ਨਵਜੋਤ ਸਿੱਧੂ ਨੂੰ ਤੁਰੰਤ ਮੰਤਰੀ ਮੰਡਲ ਵਿਚੋਂ ਕੱਢਿਆ ਜਾਵੇ:ਸ਼੍ਰੋਮਣੀ ਅਕਾਲੀ ਦਲ
ਨਵਜੋਤ ਸਿੱਧੂ ਨੂੰ ਤੁਰੰਤ ਮੰਤਰੀ ਮੰਡਲ ਵਿਚੋਂ ਕੱਢਿਆ ਜਾਵੇ:ਸ਼੍ਰੋਮਣੀ ਅਕਾਲੀ ਦਲ:ਪੰਜਾਬ ਸਰਕਾਰ ਵੱਲੋਂ ਕਤਲ ਕੇਸ ਵਿਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸਜ਼ਾ ਨੂੰ ਅਦਾਲਤ ਵਿਚ ਸਹੀ ਠਹਿਰਾਏ ਜਾਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਅੱਜ ਸਿੱਧੂ ਨੂੰ ਤੁਰੰਤ ਪੰਜਾਬ ਦੇ ਮੰਤਰੀ ਮੰਡਲ ਵਿਚੋਂ ਬਰਖਾਸਤ ਕੀਤੇ ਜਾਣ ਦੀ ਮੰਗ ਕੀਤੀ ਹੈ।ਕਾਂਗਰਸ ਸਰਕਾਰ ਉੱਤੇ ਸਿੱਧੂ ਨਾਲ ਮਿਲੇ ਹੋਣ ਦਾ ਦੋਸ਼ ਲਾਉਂਦਿਆਂ ਅਕਾਲੀ ਦਲ ਨੇ ਮੰਗ ਕੀਤੀ ਹੈ ਕਿ ਸਰਕਾਰ ਕੈਬਨਿਟ ਦੀਆਂ ਮੀਟਿੰਗਾਂ ਵਿਚ ਬੈਠਦੇ ਇੱਕ ਕਾਤਿਲ ਨੂੰ ਬਚਾਉਣਾ ਬੰਦ ਕਰੇ।ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ,ਸਾਬਕਾ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬ ਕੈਬਨਿਟ ਵਿਚ ਸਿੱਧੂ ਦਾ ਮੌਜੂਦ ਰਹਿਣਾ ਨਾ ਸਿਰਫ ਨੈਤਿਕ ਤੌਰ ਤੇ ਗਲਤ ਹੈ, ਸਗੋਂ ਇਹ ਭਾਰਤ ਦੇ ਸੰਵਿਧਾਨ ਦਾ ਮਜ਼ਾਕ ਉਡਾ ਰਹੀ ਇੱਕ ਗੰਭੀਰ ਕਾਨੂੰਨੀ ਅਤੇ ਸੰਵਿਧਾਨਿਕ ਬੇਹੂਦਗੀ ਹੈ।ਉਹ ਉਸ ਸਰਕਾਰ ਦਾ ਹਿੱਸਾ ਬਣ ਕੇ ਨਹੀਂ ਰਹਿ ਸਕਦਾ,ਜਿਹੜੀ ਇੱਕ ਬਜ਼ੁਰਗ,ਨਿਰਦੋਸ਼ ਅਤੇ ਲਾਚਾਰ ਵਿਅਕਤੀ ਦੇ ਕਤਲ ਲਈ ਉਸ ਨੂੰ ਸਜ਼ਾ ਦਿਵਾਉਣ ਵਾਸਤੇ ਅਦਾਲਤ ਵਿਚ ਗਵਾਹੀ ਦੇ ਰਹੀ ਹੈ।ਇਸ ਨੇ ਆਜ਼ਾਦ ਭਾਰਤ ਦੇ ਇਤਿਹਾਸ ਵਿਚ ਸਭ ਤੋਂ ਅਜੀਬ ਸਥਿਤੀ ਪੈਦਾ ਕਰ ਦਿੱਤੀ ਹੈ।ਅੱਜ ਸ਼ਾਮੀਂ ਇੱਥੇ ਪਾਰਟੀ ਦੇ ਮੁੱਖ ਦਫਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਇਹ ਬਹੁਤ ਹੀ ਅਜੀਬ ਸਥਿਤੀ ਹੈ ਕਿ ਇੱਕ ਮੰਤਰੀ ਇੱਕ ਨਿਰੋਦਸ਼ ਦਾ ਕਤਲ ਕਰਨ ਲਈ ਆਪਣੀ ਸਰਕਾਰ ਦੇ ਖੁਦ ਨੂੰ ਸਜ਼ਾ ਦਿਵਾਉਣ ਦੇ ਫੈਸਲੇ ਦੀ ਧਿਰ ਬਣਿਆ ਹੋਇਆ ਹੈ।ਉਹਨਾਂ ਪੰਜਾਬ ਸਰਕਾਰ ਦੇ ਦੋਸ਼ ਲਾਇਆ ਕਿ ਉਹ ਸਿੱਧੂ ਨੂੰ ਗੰਭੀਰ ਕਤਲ ਦੇ ਦੋਸ਼ ਤੋਂ ਬਚਾਉਣ ਲਈ ਸਾਬਕਾ ਕ੍ਰਿਕਟਰ ਨਾਲ ਮਿਲ ਕੇ ਡਰਾਮਾ ਕਰ ਰਹੀ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ।ਅਕਾਲੀ ਆਗੂਆਂ ਨੇ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਉਤੇ ਵੀ ਸਿੱਧੂ ਨੂੰ ਬਚਾਉਣ ਦੀ ਸਾਜ਼ਿਸ਼ ਦਾ ਹਿੱਸਾ ਹੋਣ ਦਾ ਦੋਸ਼ ਲਾਇਆ।ਉਹਨਾਂ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਨਿਰਦੋਸ਼ ਪੀੜਤ ਦੇ ਲਾਚਾਰ ਪਰਿਵਾਰ ਨਾਲ ਖੜ੍ਹਣ ਦੀ ਥਾਂ ਖਹਿਰਾ ਇੱਕ ਸੋਚੀ ਸਮਝੀ ਅਤੇ ਯੋਜਨਾਬੱਧ ਪਟਕਥਾ ਤਹਿਤ ਇਸ ਸਰਕਾਰ ਦੇ ਇੱਕ ਮੰਤਰੀ ਦੀ ਹਮਾਇਤ ਕਰ ਰਿਹਾ ਹੈ।ਅਕਾਲੀ ਆਗੂਆਂ ਨੇ ਕਿਹਾ ਕਿ ਇਸ ਮਾਮਲੇ ਵਿਚ ਸਰਕਾਰ ਵੱਲੋਂ ਖੇਡੀ ਜਾ ਰਹੀ ਦੋਹਰੀ ਖੇਡ ਦੇ ਬੜੇ ਸਪੱਸ਼ਟ ਸੰਕੇਤ ਸਾਹਮਣੇ ਦਿਸ ਰਹੇ ਹਨ।ਇੱਥੇ ਕੁੱਝ ਅਜਿਹੇ ਵਿਵਹਾਰਕ,ਕਾਨੂੰਨੀ ਅਤੇ ਨੈਤਿਕ ਸਵਾਲ ਹਨ,ਜਿਹੜੇ ਸਰਕਾਰ ਪਾਸੋਂ ਤੁਰੰਤ ਅਤੇ ਸਪੱਸ਼ਟ ਜੁਆਬ ਮੰਗਦੇ ਹਨ। -PTCNews