀ ਪੜ੍ਹੋ: ਮੁਹਾਲੀ ਧਮਾਕਾ ਕੇਸ ਜਲਦ ਸੁਲਝਾ ਲਿਆ ਜਾਵੇਗਾ: ਡੀਜੀਪੀ ਵੀਕੇ ਭਾਵੜਾ
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਿੱਧੀ ਬਿਜਾਈ ਦੀ ਤਕਨੀਕ ਨਾਲ ਝੋਨੇ ਦੀ ਲੁਆਈ ਦੀ ਸ਼ੁਰੂਆਤ 20 ਮਈ, 2022 ਤੋਂ ਕਰਨ ਦੀ ਖੁੱਲ੍ਹ ਵੀ ਦਿੱਤੀ ਹੈ। ਡਿਪਟੀ ਕਮਿਸ਼ਨਰ, ਪਟਿਆਲਾ ਜ਼ਿਲ੍ਹੇ ਅੰਦਰ 65,000 ਹੈਕਟੇਅਰ ਰਕਬੇ ਨੂੰ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਹੇਠ ਲਿਆਉਣ ਲਈ ਵਿਉਂਤਬੰਦੀ ਕਰਨ ਲਈ ਖੇਤੀਬਾੜੀ ਤੇ ਕਿਸਾਨ ਭਲਾਈ, ਸਹਿਕਾਰਤਾ, ਮਾਲ ਅਤੇ ਪੰਚਾਇਤੀ ਰਾਜ ਆਦਿ ਵਿਭਾਗਾਂ ਸਮੇਤ ਐਸ.ਡੀ.ਐਮਜ਼ ਨਾਲ ਇੱਕ ਮੀਟਿੰਗ ਕਰ ਰਹੇ ਸਨ।
ਸਾਕਸ਼ੀ ਸਾਹਨੀ ਨੇ ਖੇਤੀਬਾੜੀ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਬਲਾਕ ਪੱਧਰ 'ਤੇ ਪਿੰਡਾਂ 'ਚ ਕੈਂਪ ਲਗਾ ਕੇ ਕਿਸਾਨਾਂ ਨੂੰ ਸਿੱਧੀ ਬਿਜਾਈ ਤਕਨੀਕ ਬਾਬਤ ਜਾਗਰੂਕ ਕਰਕੇ ਅਜਿਹੇ ਕਿਸਾਨਾਂ ਦੀਆਂ ਸੂਚੀਆਂ ਤਿਆਰ ਕਰਨ ਜੋ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਰਾਜੀ ਹੋਣ। ਉਨ੍ਹਾਂ ਕਿਹਾ ਕਿ ਰੇਤਲੀ ਮਿੱਟੀ ਵਾਲੇ ਬਲਾਕਾਂ 'ਚ ਝੋਨੇ ਦੀ ਥਾਂ ਬਦਲਵੀਆਂ ਫ਼ਸਲਾਂ ਮੱਕੀ ਤੇ ਮੂੰਗੀ ਆਦਿ ਨੂੰ ਉਤਸ਼ਾਹਤ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿੱਧੀ ਬਿਜਾਈ ਬਾਰੇ ਜਲਦੀ ਪੋਰਟਲ ਖੁੱਲ੍ਹ ਰਿਹਾ ਹੈ, ਜਿਸ 'ਤੇ ਸਿੱਧੀ ਬਿਜਾਈ ਕਰਨ ਦੇ ਚਾਹਵਾਨ ਕਿਸਾਨ ਸਿੱਧੇ ਤੌਰ 'ਤੇ ਰਾਜਿਸਟ੍ਰੇਸ਼ਨ ਕਰਵਾ ਸਕਣਗੇ ਅਤੇ ਜੇਕਰ ਕੋਈ ਮੁਸ਼ਕਿਲ ਆਵੇ ਤਾਂ ਖੇਤੀਬਾੜੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮਜ਼ ਨੂੰ ਨੰਬਰਦਾਰਾਂ, ਸਰਪੰਚਾਂ ਤੇ ਧਾਰਮਿਕ ਅਸਥਾਨਾਂ ਰਾਹੀਂ ਸਿੱਧੀ ਬਿਜਾਈ ਬਾਰੇ ਜਾਗਰੂਕਤਾ ਫੈਲਾਉਣ ਲਈ ਯਤਨ ਕਰਨ ਲਈ ਆਖਿਆ।
ਸਾਕਸ਼ੀ ਸਾਹਨੀ ਨੇ ਪੰਚਾਇਤੀ ਵਿਭਾਗ ਨੂੰ ਹਦਾਇਤ ਕੀਤੀ ਕਿ ਸ਼ਾਮਲਾਟ ਜ਼ਮੀਨਾਂ ਦੀ ਬੋਲੀ ਮੌਕੇ ਜ਼ਮੀਨ ਪਟੇ 'ਤੇ ਦੇਣ ਮੌਕੇ ਸ਼ਾਮਲਾਟ ਜ਼ਮੀਨ 'ਚ ਝੋਨੇ ਦੀ ਸਿੱਧੀ ਬਿਜਾਈ ਅਤੇ ਨਾੜ ਨੂੰ ਅੱਗ ਨਾ ਲਗਾਉਣ ਦੀ ਸ਼ਰਤ ਸ਼ਾਮਲ ਕੀਤੀ ਜਾਵੇ। ਸਹਿਕਾਰਤਾ ਵਿਭਾਗ ਨੂੰ ਹਦਾਇਤ ਕਰਦਿਆਂ ਡੀ.ਸੀ. ਨੇ ਕਿਹਾ ਕਿ ਸੁਸਾਇਟੀਆਂ 'ਚੋਂ ਖਾਦ ਦੇਣ ਸਮੇਂ ਵੀ ਅਜਿਹਾ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ ਤਾਂ ਕਿ ਰਵਾਇਤੀ ਢੰਗ ਨਾਲ ਝੋਨੇ ਦੀ ਲੁਆਈ ਕਾਰਨ ਪਾਣੀ ਦੀ ਵੱਧ ਹੁੰਦੀ ਖਪਤ ਰੋਕੀ ਜਾ ਸਕੇ ਅਤੇ ਧਰਤੀ ਹੇਠਲੇ ਪਾਣੀ ਦਾ ਬਹੁਤ ਥੱਲੇ ਜਾ ਚੁੱਕਾ ਪੱਧਰ ਹੋਰ ਥੱਲੇ ਜਾਣ ਤੋਂ ਬਚਾਇਆ ਜਾ ਸਕੇ।
ਇਹ ਵੀ ਪੜ੍ਹੋ: ਭਾਖੜਾ ਨਹਿਰ 'ਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤ
ਡੀ.ਸੀ. ਨੇ ਕਿਹਾ ਕਿ ਸਾਨੂੰ ਇਕਜੁੱਟਤਾ ਨਾਲ ਹੰਭਲਾ ਮਾਰ ਕੇ ਪਾਣੀ ਦੇ ਪੱਧਰ ਨੂੰ ਹੋਰ ਹੇਠਾਂ ਜਾਣ ਤੋਂ ਰੋਕਣਾ ਪਵੇਗਾ। ਖੇਤੀ ਵਿਗਿਆਨੀਆਂ ਵੱਲੋਂ ਈਜਾਦ ਖੋਜਾਂ ਮੁਤਾਬਕ ਦਾ ਜ਼ਿਕਰ ਕਰਦਿਆਂ ਡੀ.ਸੀ. ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਵਾਤਾਵਰਣ ਪੱਖੀ ਹੋਣ ਦੇ ਨਾਲ-ਨਾਲ ਕਿਸਾਨਾਂ ਲਈ ਆਰਥਿਕ ਤੌਰ 'ਤੇ ਵੀ ਲਾਹੇਵੰਦ ਹੈ। ਇਸ ਨਾਲ ਝੋਨੇ ਦੇ ਝਾੜ 'ਤੇ ਕੋਈ ਅਸਰ ਨਹੀਂ ਪੈਂਦਾ ਸਗੋਂ ਉਸ ਤੋਂ ਬਾਅਦ ਉਸੇ ਖੇਤ ਵਿਚ ਬੀਜੀ ਜਾਣ ਵਾਲੀ ਕਣਕ ਜਾਂ ਹੋਰ ਫਸਲ ਦਾ ਝਾੜ ਵੀ ਵੱਧ ਨਿਕਲਦਾ ਹੈ।
-PTC News