RCB Victory Parade : RCB ਦੀ ਜਿੱਤ ਪਰੇਡ ਤੋਂ ਪਹਿਲਾਂ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਭਗਦੜ, ਇੱਕ ਮਹਿਲਾ ਸਮੇਤ 7 ਦੀ ਮੌਤ, ਕਈ ਜ਼ਖਮੀ
RCB Victory Parade in Bengaluru : ਆਈਪੀਐਲ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਦੀ ਸ਼ਾਨਦਾਰ ਜਿੱਤ ਦਾ ਜਸ਼ਨ ਬੁੱਧਵਾਰ ਨੂੰ ਇੱਕ ਦੁਖਦਾਈ ਹਾਦਸੇ ਵਿੱਚ ਬਦਲ ਗਿਆ। ਇਸਦਾ ਕਾਰਨ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਵਿੱਚ ਆਰਸੀਬੀ ਦੀ ਜਿੱਤ ਪਰੇਡ ਤੋਂ ਪਹਿਲਾਂ ਭਗਦੜ ਸੀ। ਜਾਣਕਾਰੀ ਅਨੁਸਾਰ ਸਟੇਡੀਅਮ ਦੇ ਬਾਹਰ ਭਾਰੀ ਭੀੜ ਵਿਚਕਾਰ ਭਗਦੜ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ।
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹਜ਼ਾਰਾਂ ਲੋਕਾਂ ਦੀ ਭੀੜ ਆਰਸੀਬੀ ਦੇ 18 ਸਾਲਾਂ ਬਾਅਦ ਆਈਪੀਐਲ ਟਰਾਫੀ ਜਿੱਤਣ ਦਾ ਜਸ਼ਨ ਮਨਾਉਣ ਲਈ ਸਟੇਡੀਅਮ 'ਚ ਜਾਣ ਲਈ ਇਕਠੀ ਹੋਈ ਸੀ। ਚਸ਼ਮਦੀਦਾਂ ਦੇ ਅਨੁਸਾਰ ਜਸ਼ਨ ਦੌਰਾਨ ਅਚਾਨਕ ਸਟੇਡੀਅਮ ਦੇ ਬਾਹਰ ਅਤੇ ਅੰਦਰ ਭੀੜ ਬੇਕਾਬੂ ਹੋ ਗਈ, ਜਿਸ ਕਾਰਨ ਹਫੜਾ-ਦਫੜੀ ਮਚ ਗਈ। ਕਈ ਲੋਕ ਕੁਚਲੇ ਗਏ ਅਤੇ ਦਰਜਨਾਂ ਜ਼ਖਮੀ ਹੋ ਗਏ। ਕਈ ਜ਼ਖਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਐਮਰਜੈਂਸੀ ਸੇਵਾਵਾਂ ਮੌਕੇ 'ਤੇ ਮੌਜੂਦ ਹਨ ਅਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਪਿੱਛੇ ਪ੍ਰਬੰਧਕਾਂ ਦੀ ਲਾਪਰਵਾਹੀ ਅਤੇ ਭੀੜ ਨੂੰ ਕੰਟਰੋਲ ਕਰਨ ਵਿੱਚ ਕਮੀਆਂ ਦਾ ਸ਼ੱਕ ਹੈ। ਪੁਲਿਸ ਪ੍ਰਸ਼ਾਸਨ ਪੂਰੇ ਮਾਮਲੇ ਦੀ ਜਾਂਚ ਕਰ ਰਿਹਾ ਹੈ। ਮ੍ਰਿਤਕਾਂ ਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਗਈ ਹੈ।
ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਨੇ ਹਾਦਸੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, "ਮੈਂ ਅਜੇ ਮ੍ਰਿਤਕਾਂ ਜਾਂ ਜ਼ਖਮੀਆਂ ਦੀ ਸਹੀ ਗਿਣਤੀ ਦੀ ਪੁਸ਼ਟੀ ਨਹੀਂ ਕਰ ਸਕਦਾ, ਪਰ ਮੈਂ ਮੌਕੇ 'ਤੇ ਜਾ ਰਿਹਾ ਹਾਂ।"ਉਨ੍ਹਾਂ ਕਿਹਾ ਕਿ ਸਟੇਡੀਅਮ ਵਿੱਚ ਵੱਡੀ ਗਿਣਤੀ ਵਿੱਚ ਭਾਵੁਕ ਪ੍ਰਸ਼ੰਸਕ ਮੌਜੂਦ ਸਨ ਅਤੇ ਅਸੀਂ ਸੁਰੱਖਿਆ ਲਈ 5000 ਤੋਂ ਵੱਧ ਸਟਾਫ ਤਾਇਨਾਤ ਕੀਤਾ ਸੀ। ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਜਲਦੀ ਹੀ ਵਿਸਥਾਰਤ ਜਾਣਕਾਰੀ ਦਿੱਤੀ ਜਾਵੇਗੀ।
ਆਰਸੀਬੀ ਨੇ ਪਹਿਲੀ ਵਾਰ ਜਿੱਤੀ ਆਈਪੀਐਲ ਟਰਾਫੀ
ਤੁਹਾਨੂੰ ਦੱਸ ਦੇਈਏ ਕਿ ਆਈਪੀਐਲ 2025 ਦੇ ਫਾਈਨਲ ਮੈਚ ਵਿੱਚ ਆਰਸੀਬੀ ਨੇ ਪੰਜਾਬ ਕਿੰਗਜ਼ ਨੂੰ 6 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਖਿਤਾਬ 'ਤੇ ਕਬਜ਼ਾ ਕੀਤਾ ਸੀ। ਆਈਪੀਐਲ 2025 ਜਿੱਤਣ ਤੋਂ ਬਾਅਦ ਜਦੋਂ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਦੀ ਟੀਮ ਬੁੱਧਵਾਰ ਨੂੰ ਬੰਗਲੌਰ ਪਹੁੰਚੀ ਤਾਂ ਹਜ਼ਾਰਾਂ ਪ੍ਰਸ਼ੰਸਕਾਂ ਨੇ ਹਵਾਈ ਅੱਡੇ ਦੇ ਬਾਹਰ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।
ਜਦੋਂ ਟੀਮ ਮੁੱਖ ਮੰਤਰੀ ਸਿੱਧਰਮਈਆ ਨੂੰ ਮਿਲਣ ਲਈ ਵਿਧਾਨ ਸੌਧਾ (ਵਿਧਾਨ ਸਭਾ) ਲਈ ਰਵਾਨਾ ਹੋਈ ਤਾਂ ਸੜਕ ਦੇ ਦੋਵੇਂ ਪਾਸੇ ਖੜ੍ਹੇ ਪ੍ਰਸ਼ੰਸਕ ਤਾੜੀਆਂ ਮਾਰ ਰਹੇ ਸਨ ਅਤੇ ਟੀਮ ਲਈ ਨਾਅਰੇ ਲਗਾ ਰਹੇ ਸਨ। ਆਰਸੀਬੀ ਨੇ ਮੰਗਲਵਾਰ ਨੂੰ ਪੰਜਾਬ ਕਿੰਗਜ਼ ਨੂੰ 6 ਦੌੜਾਂ ਨਾਲ ਹਰਾ ਕੇ 18 ਸਾਲਾਂ ਵਿੱਚ ਪਹਿਲੀ ਵਾਰ ਆਈਪੀਐਲ ਦਾ ਖਿਤਾਬ ਜਿੱਤਿਆ। ਮੁੱਖ ਮੰਤਰੀ ਨੂੰ ਮਿਲਣ ਤੋਂ ਬਾਅਦ ਟੀਮ ਦੀ ਜਿੱਤ ਪਰੇਡ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਆਯੋਜਿਤ ਕੀਤੀ ਜਾਣੀ ਸੀ।
- PTC NEWS