Weather Report: ਪੰਜਾਬ 'ਚ ਇਸ ਹਫ਼ਤੇ 4 ਡਿਗਰੀ ਤੱਕ ਡਿੱਗਾ ਪਾਰਾ, ਹੁਣ ਕੜਾਕੇ ਦੀ ਠੰਡ ਪੈਣ ਦੀ ਸੰਭਾਵਨਾ
ਚੰਡੀਗੜ੍ਹ: ਪੰਜਾਬ ਵਿੱਚ ਸਰਦੀ ਦਿਨੋ ਦਿਨ ਵੱਧ ਰਹੀ ਹੈ। ਇਸ ਹਫ਼ਤੇ ਦੇ ਅੰਤ ਤੱਕ ਕੜਾਕੇ ਦੀ ਠੰਡ ਪੈਣ ਦੀ ਸੰਭਾਵਨਾ ਹੈ ਕਿਉਂਕਿ ਸੂਬੇ ਦੇ ਜ਼ਿਆਦਾਤਰ ਸ਼ਹਿਰਾਂ 'ਚ ਹਫ਼ਤੇ ਦੇ ਅੰਤ 'ਚ ਅੱਜ ਦੇ ਮੁਕਾਬਲੇ 3-4 ਡਿਗਰੀ ਸੈਲਸੀਅਸ ਦੀ ਗਿਰਾਵਟ ਦੇਖਣ ਨੂੰ ਮਿਲੇਗੀ। ਇਸ ਕਾਰਨ ਠੰਡ ਬਹੁਤ ਵਧ ਜਾਵੇਗੀ। ਇਸ ਦੌਰਾਨ ਜ਼ਿਆਦਾਤਰ ਥਾਵਾਂ 'ਤੇ ਪੂਰਾ ਹਫ਼ਤਾ ਮੌਸਮ ਸਾਫ਼ ਰਹੇਗਾ।
ਸਭ ਤੋਂ ਖਾਸ ਗੱਲ ਇਹ ਹੈ ਕਿ ਪ੍ਰਦੂਸ਼ਣ ਦਾ ਪੱਧਰ ਜੋ ਪਹਿਲਾਂ ਬਹੁਤ ਮਾੜਾ ਸੀ, ਹੁਣ ਕਾਫੀ ਸੁਧਾਰ ਹੋਇਆ ਹੈ ਅਤੇ ਹੁਣ ਤਸੱਲੀਬਖਸ਼ ਪੱਧਰ 'ਤੇ ਹੈ। ਪੰਜਾਬ ਵਿੱਚ ਅਗਲੇ ਹਫ਼ਤੇ ਤੋਂ ਠੰਢ ਹੋਰ ਵਧੇਗੀ। ਐਤਵਾਰ ਨੂੰ ਫਰੀਦਕੋਟ ਸਭ ਤੋਂ ਠੰਢਾ ਰਿਹਾ ਇੱਥੇ ਘੱਟੋ ਘੱਟ ਪਾਰਾ 4.8 ਡਿਗਰੀ ਦਰਜ ਕੀਤਾ ਗਿਆ।ਇਸ ਤੋਂ ਇਲਾਵਾ ਚੰਡੀਗੜ੍ਹ 7.8, ਅੰਮ੍ਰਿਤਸਰ ਤੇ ਲੁਧਿਆਣਾ 6.6, ਪਟਿਆਲਾ 6.5 ਅਤੇ ਗੁਰਦਾਸਪੁਰ ਘੱਟੋ ਘੱਟ ਪਾਰਾ 5.8 ਡਿਗਰੀ ਰਿਹਾ।
ਐਤਵਾਰ ਨੂੰ ਦਿੱਲੀ 'ਚ ਸੀਜ਼ਨ ਦਾ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ। ਸਵੇਰੇ ਪਾਰਾ 6.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਦੋ ਡਿਗਰੀ ਸੈਲਸੀਅਸ ਘੱਟ ਹੈ। ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਕਿਹਾ ਕਿ ਸ਼ਹਿਰ ਵਿੱਚ ਵੱਧ ਤੋਂ ਵੱਧ ਤਾਪਮਾਨ 23.9 ਡਿਗਰੀ ਸੈਲਸੀਅਸ ਰਿਹਾ, ਜੋ ਕਿ ਮੌਸਮ ਦੇ ਔਸਤ ਤਾਪਮਾਨ ਤੋਂ ਇੱਕ ਡਿਗਰੀ ਸੈਲਸੀਅਸ ਵੱਧ ਹੈ।
-PTC News