ਪੰਜਾਬ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ 'ਚ ਰਣਜੀਤ ਸਿੰਘ ਬ੍ਰਹਮਪੁਰਾ ਸਮੇਤ ਕਈ ਆਗੂ ਅਕਾਲੀ ਦਲ 'ਚ ਹੋਏ ਸ਼ਾਮਲ

By Riya Bawa -- December 23, 2021 3:02 pm -- Updated:December 23, 2021 5:27 pm

ਚੰਡੀਗੜ੍ਹ :ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਗਵਾਈ 'ਚ ਸਾਬਕਾ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਅੱਜ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਬ੍ਰਹਮਪੁਰਾ ਦੇ ਨਾਲ ਹੀ ਅੱਜ ਕਰਨੈਲ ਸਿੰਘ ਪੀਰ ਮੁਹੰਮਦ, ਸਾਬਕਾ ਵਿਧਾਇਕ ਉਜਾਗਰ ਸਿੰਘ ਬਡਾਲੀ ਤੇ ਹੋਰ ਕਈ ਲੀਡਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ।

ਉਹਨਾਂ ਨੂੰ ਅਕਾਲੀ ਦਲ ਦਾ ਮੀਤ ਸਰਪ੍ਰਸਤ ਨਿਯੁਕਤ ਕੀਤਾ ਗਿਆ ਹੈ। ਸੰਯੁਕਤ ਅਕਾਲੀ ਦਲ ਦੇ ਹੋਰ ਆਗੂ ਜੋ ਮੁੜ ਮਾਂ ਪਾਰਟੀ ਵਿਚ ਸ਼ਾਮਲ ਹੋਏ, ਉਹਨਾਂ ਵਿਚ ਜਥੇਦਾਰ ਉਜਾਗਰ ਸਿੰਘ ਬਡਾਲੀ, ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ, ਰਵਿੰਦਰ ਸਿੰਘ ਬ੍ਰਹਮਪੁਰਾ ਜਿਹਨਾਂ ਸਾਰਿਆਂ ਨੂੰ ਮੀਤ ਪ੍ਰਧਾਨ, ਕਰਨੈਲ ਸਿੰਘ ਪੀਰਮੁਹੰਮਦ ਨੂੰ ਜਨਰਲ ਸਕੱਤਰ ਅਤੇ ਬੁਲਾਰਾ, ਜਥੇਦਾਰ ਮਨਮੋਹਨ ਸਿੰਘ ਸਠਿਆਲਾ ਨੁੰ ਜਨਰਲ ਸਕੱਤਰ, ਗੋਪਾਲ ਸਿੰਘ ਜਾਨੀਆਂ ਨੁੰ ਜਥੇਬੰਦਕ ਸਕੱਤਰ, ਗੁਰਪੀਤ ਸਿੰਘ ਕਲਕੱਤਾ ਨੂੰ ਜੁਆਇੰਟ ਸਕੱਤਰ ਅਤੇ ਜਗਰੂਪ ਸਿੰਘ ਚੀਮਾ ਨੁੰ ਯੂਥ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।

ਇਸ ਮੌਕੇ ਸਰਦਾਰ ਬ੍ਰਹਮਪੁਰਾ ਨੇ ਕਿਹਾ ਕਿ ਮੈਂ ਉਸੇ ਤਰੀਕੇ ਆਪਣੀ ਮਾਂ ਪਾਰਟੀ ਤੋਂ ਕੁਝ ਸਮੇਂ ਲਈ ਛੁੱਟੀ ’ਤੇ ਗਿਆ ਸੀ ਜਿਵੇਂ ਫੌਜੀ ਜਾਂਦੇ ਹਨ ਤੇ ਫਿਰ ਕੁਝ ਸਮੇਂ ਬਾਅਦ ਵਾਪਸ ਆਪਣੀ ਬਟਾਲੀਅਨ ਵਿਚ ਪਰਤ ਆਉਂਦੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਪੰਥ ਤੇ ਪੰਜਾਬ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ ਅਤੇ ਹੁਣ ਪਾਰਟੀ ਨੁੰ ਮਜ਼ਬੂਤ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ। ਉਹਨਾਂ ਕਿਹਾ ਕਿ ਅਸੀਂ ਘਰ ਘਰ ਜਾ ਕੇ ਸੂਬੇ ਵਿਚ ਨਵੀਂ ਕ੍ਰਾਂਤੀ ਦੀ ਸ਼ੁਰੂਆਤ ਕਰਾਂਗੇ। ਉਘੇ ਸਿਆਸਤਦਾਨ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਭਰਵੀਂ ਸ਼ਲਾਘਾ ਕਰਦਿਆਂ ਉਹਨਾਂ ਨੁੰ ‘ਬਾਬਾ ਬੋਹੜ’ ਕਹਿ ਕੇ ਸੰਬੋਧਨ ਕੀਤਾ। ਉਹਨਾਂ ਨੇ ਸਪਸ਼ਟ ਕੀਤਾ ਕਿ ਭਾਵੇਂ ਉਹਨਾਂ ਗਲਤੀ ਕਰ ਲਈ ਸੀ ਪਰ ਇਹ ਜਾਣ ਬੁੱਝ ਕੇ ਨਹੀਂ ਕੀਤੀ ਸੀ ਅਤੇ ਪਾਰਟੀ ਨੁੰ ਉਹਨਾਂ ਨੁੰ ਹੋਈਆਂ ਗਲਤੀਆਂ ਲਈ ਮੁਆਫ ਕਰ ਦੇਣਾ ਚਾਹੀਦਾ ਹੈ।

ਅਕਾਲੀ ਦਲ ਦੇ ਸਰਪ੍ਰਸਤ ਨੇ ਕਿਹਾ ਕਿ ਜੇਕਰ ਉਹ ਪੰਜ ਵਾਰ ਮੁੱਖ ਮੰਤਰੀ ਬਣੇ ਹਨ ਤਾਂ ਇਸ ਵਿਚ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਵੱਡਾ ਰੋਲ ਰਿਹਾ ਹੈ। ਬ੍ਰਹਮਪੁਰਾ ਸਾਹਿਬ ਅਕਾਲੀ ਸਨ ਤੇ ਅਕਾਲੀ ਹੀ ਰਹਿਣਗੇ। ਉਹਨਾਂ ਕਿਾ ਕਿ ਮੈਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਦੋਵੇਂ ਭਰਾ ਫਿਰ ਇਕੱਠੇ ਹੋਏ ਹਾਂ। ਉਹਨਾਂ ਕਿਹਾ ਕਿ ਭਾਵੇਂ ਪਹਿਲਾਂ ਕੁਝ ਖਾਮੀਆਂ ਰਹਿ ਗਈਆਂ ਸਨ ਪਰ ਹੁਣ ਸਾਡੇ ਦਿਲ ਫਿਰ ਮਿਲ ਗਏ ਹਨ।

ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸਰਦਾਰ ਬ੍ਰਹਮਪੁਰਾ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਨਾਲ ਪਾਰਟੀ ਨੁੰ ਵੱਡੀ ਮਜ਼ਬੂਤੀ ਮਿਲੀ ਹੈ। ਉਹਨਾਂ ਕਿਹਾ ਕਿ ਮੈਂ ਆਪਣੀ ਪਾਰਟੀ ਛੱਡ ਕੇ ਗਏ ਹੋਰ ਅਕਾਲੀ ਆਗੂਆਂ ਨੁੰ ਵੀ ਅਪੀਲ ਕਰਦਾ ਹਾਂ ਕਿ ਉਹ ਸਰਦਾਰ ਬ੍ਰਹਮਪੁਰਾ ਵੱਲੋਂ ਚੁਣੇ ਮਾਰਗ ’ਤੇ ਚੱਲਣ। ਉਹਨਾਂ ਕਿਹਾ ਕਿ ਭਾਵੇਂ ਅਕਾਲੀ ਦਲ ’ਤੇ ਸਿਆਸੀ ਅਤੇ ਧਾਰਮਿਕ ਮੁਹਾਜ਼ ’ਤੇ ਹਮਲੇ ਬੋਲੇ ਗਏ ਪਰ ਪਾਰਟੀ ਪੰਜਾਬੀਆਂ ਦੀ ਡੱਟ ਕੇ ਸੇਵਾ ਕਰਦੀ ਰਹੀ। ਉਹਨਾਂ ਕਿਹਾ ਕਿ ਜਿੰਨੀ ਵਾਰ ਸਾਡੇ ’ਤੇ ਹਮਲੇ ਹੋਏ, ਅਸੀਂ ਹੋਰ ਮਜ਼ਬੂਤ ਹੋ ਕੇ ਨਿਤਰੇ ਹਾਂ। ਉਹਨਾਂ ਕਿਹਾ ਕਿ ਇੰਦਰਾ ਗਾਂਧੀ ਵੀ ਸਾਡਾ ਮਨੋਬਲ ਨਹੀਂ ਤੋੜ ਸਕੀ। ਕਾਂਗਰਸ ਪਾਰਟੀ ਵੱਲੋਂ ਸਾਡੇ ਖਿਲਾਫ ਦਰਜ ਕੀਤੇ ਜਾ ਰਹੇ ਝੂਠੇ ਕੇਸ ਕਿੇ ਵੀ ਤਰੀਕੇ ਸਾਨੁੰ ਸਾਡੇ ਟੀਚੇ ਤੋਂ ਨਹੀਂ ਖੁੰਝਾ ਸਕਦੇ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੁੰ ਸਰਦਾਰ ਬ੍ਰਹਮਪੁਰਾ ਦੇ ਤਜ਼ਰਬੇ ਤੋਂ ਵੱਡਾ ਲਾਭ ਮਿਲੇਗਾ ਤੇ ਸਰਦਾਰ ਬ੍ਰਹਮਪੁਰਾ ਉਹਨਾਂ ਲਈ ਪਿਤਾ ਸਮਾਨ ਹਨ। ਉਹਨਾਂ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਪੰਥ ਅਤੇ ਪੰਜਾਬ ’ਤੇ ਕੇਂਦਰ ਸਰਕਾਰ, ਪੰਜਾਬ ਤੇ ਦਿੱਲੀ ਸਰਕਾਰ ਸਮੇਤ ਤਿੰਨ ਸਰਕਾਰਾਂ ਵੱਲੋਂ ਬੋਲੇ ਹੱਲੇ ਦੇ ਮੱਦੇਨਜ਼ਰ ਸਾਰੀਆਂ ਪੰਥਕ ਧਿਰਾਂ ਦੀ ਇਕਜੁੱਟਤਾ ਦਾ ਸੱਦਾ ਦਿੱਤਾ ਹੈ। ਉਹਨਾਂ ਕਿਹਾ ਕਿ ਸਿਰਫ ਅਕਾਲੀ ਦਲ ਹੀ ਪੰਥ ਅਤੇ ਪੰਜਾਬ ਦੀ ਪ੍ਰਤੀਨਿਧ ਪਾਰਟੀ ਹੈ ਜੋ ਮੀਰੀ ਪੀਰੀ ਦੇ ਸਿਧਾਂਤ ਮੁਤਾਬਕ ਚਲਦੀ ਹੈ ਤੇ ਉਹਨਾਂ ਨੇ ਸਭ ਨੁੰ ਇਕਜੁੱਟ ਹੋਣ ਦੀ ਅਪੀਲ ਕੀਤੀ ਤਾਂ ਜੋ ‘ਪੰਥ ਦੀ ਸਰਕਾਰ’ ਬਣ ਸਕੇ। ਇਸ ਮੌਕੇ ਹਾਜ਼ਰ ਹੋਰ ਸੀਨੀਅਰ ਆਗੂਆਂ ਵਿਚ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ ਤੇ ਐਨ ਕੇ ਸ਼ਰਮਾ ਸ਼ਾਮਲ ਸਨ।

-PTC News

  • Share