ਮੋਹਾਲੀ ਬਲਾਸਟ 'ਚ ਪੁਲਿਸ ਨੂੰ ਮਿਲਿਆ ਗ੍ਰਨੇਡ ਲਾਂਚਰ
ਐਸਏਐਸ ਨਗਰ:ਮੁਹਾਲੀ ਬਲਾਸਟ ਮਾਮਲੇ 'ਚ ਪੁਲਿਸ ਦੇ ਹੱਥ ਗਰਨੇਡ ਲਾਂਚਰ ਲੱਗਾ ਹੈ। ਇਸ ਗਰਨੇਡ ਲਾਂਚਰ ਦੀ ਮਦਦ ਨਾਲ ਹੀ ਬੀਤੀ ਰਾਤ ਇਨਟੈਲੀਜੰਸ ਵਿੰਗ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਪੁਲਿਸ ਆਸ ਪਾਸ ਦੇ ਸੀਸੀਟੀਵੀ ਵੀ ਖੰਗਾਲ ਰਹੀ ਹੈ।ਫਿਲਹਾਲ ਇਸ ਮਾਮਲੇ 'ਚ ਕਈ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ।
ਸੋਮਵਾਰ ਨੂੰ ਮੁਹਾਲੀ ਸਥਿਤ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਹੈੱਡਕੁਆਰਟਰ 'ਤੇ ਰਾਕੇਟ ਨਾਲ ਗ੍ਰਨੇਡ (ਆਰਪੀਜੀ) ਦਾਗਿਆ ਗਿਆ, ਜਿਸ ਨਾਲ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ, ਪਰ ਪੰਜਾਬ ਪੁਲਿਸ ਦੇ ਖੁਫੀਆ ਹੈੱਡਕੁਆਰਟਰ 'ਤੇ ਹਮਲਾ ਸਰਹੱਦੀ ਰਾਜ ਦੇ ਖਿਲਾਫ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਹੋ ਸਕਦਾ ਹੈ ਜੋ ਪਾਕਿਸਤਾਨ ਨਾਲ ਲਗਭਗ 553 ਕਿਲੋਮੀਟਰ ਅੰਤਰਰਾਸ਼ਟਰੀ ਸਰਹੱਦਾਂ ਨੂੰ ਸਾਂਝਾ ਕਰਦਾ ਹੈ।ਦਰਅਸਲ, ਸੋਮਵਾਰ ਦਾ ਹਮਲਾ ਕੋਈ ਵੱਖਰੀ ਘਟਨਾ ਨਹੀਂ ਹੈ। ਹਾਲ ਹੀ ਵਿੱਚ ਹੋਈਆਂ ਕੁਝ ਬਰਾਮਦਗੀਆਂ ਇੱਕ ਵੱਡੀ ਦਹਿਸ਼ਤੀ ਸਾਜ਼ਿਸ਼ ਵੱਲ ਤੇਜ਼ੀ ਨਾਲ ਸੰਕੇਤ ਦੇ ਰਹੀਆਂ ਹਨ।
ਮੁਹਾਲੀ ਪੁਲਿਸ ਨੇ ਕਿਹਾ, "ਸੈਕਟਰ 77, ਐਸ.ਏ.ਐਸ.ਨਗਰ ਵਿੱਚ ਸਥਿਤ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ਵਿੱਚ ਸੋਮਵਾਰ ਸ਼ਾਮ 7:45 ਵਜੇ ਦੇ ਕਰੀਬ ਇੱਕ ਮਾਮੂਲੀ ਧਮਾਕਾ ਹੋਣ ਦੀ ਸੂਚਨਾ ਮਿਲੀ। ਫਿਲਹਾਲ ਇਸ ਮਾਮਲੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।ਸੀਨੀਅਰ ਅਧਿਕਾਰੀ ਮੌਕੇ 'ਤੇ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ।"
ਇਹ ਪੁੱਛੇ ਜਾਣ 'ਤੇ ਕਿ ਕੀ ਇਸ ਨੂੰ ਅੱਤਵਾਦੀ ਹਮਲਾ ਮੰਨਿਆ ਜਾ ਸਕਦਾ ਹੈ, ਮੁਹਾਲੀ ਦੇ ਐਸਪੀ (ਹੈਡਕੁਆਰਟਰ) ਰਵਿੰਦਰ ਪਾਲ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ, "ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਅਸੀਂ ਇਸ ਦੀ ਜਾਂਚ ਕਰ ਰਹੇ ਹਾਂ।"