ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜੀਵਨ ਦਰਸ਼ਨ: ਗੁਰੂ ਮਿਲਾਪ
ਸਿੱਖ ਇਤਿਹਾਸ ਸਾਂਝ (Sikh History) ਪਾਉਂਦਾ ਹੈ, ਉਨ੍ਹਾਂ ਘੜੀਆਂ ਦੀ ਜਦੋਂ ਜ਼ਿਲ੍ਹਾ ਮੁਕਤਸਰ (Muktsar)ਦੇ ਪਿੰਡ ਮੱਤੇ ਦੀ ਸਰਾਂ ਦੇ ਵਸਨੀਕ,ਭਾਈ ਫੇਰੂ ਮੱਲ ਜੀ ਦੇ ਲਾਡਲੇ ਅਤੇ ਹੋਣਹਾਰ ਸਪੁੱਤਰ ਭਾਈ ਲਹਿਣਾ ਜੀ ਨੇ ਪਰਿਵਾਰਕ ਜਿੰਮੇਵਾਰੀਆਂ ਦੀ ਪੰਡ ਸੰਭਾਲੀ । ਉਸ ਸਮੇਂ ਜਗਤ ਗੁਰਦੇਵ ਸ੍ਰੀ ਗੁਰੂ ਨਾਨਕ ਸਾਹਿਬ ਜੀ (Guru Nanak Sahib) ਦੁਨੀਆਂ ਦੀ ਸੁੱਤੀ ਚੇਤਨਾ ਨੂੰ ਜਗਾਉਂਦਿਆਂ, ਨਾਮ-ਬਾਣੀ : ਵਰਤਾਉਂਦਿਆਂ, ਦੁਨਿਆਵੀ ਜੀਆਂ ਨੂੰ ਪਰਮੇਸ਼ਰ ਦੇ ਦੀਦਾਰਿਆਂ ਤੇ ਸਾਂਝਾਂ ਦਾ ਅਮਲੀ ਜਾਮਾ ਪਹਿਨਾ ਰਹੇ ਸਨ। ਇਕ ਪਾਸੇ ਜਿੱਥੇ ਕਰਤਾਰਪੁਰ ਦੀ ਧਰਤੀ 'ਤੇ ਮਾਨਵ ਜਾਤੀ, ਜਗਤ ਗੁਰਦੇਵ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀਆਂ ਸਿੱਖਿਆਵਾਂ ਨਾਲ ਜੀਵਨ ਉਚੇਰਾ ਬਣਾ ਰਹੀ ਸੀ ਉੱਥੇ ਭਾਈ ਫੇਰੂ ਮੱਲ ਜੀ ਦੇ ਲਾਇਕ ਸਪੁੱਤਰ ਭਾਈ ਲਹਿਣਾ ਜੀ ਕਬੀਲਦਾਰੀ ਦੇ ਰੁਝੇਵਿਆਂ ਵਿੱਚ ਜ਼ਿੰਦਗੀ ਨੂੰ ਨੇੜਿਓਂ ਵੇਖਣ ਤੇ ਸਿੱਖਣ ਦਾ ਯਤਨ ਕਰ ਰਹੇ ਸਨ। ਸਮਾਂ ਆਪਣੀ ਤੋਰੇ ਤੁਰਦਾ ਗਿਆ। ਪਰਮੇਸ਼ਰ ਦੇ ਹੁਕਮ ਨਾਲ ਭਾਈ ਫੇਰੂ ਮੱਲ ਜੀ ਵੀ ਅਕਾਲ ਪਿਆਨਾ ਕਰ ਗਏ। ਅਤੇ ਇਸ ਤਰ੍ਹਾਂ ਪਿਤਾ ਦੇ ਕਾਰ-ਵਿਹਾਰ ਦੀ ਸਾਰੀ ਜ਼ਿੰਮੇਵਾਰੀ ਪੁੱਤਰ ਭਾਈ ਲਹਿਣਾ ਜੀ ਦੇ ਮੋਢਿਆਂ ਉੱਪਰ ਆਣ ਪਈ। ਭਾਈ ਲਹਿਣਾ ਜੀ ਨੇ ਪਿਤਾ ਦੇ ਪਾਏ ਪੂਰਨਿਆਂ 'ਤੇ ਚੱਲਦਿਆਂ, ਪਰਿਵਾਰਕ ਕਾਰ-ਵਿਹਾਰ ਕਰਦਿਆਂ, ਆਪਣੀ ਕੁੱਲ ਰੀਤ ਅਨੁਸਾਰ ਤੀਰਥ ਯਾਤਰਾ ਅਤੇ ਹੋਰ ਧਰਮ ਦੇ ਕਾਰਜ ਨੂੰ ਜਾਰੀ ਰੱਖਿਆ। ਮਨ ਅੰਦਰ ਸੇਵਾ ਦੇ ਚਾਅ ਅਤੇ ਵਿਰਸੇ ਵਿਚ ਮਿਲੀਆਂ ਧਾਰਮਕ ਰੁੱਚੀਆਂ (Religious)ਨੇ ਭਾਈ ਲਹਿਣਾ ਜੀ ਨੂੰ ਧਾਰਮਿਕ ਬਿਰਤੀ ਵਾਲਾ ਸੱਜਣ, ਮਿਠਬੋਲੜਾ ਜੀਵ ਤਾਂ ਬਣਾ ਦਿਤਾ ਪਰ ਦਰਸ਼ਨਾਂ ਅਤੇ ਤੀਰਥਾਂ ਦੇ ਰਟਨ,ਮਹਾਂਪੁਰਸ਼ਾਂ ਦੇ ਵਖਿਆਨਾਂ ਦੇ ਕਰਮ ਨਾਲ ਵੀ ਭਾਈ ਲਹਿਣਾ ਜੀ ਨੂੰ ਆਤਮਿਕ ਸ਼ਾਂਤੀ ਦੀ ਪ੍ਰਾਪਤੀ ਨਾ ਹੋਈ। ਮਨ ਹਰ ਸਮੇਂ ਆਤਮਿਕ ਖਾਲੀਪਨ ਦੇ ਝੋਰੇ 'ਚ ਰਹੇ ਤੇ ਆਖਰ ਇਕ ਦਿਨ ਜਦੋਂ ਭਾਈ ਜੋਧ ਜੀ ਦੇ ਮੁੱਖ ਤੋਂ ਸ੍ਰੀ ਗੁਰੂ ਨਾਨਕ ਸਾਹਿਬ ਦੇ ਇਲਾਹੀ ਬਚਨ ਸੁਣੇ ਤਾਂ ਭਟਕਦੇ ਮਨ ਨੂੰ ਧਰਵਾਸ ਮਿਲਿਆ। ਗੁਰੂ ਨਾਨਕ ਸਾਹਿਬ (Guru Nanak Sahib) ਦੀਆਂ ਸੱਚੀਆਂ ਸਾਖੀਆਂ ਸੁਣ, ਹਿਰਦੇ ਵਿਚ ਨਾਨਕ ਨੂਰ ਦੇ ਦਰਸ਼ਨਾਂ ਦੀ ਸਿੱਕ ਪੈਦਾ ਹੋਈ ਅਤੇ ਹਿਰਦੇ ਦੀ ਧੂਹ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੀਦਾਰਿਆਂ ਦਾ ਮਨ ਬਣਾਇਆ। ਭਾਈ ਜੋਧ ਜੀ ਦੇ ਮੁੱਖੋਂ ਸੁਣੇ ਗੁਰੂ ਨਾਨਕ ਸਾਹਿਬ ਜੀ (Guru Nanak Sahib)ਦੇ ਇਲਾਹੀ ਬਚਨ ਹੀ ਭਾਈ ਲਹਿਣਾ ਜੀ ਦੇ ਜੀਵਨ ਦੀ ਪ੍ਰੇਰਨਾ ਬਣ ਗਏ। ਜਦ ਕਰਤਾਰਪੁਰ ਪਹੁੰਚੇ ਤਾਂ ਡਿੱਠਾ ਗੁਰਦੇਵ ਸ੍ਰੀ ਨਾਨਕ ਦੇਵ ਸਾਹਿਬ ਜੀ ਨੂੰ ਕਿਰਸਾਨੀ ਦੇ ਸਾਧਾਰਨ ਲਿਬਾਸ ਵਿੱਚ।ਢਹਿ ਪਏ ਗੁਰੂ ਚਰਨਾਂ ਵਿੱਚ। ਗੁਰੂਦੇਵ ਨੇ ਚੁੱਕ ਸੀਨੇ ਨਾਲ ਲਗਾਇਆ ਤੇ ਪੁੱਛਿਆ"ਪੁਰਖਾ, ਨਾਉਂ ਕੀ ਐ ਤੇਰਾ?" ਉੱਤਰ ਦਿੱਤਾ,"ਜੀ ,ਲਹਿਣਾ"।ਅੱਗੋਂ ਜਵਾਬ ਮਿਲਿਆ"ਤਾਂ ਫ਼ਿਰ, ਤੁਸਾਂ ਲੈਣਾ ਤਿ ਅਸਾਂ ਦੇਵਣਾ ਹੈ" ਇੰਝ ਭਾਈ ਲਹਿਣਾ ,ਨਾ ਰਿਹਾ ਲਹਿਣਾ, ਸਗੋਂ ਗੁਰੂਦੇਵ ਦੇ ਅੰਗ-ਸੰਗ ਬਣ ਗਏ। ਮਨ, ਸ਼ੁਕਰ ਦੇ ਅਹਿਸਾਸ 'ਚ ਬਝ ਗਿਆ। ਸੁਰਤ ਰੂਹਾਨੀ ਮੰਡਲਾਂ 'ਚ ਪਰਵਾਜ਼ ਕਰ ਗਈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਨਦਰ, ਬਖਸ਼ਿਸ਼ ਨਾਲ ਮਨ ਨੂੰ ਇਕਾਗਰਤਾ ਪ੍ਰਦਾਨ ਹੋ ਗਈ। ਕੀਰਤਨ 'ਚ ਮਨ ਟਿਕਿਆ ਤੇ ਫ਼ਿਰ ਨਾਲ ਗਏ ਸਾਥ ਨੂੰ ਆਖ ਦਿਤਾ ਕਿ ਲਹਿਣੇ ਨੂੰ ਟਿਕਾਣਾ ਮਿਲ ਗਿਆ ਹੈ, ਹੋਰ ਟਿਕਾਣੇ ਦੀ ਲੋੜ ਨਹੀਂ ਰਹੀ। ਸਾਥੀਆਂ ਕੋਲੋਂ ਕੌੜੇ ਬਚਨ ਵੀ ਸੁਣਨ ਨੂੰ ਮਿਲੇ ਪਰ ਭਾਈ ਲਹਿਣਾ ਜੀ ਤਾਂ ਗੁਰੂ ਚਰਨਾਂ ਦੇ ਭੰਵਰੇ ਬਣ ਚੁੱਕੇ ਸਨ। ਕਰਤਾਰਪੁਰ (Kartarpur) ਵਿਚ ਕਥਾ ਕੀਰਤਨ ਸੁਣਦੇ, ਸੇਵਾ ਕਰਦੇ, ਭਾਈ ਲਹਿਣਾ ਜੀ,ਸ੍ਰੀ ਗੁਰੂ ਨਾਨਕ ਸਾਹਿਬ ਦੇ ਹਰ ਬਚਨ ਨੂੰ ਇਲਾਹੀ ਹੁਕਮ ਜਾਣ, ਸੱਤ ਬਚਨ ਕਰ ਮੰਨਦੇ । ਐਸਾ ਗੁਰੂ ਨਾਲ ਮਿਲਾਪ ਹੋਇਆ ਕਿ ਮਨ ਅੰਦਰ ਅਗਿਆਨਤਾ ਦਾ ਹਨ੍ਹੇਰਾ ਨਾਸ ਹੋ ਗਿਆ । ਗੁਰੂ ਸਾਹਿਬ ਜੀ ਭਾਈ ਲਹਿਣਾ ਜੀ ਦੀ ਪ੍ਰੇਮਾ ਭਗਤੀ ਨੂੰ ਪੱਕਿਆਉਂਦੇ ਤੇ ਕਰੜੀ ਤੋਂ ਕਰੜੀ ਪਰਖ਼ ਲੈਂਦੇ । ਭਾਈ ਲਹਿਣਾ ਜੀ ਗੁਰੂ ਸਾਹਿਬ ਜੀ ਦਾ ਹਰ ਹੁਕਮ ਮੰਨਦੇ ਤੇ ਪ੍ਰੇਮ ਦੀ ਪ੍ਰੀਖਿਆ 'ਚੋਂ ਸਫ਼ਲ ਨਕਲਦੇ ਰਹੇ। ਪ੍ਰੇਮ ਦਾ ਫੁੱਲ ਖਿੜਦਾ ਗਿਆ ਅਤੇ ਵਿਕਸਿਤ ਹੁੰਦਾ ਗਿਆ। ਜਿੰਨਾ ਵਿਕਸਿਤ ਹੁੰਦਾ, ਜੀਵਨ ਵਿਚ ਸੇਵਾ ਦੀ ਭੁੱਖ ਵਧਦੀ ਹੀ ਗਈ। ਤੇ ਐਸਾ ਸਮਾਂ ਆਇਆ ਜਦੋਂ ਹੁਕਮ ਦੇਣ ਵਾਲੇ ਤੇ ਹੁਕਮ ਮੰਨਣ ਵਾਲੇ ਵਿਚਲਾ ਵੀ ਮਿਟ ਗਿਆ। ਵਰ੍ਹਿਆਂ ਦੀ ਤੜਫ ਗੁਰੂ ਮਿਲਾਪ ਨਾਲ ਸ਼ਾਂਤ ਹੋ ਗਈ। ਆਤਮਿਕ ਇਕਲਾਪਨ ਖਤਮ ਹੋ ਗਿਆ । ਗੁਰੂ ਚਰਨਾਂ ਦੀ ਸੇਵਾ ਹੀ ਮਨ ਦੀ ਇਕਾਗਰਤਾ ਦਾ ਪ੍ਰਤੀਕ ਬਣ ਗਈ । ਗੁਰੂ ਤੇ ਸਿੱਖ ਦਾ ਭੇਦ ਹੀ ਮਿੱਟ ਗਿਆ। ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ॥ ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਉਘੜੈ ਅਵਰ ਨ ਕੁੰਜੀ ਹਥਿ।।(ਵਾਰ ਸਾਰੰਗ ਮ: ੪, ਸਲੋਕ ਮ:੨) ਭਾਈ ਲਹਿਣਾ ਜੀ ਨੇ ਲਹਿਣੇ ਤੋਂ ਅੰਗਦ ਤੇ ਅੰਗਦ ਤੋਂ ਸ੍ਰੀ ਗੁਰੂ ਅੰਗਦ ਸਾਹਿਬ ਦੀ ਮੰਜ਼ਿਲ ਤੈਅ ਕਰ ਲਈ। ਅੰਗਹੁ ਅੰਗ ਉਪਾਇਓਨੁ ਗੰਗਹੁ ਜਾਣੁ ਤਰੰਗੁ ਉਠਾਇਆ। ਗਹਿਰ ਗੰਭੀਰ ਗਹੀਰੁ ਗੁਣੁ ਗੁਰਮੁਖਿ ਗੁਰੁ ਗੋਬਿੰਦੁ ਸਦਾਇਆ। ............. ਬਾਬਾਣੇ ਗੁਰ ਅੰਗਦੁ ਆਇਆ॥ (ਭਾਈ ਗੁਰਦਾਸ ਜੀ) ਆਓ! ਗੁਰੂ ਅੰਗਦ ਸਾਹਿਬ ਜੀ (SriGuruAngadDevJi) ਦੇ ਪਾਵਨ ਬਚਨਾਂ ਨੂੰ ਆਪਣਾ ਜੀਵਨ ਬਣਾਈਏ ਅਤੇ ਇਲਾਹੀ ਨਦਰ ਦੇ ਅਨੰਦ ਨੂੰ ਗੁਰੂ ਅਸੀਸ ਰੂਪੀ ਪ੍ਰਾਪਤ ਕਰੀਏ!