Mohali News : ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਘਰ ਬਾਹਰ ਬੀਤੀ ਰਾਤ ਚੱਲੀਆਂ ਗੋਲੀਆਂ ,ਜਾਂਚ 'ਚ ਜੁਟੀ ਪੁਲਿਸ
Mohali News : ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਘਰ ਬਾਹਰ ਬੀਤੀ ਰਾਤ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਮੋਹਾਲੀ ਦੇ ਸੈਕਟਰ 71 ਸਥਿਤ ਕੋਠੀ ਦੇ ਬਾਹਰ ਵਾਪਰੀ ਹੈ, ਜਿਸ ਦੌਰਾਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਘਰ ਦੇ ਬਾਹਰ 8 ਤੋਂ 10 ਰਾਊਂਡ ਫਾਇਰ ਕੀਤੀ ਹਨ। ਇਸ ਸੰਬੰਧੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਘਰ ਬਾਹਰ ਰਾਤ ਨੂੰ ਦੋ ਮੋਟਰਸਾਈਕਲ ਸਵਾਰਾਂ ਨੇ 8 ਤੋਂ 10 ਦੇ ਕਰੀਬ ਰਾਊਂਡ ਫਾਇਰ ਕੀਤੇ। ਫਾਇਰ ਕਰਨ ਤੋਂ ਬਾਅਦ ਮੋਟਰਸਾਈਕਲ ਸਵਾਰ ਮੌਕੇ ਤੋਂ ਫਰਾਰ ਹੋ ਗਏ ਸੀ। ਮੋਟਰਸਾਈਕਲ ਦਾ ਨੰਬਰ ਯੂਪੀ ਦਾ ਦੱਸਿਆ ਜਾ ਰਿਹਾ ਹੈ। ਪੁਲਿਸ ਸੀਸੀਟੀਵੀ ਖੰਗਾਲ ਰਹੀ ਹੈ। ਫਿਲਹਾਲ ਆਰੋਪੀਆਂ ਦਾ ਅਜੇ ਤੱਕ ਕੁਝ ਨਹੀਂ ਪਤਾ ਲੱਗਿਆ ਕਿ ਕਿਸ ਕਾਰਨ ਉਥੇ ਗੋਲੀਆਂ ਚਲਾਈਆਂ ਹਨ।
ਦੱਸਣਯੋਗ ਹੈ ਕੀ ਕੁਝ ਮਹੀਨੇ ਪਹਿਲਾਂ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਵੱਲੋਂ ਪਿੰਕੀ ਧਾਲੀਵਾਲ ਦੇ ਉੱਪਰ ਗੰਭੀਰ ਇਲਜ਼ਾਮ ਲਗਾਏ ਸੀ ਤੇ ਬਕਾਇਦਾ ਮੁਹਾਲੀ ਦੇ ਥਾਣਾ ਮਟੌਰ ਵਿੱਚ ਪਿੰਕੀ ਧਾਲੀਵਾਲ ਦੇ ਖਿਲਾਫ ਐਫਆਈਆਰ ਵੀ ਦਰਜ ਕੀਤੀ ਗਈ ਸੀ ਅਤੇ ਉਸਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ। ਉਸੇ ਦਿਨ ਤੋਂ ਹੀ ਪਿੰਕੀ ਧਾਲੀਵਾਲ ਵਿਵਾਦਾਂ 'ਚ ਸਨ।
ਪਿੰਕੀ ਧਾਲੀਵਾਲ ਦੇ ਖਿਲਾਫ਼ 2-3 ਹੋਰ ਸਿੰਗਰਾਂ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਵੱਡੇ ਇਲਜ਼ਾਮ ਲਗਾਏ ਸੀ। ਹੁਣ ਪੁਲਿਸ ਹਰ ਪਹਿਲੂ 'ਤੇ ਜਾਂਚ ਕਰ ਰਹੀ ਹੈ ਕਿ ਇਹ ਕਿਸੇ ਗੈਂਗਸਟਰ ਦਾ ਹੱਥ ਹੈ ਜਾਂ ਕਿਸੇ ਨੂੰ ਸੁਪਾਰੀ ਦੇ ਕੇ ਪਿੰਕੀ ਧਾਲੀਵਾਲ ਦੇ ਘਰ ਦੇ ਉੱਤੇ ਹਮਲਾ ਕਰਵਾਇਆ ਗਿਆ। ਫਿਲਹਾਲ ਕਿਸੇ ਦੀ ਵੀ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਮਿਲੀ।
- PTC NEWS