Miss Universe 2021: 21 ਸਾਲ ਬਾਅਦ ਭਾਰਤ ਨੂੰ ਮਿਲਿਆ ਤਾਜ, ਹਰਨਾਜ਼ ਨੇ ਆਖਰੀ ਸਵਾਲ ਦਾ ਇਹ ਦਿੱਤਾ ਜਵਾਬ
ਚੰਡੀਗੜ੍ਹ: ਪੰਜਾਬ ਦੀ ਹਰਨਾਜ਼ ਸੰਧੂ Miss Universe 2021 ਬਣੀ ਹੈ। ਇਜ਼ਰਾਈਲ ਦੇ ਇਲਾਟ ਵਿੱਚ ਆਯੋਜਿਤ 70ਵੀਂ ਮਿਸ ਯੂਨੀਵਰਸ 2021 ਵਿੱਚ ਭਾਰਤ ਦੀ ਨੁਮਾਇੰਦਗੀ ਕਰ ਰਹੀ ਪੰਜਾਬ ਦੀ 21 ਸਾਲਾ ਹਰਨਾਜ਼ ਸੰਧੂ ਨੇ ਇਹ ਖਿਤਾਬ ਆਪਣੇ ਨਾਮ ਕੀਤਾ ਹੈ। ਭਾਰਤ ਦੀ ਝੋਲੀ ਮਿਸ ਯੂਨੀਵਰਸ ਦਾ ਇਹ ਖ਼ਿਤਾਬ 21 ਸਾਲ ਬਾਅਦ ਪਿਆ ਹੈ। ਇਸ ਤੋਂ ਪਹਿਲਾਂ ਇਹ ਖ਼ਿਤਾਬ ਲਾਰਾ ਦੱਤਾ ਨੇ 2000 ਵਿੱਚ ਆਪਣੇ ਨਾਮ ਕੀਤਾ ਸੀ। ਖ਼ਿਤਾਬ ਜੱਤਣ ਤੋਂ ਬਾਅਦ ਹਰਨਾਜ਼ ਨੇ ਕਿਹਾ, ''ਮੈਂ ਰੱਬ, ਮੇਰੇ ਪਰਿਵਾਰ ਅਤੇ ਮਿਸ ਇੰਡੀਆ ਸੰਗਠਨ ਦੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇਸ ਪੂਰੇ ਸਫ਼ਰ ਵਿੱਚ ਮੇਰਾ ਮਾਰਗ ਦਰਸ਼ਨ ਕੀਤਾ ਅਤੇ ਮੇਰਾ ਸਾਥ ਦਿੱਤਾ।''
ਕੀ ਸੀ ਆਖ਼ਿਰੀ ਸਵਾਲ
ਟੌਪ 3 ਯਾਨੀ ਆਖਰੀ ਰਾਊਂਡ ਵੇਲੇ ਮੁਕਾਬਲੇ ਵਿੱਚ ਸ਼ਾਮਲ ਤਿੰਨੇ ਕੁੜੀਆਂ ਨੂੰ ਪੁੱਛਿਆ ਗਿਆ ਸੀ ਕਿ, ''ਅੱਜ ਦੇ ਸਮੇਂ ਵਿੱਚ ਦਬਾਅ ਦਾ ਸਾਹਮਣਾ ਕਰ ਰਹੀਆਂ ਉਨ੍ਹਾਂ ਨੌਜਵਾਨ ਔਰਤਾਂ ਨੂੰ ਉਹ ਕੀ ਸਲਾਹ ਦੇਣਾ ਚਾਹੁਣਗੇ ਜਿਸ ਨਾਲ ਉਹ ਉਸ ਦਾ ਸਾਹਮਣਾ ਕਰ ਸਕਣ?''
ਇਸ ਸਵਾਲ ਦੇ ਜਵਾਬ ਵਿੱਚ ਹਰਨਾਜ਼ ਨੇ ਕਿਹਾ, ''ਅੱਜ ਦੇ ਨੌਜਵਾਨਾਂ ਉੱਤੇ ਸਭ ਤੋਂ ਵੱਡਾ ਦਬਾਅ ਉਨ੍ਹਾਂ ਦਾ ਖ਼ੁਦ ਉੱਤੇ ਭਰੋਸਾ ਕਰਨਾ ਹੈ। ਇਹ ਜਾਣਨਾ ਕਿ ਤੁਸੀਂ ਅਨੋਖੇ ਹੋ ਇਹ ਤੁਹਾਨੂੰ ਖ਼ੂਬਸੂਰਤ ਬਣਾਉਂਦਾ ਹੈ। ਖ਼ੁਦ ਦੀ ਦੂਜਿਆਂ ਨਾਲ ਤੁਲਨਾ ਕਰਨੀ ਬੰਦ ਕਰੋ ਅਤੇ ਪੂਰੀ ਦੁਨੀਆਂ ਵਿੱਚ ਜੋ ਹੋ ਰਿਹਾ ਹੈ ਉਸ ਉੱਤੇ ਗੱਲ ਕਰਨਾ ਬੇਹੱਦ ਜ਼ਰੂਰੀ ਹੈ।''
''ਬਾਹਰ ਨਿਕਲੋ, ਖ਼ੁਦ ਲਈ ਬੋਲੋ ਕਿਉਂਕਿ ਤੁਸੀਂ ਹੀ ਆਪਣੀ ਜ਼ਿੰਦਗੀ ਦੇ ਲੀਡਰ ਹੋ। ਤੁਸੀਂ ਖ਼ੁਦ ਦੀ ਆਵਾਜ਼ ਹੋ। ਮੈਂ ਖ਼ੁਦ ਵਿੱਚ ਵਿਸ਼ਵਾਸ ਕਰਦੀ ਹਾਂ ਅਤੇ ਇਸ ਲਈ ਮੈਂ ਅੱਜ ਇੱਥੇ ਖੜ੍ਹੀ ਹਾਂ।''