ਕਾਂਗਰਸ 'ਚ ਮੁੜ ਛਿੜਿਆ ਵਿਵਾਦ: ਵਿਧਾਇਕ ਪਿੰਕੀ ਨੇ DGP ਚਟੋਪਾਧਿਆਏ 'ਤੇ ਲਾਏ ਗੰਭੀਰ ਇਲਜ਼ਾਮ
ਚੰਡੀਗੜ੍ਹ: ਫਿਰੋਜ਼ਪੁਰ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਪੰਜਾਬ ਦੇ ਨਵੇਂ ਡੀਜੀਪੀ ਸਿਧਾਰਥ ਚਟੋਪਾਧਿਆਏ 'ਤੇ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਮੇਰੀ ਅਤੇ ਮੇਰੇ ਪਰਿਵਾਰ ਦੀ ਜਾਨ ਜਾ ਸਕਦੀ ਹੈ ਤੇ ਡੀਜੀਪੀ ਪਿਛਲੇ ਕਾਫੀ ਸਮੇਂ ਤੋਂ ਪੁਲਿਸ ਦੇ ਇੱਕ ਭਗੌੜੇ ਮੁਜ਼ਰਮ ਨੂੰ ਲੈ ਕੇ ਘੁੰਮ ਰਹੇ ਹਨ। ਉਹ ਸਮੂਹਿਕ ਜਬਰ ਜਨਾਹ ਦੇ ਕੇਸ ਵਿੱਚ ਮੁਲਜ਼ਮ ਹੈ। ਉਹ ਅਜੇ ਤੱਕ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਉਹ ਪੁਲਿਸ ਅਧਿਕਾਰੀਆਂ ਨੂੰ ਧਮਕੀਆਂ ਦਿੰਦਾ ਹੈ ।
ਪਿੰਕੀ ਦੇ ਇਨ੍ਹਾਂ ਇਲਜ਼ਾਮਾਂ ਨਾਲ ਕਾਂਗਰਸ ਵਿੱਚ ਜੰਗ ਹੋਰ ਵਧ ਸਕਦੀ ਹੈ ਕਿਉਂਕਿ ਪਰਮਿੰਦਰ ਪਿੰਕੀ ਕਾਂਗਰਸ ਦੇ ਹੀ ਵਿਧਾਇਕ ਹਨ। ਇਸ ਦੇ ਨਾਲ ਹੀ ਡੀਜੀਪੀ ਚਟੋਪਾਧਿਆਏ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਦੱਸ ਦੇਈਏ ਕਿ ਵਿਧਾਇਕ ਪਰਮਿੰਦਰ ਪਿੰਕੀ ਨੇ ਬਲਾਤਕਾਰ ਦੇ ਮਾਮਲੇ 'ਚ ਭਗੌੜਾ ਅਪਰਾਧੀ ਨਾਲ ਨੇੜਤਾ ਦਾ ਇਲਜ਼ਾਮ ਲਾਇਆ ਹੈ।
ਉਨ੍ਹਾਂ ਨੇ ਕਿਹਾ ਕਿ ਮੈਂ ਜਲਦੀ ਹੀ ਸੀਐਮ ਚੰਨੀ ਨਾਲ ਇਸ ਬਾਰੇ ਗੱਲ ਕਰਾਂਗਾ। ਪਰਮਿੰਦਰ ਪਿੰਕੀ ਨੇ ਇਹ ਵੀ ਦੋਸ਼ ਲਾਇਆ ਹੈ ਕਿ ਸੁਪਰੀਮ ਕੋਰਟ ਵੱਲੋਂ ਭਗੌੜੇ ਮੁਜ਼ਰਮ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਹੈ, ਫਿਰ ਵੀ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ।ਦੱਸ ਦਈਏ ਕਿ ਡੀਜੀਪੀ ਚਟੋਪਾਧਿਆ ਅਕਾਲੀ ਦਲ ਦੇ ਵੀ ਨਿਸ਼ਾਨੇ ਉੱਪਰ ਆ ਗਿਆ ਹੈ। ਅਕਾਲੀ ਦਲ ਨੇ ਇਲਜ਼ਾਮ ਲਾਇਆ ਹੈ ਕਿ ਉਨ੍ਹਾਂ ਨੇ ਬਿਕਰਮ ਮਜੀਠੀਆ ਖਿਲਾਫ ਗਲਤ ਕੇਸ ਦਾਇਰ ਕੀਤਾ ਹੈ।
-PTC News